ਜਾਤੀਵਾਦ ਅਤੇ ਧਰਮ
“ਜਦੋਂ ਮੈਂ ਸੰਨ 1978 ਵਿਚ ਅਮਰੀਕਾ ਆਇਆ, ਤਾਂ ਮੈਂ ਸੋਚਿਆ ਕਿ ਅਮਰੀਕਾ ਦੀਆਂ ਜਾਤੀਵਾਦ ਦੀਆਂ ਸਮੱਸਿਆਵਾਂ ਕਾਫ਼ੀ ਚਿਰ ਪਹਿਲਾਂ ਹੀ ਖ਼ਤਮ ਹੋ ਚੁੱਕੀਆਂ ਹੋਣਗੀਆਂ ਕਿ ਕਾਲੇ ਲੋਕ ਵੀ ਬਰਾਬਰ ਦੇ ਨਾਗਰਿਕ ਸਨ,” ਇਹ ਗੱਲ ਦੱਖਣੀ ਅਫ਼ਰੀਕਾ ਵਿਚ ਜੰਮੇ-ਪਲੇ ਇਕ ਲੇਖਕ, ਮਾਰਕ ਮਾਟਾਬਾਨੇ ਨੇ ਟਾਈਮ ਰਸਾਲੇ ਦੁਆਰਾ ਲਈ ਗਈ ਇਕ ਇੰਟਰਵਿਊ ਵਿਚ ਕਹੀ। “ਕਾਫ਼ੀ ਹੱਦ ਤਕ ਇਹ ਗੱਲ ਮੈਨੂੰ ਸੱਚ ਵੀ ਲੱਗੀ। ਮੈਨੂੰ ਲੱਗਦਾ ਸੀ ਕਿ ਅਮਰੀਕਾ, ਦੱਖਣੀ ਅਫ਼ਰੀਕਾ ਨਾਲੋਂ ਲਗਭਗ ਸੌ ਸਾਲ ਅੱਗੇ ਨਿਕਲ ਚੁੱਕਾ ਹੈ। ਪਰ ਤਦ ਮੈਨੂੰ ਇਹ ਦੇਖ ਕੇ ਬਹੁਤ ਧੱਕਾ ਲੱਗਾ ਕਿ ਅਜੇ ਵੀ ਲੋਕਾਂ ਦੀਆਂ ਸੋਚਾਂ ਵਿਚ ਕੋਈ ਖ਼ਾਸ ਤਬਦੀਲੀ ਨਹੀਂ ਆਈ ਸੀ।” ਉਸ ਨੇ ਅਜਿਹਾ ਕੀ ਖ਼ਾਸ ਦੇਖਿਆ ਸੀ?
“ਅਮਰੀਕਾ ਵਿਚ ਐਤਵਾਰ ਨੂੰ ਸਵੇਰੇ 11 ਵਜੇ ਲੋਕਾਂ ਵਿਚ ਸਭ ਤੋਂ ਜ਼ਿਆਦਾ ਭੇਦ-ਭਾਵ ਦੇਖਣ ਨੂੰ ਮਿਲਦਾ ਹੈ,” ਮਾਟਾਬਾਨੇ ਨੇ ਕਿਹਾ। ਉਸ ਨੇ ਦੇਖਿਆ ਕਿ ਚਰਚ ਵਿਚ ਵੀ, ਇਕ ਜਾਤ ਦੇ ਲੋਕ ਦੂਸਰੀ ਜਾਤ ਦੇ ਲੋਕਾਂ ਨਾਲ ਇਕੱਠੇ ਮਿਲ ਕੇ ਉਪਾਸਨਾ ਕਰਨ ਲਈ ਤਿਆਰ ਨਹੀਂ ਸਨ। ਉਸ ਨੇ ਕਿਹਾ, “ਜੇ ਉਹ ਇਸ ਦਿਨ ਇੰਜ ਕਰਦੇ ਹਨ ਤਾਂ ਹਫ਼ਤੇ ਦੇ ਬਾਕੀ ਦਿਨਾਂ ਤੇ ਉਹ ਕਿਵੇਂ ਮਹਿਸੂਸ ਕਰਦੇ ਹੋਣਗੇ?” ਤਬਦੀਲੀ ਲਿਆਉਣ ਲਈ ਸਿੱਖਿਆ ਦੀ ਲੋੜ ਬਾਰੇ ਗੱਲ ਕਰਦੇ ਹੋਏ ਮਾਟਾਬਾਨੇ ਨੇ ਕਿਹਾ: “ਸਿੱਖਿਆ ਰਾਹੀਂ ਲੋਕਾਂ ਨੂੰ ਇਸ ਗੱਲ ਨੂੰ ਸਵੀਕਾਰ ਕਰਨਾ ਸਿਖਾਇਆ ਜਾਂਦਾ ਹੈ ਕਿ ਸਾਰੇ ਇਨਸਾਨ ਬਰਾਬਰ ਹਨ।”
ਯਹੋਵਾਹ ਦੇ ਗਵਾਹ ਇਸ ਗੱਲ ਨਾਲ ਸਹਿਮਤ ਹਨ ਕਿ ਸਿੱਖਿਆ ਇਸ ਸਮੱਸਿਆ ਦਾ ਹੱਲ ਹੈ, ਪਰ ਉਹ ਖ਼ਾਸ ਤੌਰ ਤੇ ਉਹ ਸਿੱਖਿਆ ਦੇਣ ਦੀ ਸਲਾਹ ਦਿੰਦੇ ਹਨ ਜੋ ਪਰਮੇਸ਼ੁਰ ਦੇ ਬਚਨ ਤੇ ਆਧਾਰਿਤ ਹੈ। ਜੀ ਹਾਂ, ਬਾਈਬਲ ਨਸਲੀ ਪੱਖਪਾਤ ਦੀ ਦੀਵਾਰ ਨੂੰ ਤੋੜਨ ਵਿਚ ਲੋਕਾਂ ਦੀ ਮਦਦ ਕਰਦੀ ਹੈ—ਇੱਥੋਂ ਤਕ ਕਿ ਉਨ੍ਹਾਂ ਦੇਸ਼ਾਂ ਵਿਚ ਵੀ ਜਿੱਥੇ ਨਸਲੀ ਨਫ਼ਰਤ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਹਰ ਹਫ਼ਤੇ ਉਨ੍ਹਾਂ ਦੇ ਰਾਜ ਗ੍ਰਹਿਆਂ ਵਿਚ, ਹਰ ਜਾਤ ਅਤੇ ਹਰ ਕੌਮ ਦੇ ਲੋਕ ਪਰਮੇਸ਼ੁਰ ਦੇ ਬਚਨ, ਬਾਈਬਲ ਦੇ ਨਿਯਮਾਂ ਅਤੇ ਸਿਧਾਂਤਾਂ ਦੀ ਸਿੱਖਿਆ ਪ੍ਰਾਪਤ ਕਰਨ ਲਈ ਇਕੱਠੇ ਹੁੰਦੇ ਹਨ। ਇਨ੍ਹਾਂ ਸਭਾਵਾਂ ਵਿਚ ਕੋਈ ਚੰਦਾ ਨਹੀਂ ਲਿਆ ਜਾਂਦਾ। ਇਨ੍ਹਾਂ ਸਭਾਵਾਂ ਵਿਚ ਆਉਣ ਲਈ ਤੁਹਾਡਾ ਸੁਆਗਤ ਹੈ!