ਚੰਗੇ ਦੋਸਤ ਚੁਣਨ ਲਈ ਮਦਦ
ਰੀਡਰਸ ਡਾਈਜੈੱਸਟ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਨੌਜਵਾਨ ਪਹਿਰਾਵੇ ਅਤੇ ਸੰਗੀਤ ਬਾਰੇ ਅਗਵਾਈ ਲਈ ਆਪਣੇ ਮਾਪਿਆਂ ਦੀ ਬਜਾਇ ਆਪਣੇ ਹਾਣੀਆਂ ਵੱਲ ਦੇਖਦੇ ਹਨ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਮਾਪੇ ਜਾਣਨ ਕਿ ਉਨ੍ਹਾਂ ਦੇ ਬੱਚੇ ਕਿਨ੍ਹਾਂ ਨਾਲ ਸੰਗਤ ਰੱਖਦੇ ਹਨ ਅਤੇ ਕਿੱਥੇ ਜਾਂਦੇ ਹਨ।
ਦੱਖਣੀ ਅਫ਼ਰੀਕਾ ਦੀ ਇਕ ਯੂਨੀਵਰਸਿਟੀ ਵਿਚ ਮਨੋਵਿਗਿਆਨ ਦੇ ਵਿਭਾਗ ਵਿਚ ਸੀਨੀਅਰ ਭਾਸ਼ਣਕਾਰ, ਏਜ਼ਮਈ ਵੈਨ ਰੇਨਸਬਰਗ ਕਹਿੰਦੀ ਹੈ ਕਿ “ਛਾਣ-ਬੀਣ ਕਰਨੀ ਤੁਹਾਡੀ ਜ਼ਿੰਮੇਵਾਰੀ ਹੈ।” ਉਹ ਅੱਗੇ ਕਹਿੰਦੀ ਹੈ: “ਹੋ ਸਕਦਾ ਹੈ ਕਿ ਤੁਹਾਡੇ ਬੱਚੇ ਤੁਹਾਡੇ ਨਾਲ ਖਿਝ ਜਾਣ ਪਰ ਉਹ ਆਪੇ ਹੀ ਸ਼ਾਂਤ ਹੋ ਜਾਣਗੇ।” ਫਿਰ ਉਹ ਮਾਪਿਆਂ ਨੂੰ ਹੇਠ ਦਿੱਤੀ ਗਈ ਸਲਾਹ ਦਿੰਦੀ ਹੈ। ਘਰ ਦੇ ਅਸੂਲ ਸਮਝਦਾਰੀ ਨਾਲ ਬਣਾਏ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਲਈ ਪੱਕੇ ਆਧਾਰ ਹੋਣੇ ਚਾਹੀਦੇ ਹਨ; ਆਪਣੇ ਬੱਚੇ ਦੀ ਗੱਲ ਸੁਣੋ; ਗੁੱਸੇ ਹੋਣ ਦੀ ਬਜਾਇ ਸ਼ਾਂਤ ਰਹੋ ਅਤੇ ਕੁਝ ਵੀ ਕਹਿਣ ਤੋਂ ਪਹਿਲਾਂ ਸੋਚੋ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਜੇਕਰ ਤੁਹਾਡੇ ਬੱਚੇ ਨੇ ਕਿਸੇ ਅਜਿਹੇ ਵਿਅਕਤੀ ਨਾਲ ਦੋਸਤੀ ਕਰ ਲਈ ਹੈ ਜੋ ਚੰਗਾ ਨਹੀਂ ਹੈ, ਤਾਂ ਉਸ ਨਾਲ ਮੇਲ-ਜੋਲ ਰੱਖਣ ਤੋਂ ਸਿਰਫ਼ ਮਨ੍ਹਾ ਕਰਨ ਦੀ ਬਜਾਇ, ਉਸ ਬੁਰੇ ਚਾਲ-ਚਲਣ ਵੱਲ ਧਿਆਨ ਦਿਓ ਜੋ ਇਸ ਦੋਸਤੀ ਕਾਰਨ ਤੁਹਾਡੇ ਬੱਚੇ ਵਿਚ ਪ੍ਰਗਟ ਹੋਇਆ ਹੈ।
ਮਾਪਿਆਂ ਲਈ ਬਹੁਤ ਸਮੇਂ ਪਹਿਲਾਂ ਤੋਂ ਪਰਮੇਸ਼ੁਰ ਦੇ ਬਚਨ, ਬਾਈਬਲ, ਵਿਚ ਵਧੀਆ ਸਲਾਹ ਪੇਸ਼ ਕੀਤੀ ਗਈ ਹੈ। ਮਿਸਾਲ ਲਈ, ਉਹ ਕਹਿੰਦੀ ਹੈ: ‘ਸੁਣਨ ਵਿੱਚ ਕਾਹਲੇ ਅਤੇ ਬੋਲਣ ਵਿੱਚ ਧੀਰੇ ਅਤੇ ਕ੍ਰੋਧ ਵਿੱਚ ਵੀ ਧੀਰੇ ਹੋਵੋ।’ (ਯਾਕੂਬ 1:19) ਦੋਸਤਾਂ ਦੀ ਚੋਣ ਕਰਨ ਵਿਚ ਬਾਈਬਲ ਇਹ ਵੀ ਵਧੀਆ ਸਲਾਹ ਦਿੰਦੀ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾਉਤਾਂ 13:20) ਇਹ ਮਿਸਾਲਾਂ ਉਹ ਬੁੱਧ ਦਿਖਾਉਂਦੀਆਂ ਹਨ ਜੋ ਬਾਈਬਲ ਨੂੰ ਲਗਨ ਨਾਲ ਪੜ੍ਹਨ ਵਾਲਿਆਂ ਨੂੰ ਅਤੇ ਆਪਣੇ ਰੋਜ਼ਾਨਾ ਜੀਵਨ ਵਿਚ ਉਸ ਦੀਆਂ ਲਿਖੀਆਂ ਗੱਲਾਂ ਨੂੰ ਲਾਗੂ ਕਰਨ ਵਾਲਿਆਂ ਨੂੰ ਮਿਲ ਸਕਦੀ ਹੈ।