ਹਾਰ-ਸ਼ਿੰਗਾਰ ਨਾਲੋਂ ਇਕ ਹੋਰ ਵੀ ਵਧੀਆ ਚੀਜ਼
“ਬਾਹਰੀ ਚੀਜ਼ਾਂ” ਦਾ ਜ਼ਿਕਰ ਕਰਨ ਤੋਂ ਬਾਅਦ, ਜੋ ਔਰਤਾਂ ਹੋਰ ਵੀ ਸੋਹਣੀਆਂ ਲੱਗਣ ਲਈ ਵਰਤਦੀਆਂ ਸਨ, ਪਤਰਸ ਰਸੂਲ ਨੇ ਸਲਾਹ ਦਿੱਤੀ: ‘ਸਗੋਂ ਤੁਹਾਡੀ ਸੁੰਦਰਤਾ ਤੁਹਾਡੇ ਅੰਦਰਲੇ ਗੁਣਾਂ, ਅਰਥਾਤ ਦੀਨਤਾ ਅਤੇ ਸ਼ਾਂਤ ਸੁਭਾ ਤੇ ਨਿਰਭਰ ਹੋਣੀ ਚਾਹੀਦੀ ਹੈ। ਇਹ ਪਰਮੇਸ਼ੁਰ ਦੇ ਸਾਹਮਣੇ ਬਹੁਮੁੱਲੀ ਹੈ।’—1 ਪਤਰਸ 3:3, 4, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਇਹ ਦਿਲਚਸਪੀ ਦੀ ਗੱਲ ਹੈ ਕਿ ਜਦੋਂ ਰਸੂਲ ਨੇ ਅਜਿਹੇ ਬਾਹਰੀ ਸ਼ਿੰਗਾਰ ਬਾਰੇ ਲਿਖਿਆ ਸੀ, ਉਸ ਨੇ ਯੂਨਾਨੀ ਸ਼ਬਦ ਕਾਸਮਾਸ ਦਾ ਇਕ ਰੂਪ ਵਰਤਿਆ ਸੀ। ਅੰਗ੍ਰੇਜ਼ੀ ਸ਼ਬਦ “ਕਾਸਮੈਟਿਕ” ਵੀ ਇਸ ਸ਼ਬਦ ਤੋਂ ਹੀ ਬਣਿਆ ਹੈ, ਅਤੇ ਇਸ ਦਾ ਅਰਥ ਹੈ ‘ਸੁੰਦਰਤਾ ਲਈ ਸ਼ਿੰਗਾਰ, ਖ਼ਾਸ ਕਰਕੇ ਚਿਹਰੇ ਦੇ ਰੰਗ-ਰੂਪ ਲਈ।’ ਕੀ ਪਤਰਸ ਮਸੀਹੀ ਔਰਤਾਂ ਨੂੰ ਮੇਕ-ਅੱਪ ਜਾਂ ਸੁੰਦਰਤਾ ਦੀਆਂ ਦੂਜੀਆਂ ਚੀਜ਼ਾਂ ਲਾਉਣ ਤੋਂ ਰੋਕ ਰਿਹਾ ਸੀ? ਪਰਮੇਸ਼ੁਰ ਦੇ ਬਚਨ ਵਿਚ ਇਸ ਦਾ ਕੋਈ ਸਬੂਤ ਨਹੀਂ ਪਾਇਆ ਜਾਂਦਾ ਹੈ। ਸਗੋਂ, ਇਸ ਮਾਮਲੇ ਵਿਚ ਇਹ ਨਿੱਜੀ ਫ਼ੈਸਲੇ ਕਰਨ ਦਿੰਦਾ ਹੈ, ਜਿਸ ਕਰਕੇ ਅਸੀਂ ਫ਼ਰਕ-ਫ਼ਰਕ ਦੀਆਂ ਪਸੰਦਾਂ ਦੇਖਦੇ ਹਾਂ।
ਪਰ, ਜੇਕਰ ਮੇਕ-ਅੱਪ ਜ਼ਿਆਦਾ ਲਗਾਇਆ ਜਾਂਦਾ ਹੈ, ਜਾਂ ਇਸ ਦੀ ਅਧਿਕ ਵਰਤੋਂ ਦੂਜਿਆਂ ਨੂੰ ਪਰੇਸ਼ਾਨ ਕਰਦੀ ਹੈ, ਤਾਂ ਲੋਕ ਕੀ ਸੋਚਣਗੇ? ਕੀ ਉਹ ਇਹ ਨਹੀਂ ਸੋਚਣਗੇ ਕਿ ਤੁਸੀਂ ਦਿਖਾਵਟੀ, ਨੁਮਾਇਸ਼ੀ, ਠਾਠ-ਬਾਠ ਵਾਲੇ, ਜਾਂ ਹੰਕਾਰੀ ਹੋ? ਅਸਲ ਵਿਚ ਇਹ ਇਕ ਔਰਤ ਦੀ ਦਿੱਖ ਨੂੰ ਘਟੀਆ ਬਣਾ ਸਕਦਾ ਹੈ, ਸ਼ਾਇਦ ਉਸ ਦੇ ਚਾਲ-ਚਲਣ ਉੱਤੇ ਵੀ ਸ਼ੱਕ ਪਾ ਸਕਦਾ ਹੈ।—ਹਿਜ਼ਕੀਏਲ 23:36-42 ਦੀ ਤੁਲਨਾ ਕਰੋ।
ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ, ਜੇਕਰ ‘ਪਰਮੇਸ਼ੁਰ ਦੀ ਭਗਤੀ ਨੂੰ ਮੰਨਣ ਵਾਲੀ’ ਕੋਈ ਔਰਤ ਮੇਕ-ਅੱਪ ਦੀ ਵਰਤੋ ਕਰਦੀ ਹੈ, ਉਹ ਕੋਸ਼ਿਸ਼ ਕਰੇਗੀ ਕਿ ਉਸ ਦਾ ਚਿਹਰਾ ਸਿਆਣਪ, ਨਿਮਰਤਾ, ਦਿਆਲਗੀ, ਅਤੇ ਸੰਜਮ ਦੀਆਂ ਨਿਸ਼ਾਨੀਆਂ ਪ੍ਰਗਟ ਕਰਦਾ ਹੈ। ਅਜਿਹੇ ਗੁਣ ਉਸ ਦੇ ਹੁਸਨ ਅਤੇ ਉਸ ਦੀ ਮਨੋਹਰਤਾ ਨੂੰ ਵਧਾਉਣਗੇ। ਅਸਲ ਵਿਚ, ਚਾਹੇ ਉਹ ਮੇਕ-ਅੱਪ ਲਾਉਂਦੀ ਹੈ ਜਾਂ ਨਹੀਂ, ਉਹ ਮਾਣ ਅਤੇ ਅੰਦਰਲੀ ਸੁੰਦਰਤਾ ਦਿਖਾਵੇਗੀ। ਇਹ ਉਸ ਦੀ ਸਮਝਦਾਰੀ ਪ੍ਰਗਟ ਕਰੇਗਾ, ਠੀਕ ਜਿਵੇਂ ਪਤਰਸ ਦੇ ਉੱਪਰ ਲਿਖੇ ਗਏ ਸ਼ਬਦ ਦਿਖਾਉਂਦੇ ਹਨ ਕਿ ਹਾਰ-ਸ਼ਿੰਗਾਰ ਨਾਲੋਂ ਇਕ ਹੋਰ ਵੀ ਵਧੀਆ ਚੀਜ਼ ਹੈ।—1 ਤਿਮੋਥਿਉਸ 2:9, 10.