ਆਪਣੇ ਬੱਚਿਆਂ ਨਾਲ ਪੜ੍ਹੋ
ਬ੍ਰਾਜ਼ੀਲ ਦੇ ਵੇਜ਼ਾ ਰਸਾਲੇ ਦੇ ਅਨੁਸਾਰ, ਪੜ੍ਹਨ ਵਿਚ ਮਗਨ ਰਹਿਣ ਵਾਲੇ ਮਾਪਿਆਂ ਦੇ ਬੱਚੇ ਸ਼ਾਇਦ ਕਿਤਾਬਾਂ ਵਿਚ ਉਨ੍ਹਾਂ ਬੱਚਿਆਂ ਨਾਲੋਂ ਜ਼ਿਆਦਾ ਸ਼ੌਕ ਰੱਖਣ ਜਿਨ੍ਹਾਂ ਕੋਲ ਘਰ ਵਿਚ ਪੜ੍ਹਨ ਦੀ ਕੋਈ ਮਿਸਾਲ ਨਹੀਂ। ਬੱਚਿਆਂ ਦੇ ਵਿਕਾਸ ਦੀ ਇਕ ਮਾਹਰ, ਮਾਰਥਾ ਹੋਪ ਨੋਟ ਕਰਦੀ ਹੈ ਕਿ “ਇਕੱਠੇ ਬੈਠ ਕੇ ਪੜ੍ਹਨਾ, ਮਾਪਿਆਂ ਅਤੇ ਬੱਚਿਆਂ ਦੇ ਦਰਮਿਆਨ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ ਅਤੇ ਬੱਚੇ ਨੂੰ ਕਿਤਾਬ ਵਿਚ ਪਾਈਆਂ ਗਈਆਂ ਗੱਲਾਂ ਹੋਰ ਚੰਗੀ ਤਰ੍ਹਾਂ ਸਮਝਣ ਦੀ ਮਦਦ ਕਰਦਾ ਹੈ।”
ਆਪਣੇ ਬੱਚਿਆਂ ਨੂੰ ਪੜ੍ਹ ਕੇ ਸੁਣਾਉਣਾ ਤੁਹਾਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਦਾ ਮੌਕਾ ਵੀ ਦਿੰਦਾ ਹੈ। ਤੁਸੀਂ ਪੜ੍ਹਨ ਦੇ ਨਾਲ-ਨਾਲ ਕਿਤਾਬ ਵਿਚ ਦਿੱਤੀਆਂ ਗਈਆਂ ਤਸਵੀਰਾਂ ਬਾਰੇ ਵੀ ਗੱਲਬਾਤ ਕਰ ਸਕਦੇ ਹੋ। ਹੋਪ ਕਹਿੰਦੀ ਹੈ ਕਿ “ਬੱਚਾ ਜਿੰਨਾ ਜ਼ਿਆਦਾ ਕਿਤਾਬਾਂ ਵਿਚ ਪਾਈਆਂ ਗਈਆਂ ਗੱਲਾਂ ਨੂੰ ਸਮਝਦਾ ਹੈ ਉਹ ਉੱਨਾ ਹੀ ਜ਼ਿਆਦਾ ਸ਼ੌਕ ਨਾਲ ਕਿਤਾਬਾਂ ਪੜ੍ਹੇਗਾ ਜਦੋਂ ਉਹ ਕੁਝ ਜਾਣਨਾ ਚਾਹੁੰਦਾ ਹੈ।”
ਯਹੋਵਾਹ ਦੇ ਗਵਾਹਾਂ ਵਿਚਕਾਰ ਕਈ ਮਾਪੇ ਆਪਣੇ ਬੱਚਿਆਂ ਨਾਲ ਪੜ੍ਹਨਾ ਪਸੰਦ ਕਰਦੇ ਹਨ। ਉਹ ਸ਼ਾਇਦ ਅਜਿਹੇ ਪ੍ਰਕਾਸ਼ਨ ਪੜ੍ਹਨ ਜਿਵੇਂ ਕਿ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ, ਮਹਾਨ ਸਿੱਖਿਅਕ ਦੀ ਸੁਣੋ, ਅਤੇ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ।a ਅਜਿਹੀਆਂ ਕਿਤਾਬਾਂ ਨਾ ਸਿਰਫ਼ ਬੱਚਿਆਂ ਨੂੰ ਚੰਗੇ ਪੜ੍ਹਨ ਵਾਲੇ ਬਣਨ ਦੀ ਮਦਦ ਦਿੰਦੀਆਂ ਹਨ ਪਰ ਦੁਨੀਆਂ ਦੀ ਸਭ ਤੋਂ ਵੱਧ ਵਿਕੀ ਅਤੇ ਵੰਡੀ ਗਈ ਕਿਤਾਬ, ਪਵਿੱਤਰ ਬਾਈਬਲ, ਵਿਚ ਵੀ ਉਨ੍ਹਾਂ ਦੀ ਦਿਲਚਸਪੀ ਵਧਾਉਂਦੀਆਂ ਹਨ। ਇਸ ਲਈ, ਜੇਕਰ ਤੁਸੀਂ ਮਾਪੇ ਹੋ, ਤਾਂ ਪਰਮੇਸ਼ੁਰ ਦੇ ਬਚਨ ਦੇ ਚੰਗੇ ਪੜ੍ਹਨ ਵਾਲੇ ਬਣਨ ਦੁਆਰਾ ਆਪਣੇ ਬੱਚਿਆਂ ਲਈ ਇਕ ਚੰਗੀ ਮਿਸਾਲ ਕਾਇਮ ਕਰੋ। (ਯਹੋਸ਼ੁਆ 1:7, 8) ਅਤੇ ਉਨ੍ਹਾਂ ਨਾਲ ਪੜ੍ਹਨ ਲਈ ਜ਼ਰੂਰ ਸਮਾਂ ਕੱਢੋ!
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।