“ਜੇ ਲੂਣ ਬੇਸੁਆਦ ਹੋ ਜਾਵੇ”
ਇਸ ਲਈ ਯੁੱਧ ਲੜੇ ਗਏ ਹਨ। ਇਸ ਨੂੰ ਵਪਾਰ ਕਰਨ ਵਿਚ ਇਸਤੇਮਾਲ ਕੀਤਾ ਗਿਆ ਸੀ। ਪ੍ਰਾਚੀਨ ਚੀਨ ਵਿਚ ਇਸ ਨਾਲੋਂ ਸਿਰਫ਼ ਸੋਨਾ ਜ਼ਿਆਦਾ ਕੀਮਤੀ ਸਮਝਿਆ ਜਾਂਦਾ ਸੀ। ਜੀ ਹਾਂ, ਸਦੀਆਂ ਤੋਂ ਮਨੁੱਖਾਂ ਨੇ ਲੂਣ ਨੂੰ ਇਕ ਬਹੁਤ ਹੀ ਕੀਮਤੀ ਪਦਾਰਥ ਸਮਝਿਆ ਹੈ। ਅੱਜ ਤਕ ਵੀ, ਇਹ ਇਲਾਜ ਕਰਨ ਅਤੇ ਜ਼ਖ਼ਮਾਂ ਨੂੰ ਸਾਫ਼ ਰੱਖਣ ਵਾਲੇ ਗੁਣਾਂ ਲਈ ਜਾਣਿਆ ਜਾਂਦਾ ਹੈ, ਅਤੇ ਇਸ ਨੂੰ ਸੰਸਾਰ ਭਰ ਵਿਚ ਖਾਣੇ ਨੂੰ ਸੁਆਦ ਦੇਣ ਲਈ ਅਤੇ ਉਸ ਨੂੰ ਖ਼ਰਾਬੀ ਤੋਂ ਬਚਾਉਣ ਲਈ ਵਰਤਿਆ ਜਾਂਦਾ ਹੈ।
ਲੂਣ ਦੇ ਚੰਗੇ ਗੁਣਾਂ ਅਤੇ ਪ੍ਰਯੋਗਾਂ ਨੂੰ ਧਿਆਨ ਵਿਚ ਰੱਖਦਿਆਂ, ਅਸੀਂ ਸਮਝ ਸਕਦੇ ਹਾਂ ਕਿ ਬਾਈਬਲ ਵਿਚ ਇਸ ਨੂੰ ਲਾਖਣਿਕ ਤੌਰ ਤੇ ਕਿਉਂ ਵਰਤਿਆ ਗਿਆ ਹੈ। ਉਦਾਹਰਣ ਲਈ, ਮੂਸਾ ਦੀ ਬਿਵਸਥਾ ਦੇ ਅਧੀਨ ਜਗਵੇਦੀ ਦੇ ਉੱਤੇ ਜੋ ਵੀ ਚੜ੍ਹਾਵਾ ਯਹੋਵਾਹ ਨੂੰ ਚੜ੍ਹਾਇਆ ਜਾਂਦਾ ਸੀ ਉਸ ਵਿਚ ਲੂਣ ਰਲਾਉਣਾ ਪੈਂਦਾ ਸੀ। (ਲੇਵੀਆਂ 2:13) ਇਹ ਬਲੀਆਂ ਨੂੰ ਜ਼ਿਆਦਾ ਸੁਆਦ ਦੇਣ ਲਈ ਨਹੀਂ ਸੀ ਕੀਤਾ ਜਾਂਦਾ, ਪਰ ਸੰਭਵ ਹੈ ਕਿ ਇਹ ਇਸ ਲਈ ਕੀਤਾ ਜਾਂਦਾ ਸੀ ਕਿਉਂਕਿ ਲੂਣ ਭ੍ਰਿਸ਼ਟਤਾ ਜਾਂ ਬਰਬਾਦੀ ਤੋਂ ਆਜ਼ਾਦੀ ਨੂੰ ਦਰਸਾਉਂਦਾ ਸੀ।
ਆਪਣੇ ਪ੍ਰਸਿੱਧ ਪਹਾੜੀ ਉਪਦੇਸ਼ ਵਿਚ, ਯਿਸੂ ਮਸੀਹ ਨੇ ਆਪਣਿਆਂ ਚੇਲਿਆਂ ਨੂੰ ਕਿਹਾ: “ਤੁਸੀਂ ਧਰਤੀ ਦੇ ਲੂਣ ਹੋ।” (ਮੱਤੀ 5:13) ਯਿਸੂ ਦਾ ਇਹ ਕਹਿਣ ਦਾ ਮਤਲਬ ਸੀ ਕਿ ਪਰਮੇਸ਼ੁਰ ਦੇ ਰਾਜ ਬਾਰੇ ਦੂਸਰਿਆਂ ਨੂੰ ਪ੍ਰਚਾਰ ਕਰਨ ਦੁਆਰਾ ਉਨ੍ਹਾਂ ਦੇ ਸੁਣਨ ਵਾਲਿਆਂ ਉੱਤੇ ਇਕ ਅਜਿਹਾ ਪ੍ਰਭਾਵ ਪਵੇਗਾ ਜੋ ਸ਼ਾਇਦ ਉਨ੍ਹਾਂ ਦੀਆਂ ਜਾਨਾਂ ਬਚਾ ਸਕੇ। ਵਾਕਈ, ਯਿਸੂ ਦੀ ਗੱਲ ਲਾਗੂ ਕਰਨ ਵਾਲਿਆਂ ਨੂੰ ਉਸ ਸਮਾਜ ਦੀ ਨੈਤਿਕ ਅਤੇ ਰੂਹਾਨੀ ਬਰਬਾਦੀ ਤੋਂ ਰੱਖਿਆ ਮਿਲਦੀ ਜਿਸ ਵਿਚ ਉਹ ਰਹਿ ਕੇ ਸੇਵਾ ਕਰ ਰਹੇ ਸਨ।—1 ਪਤਰਸ 4:1-3.
ਲੇਕਿਨ, ਯਿਸੂ ਨੇ ਅੱਗੇ ਚੇਤਾਵਨੀ ਦਿੱਤੀ: “ਪਰ ਜੇ ਲੂਣ ਬੇਸੁਆਦ ਹੋ ਜਾਵੇ . . . ਉਹ ਫੇਰ ਕਿਸੇ ਕੰਮ ਦਾ ਨਹੀਂ ਪਰ ਇਹ ਕਿ ਬਾਹਰ ਸੁੱਟਿਆ ਅਤੇ ਮਨੁੱਖਾਂ ਦੇ ਪੈਰਾਂ ਹੇਠ ਮਿੱਧਿਆ ਜਾਵੇ।” ਇਸ ਉੱਤੇ ਟਿੱਪਣੀ ਕਰਦੇ ਹੋਏ, ਬਾਈਬਲ ਦੇ ਵਿਦਵਾਨ ਐਲਬਰਟ ਬਾਰਨਜ਼ ਨੇ ਕਿਹਾ ਕਿ ਜੋ ਲੂਣ ਯਿਸੂ ਅਤੇ ਉਸ ਦੇ ਚੇਲਿਆਂ ਦੁਆਰਾ ਵਰਤਿਆ ਜਾਂਦਾ ਸੀ ਉਹ “ਖਰਾ ਨਹੀਂ ਸੀ, ਉਸ ਵਿਚ ਤੂੜੀ ਅਤੇ ਮਿੱਟੀ ਦੀ ਮਿਲਾਵਟ ਸੀ।” ਤਾਂ ਫਿਰ ਜੇਕਰ ਲੂਣ ਬੇਸੁਆਦ ਹੋ ਜਾਵੇ, ਤਾਂ ਇਸ ਦਾ ਮਤਲਬ ਸੀ ਕਿ “ਕਾਫ਼ੀ ਮਿੱਟੀ” ਸ਼ਾਇਦ ਉਸ ਵਿਚ ਹਾਲੇ ਬਾਕੀ ਰਹਿ ਗਈ ਹੈ। ਬਾਰਨਜ਼ ਨੋਟ ਕਰਦਾ ਹੈ ਕਿ ‘ਜਿਵੇਂ ਅਸੀਂ ਰੋੜੀ ਵਿਛਾਉਂਦੇ ਹਾਂ ਇਹ ਰਸਤਿਆਂ ਜਾਂ ਸੜਕਾਂ ਤੇ ਸੁੱਟਣ ਦੇ ਸਿਵਾਇ ਹੋਰ ਕਿਸੇ ਕੰਮ ਦਾ ਨਹੀਂ ਸੀ।’
ਇਸ ਚੇਤਾਵਨੀ ਵੱਲ ਧਿਆਨ ਦਿੰਦੇ ਹੋਏ, ਮਸੀਹੀਆਂ ਨੂੰ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਪ੍ਰਚਾਰ ਕਰਨ ਤੋਂ ਕਿਤੇ ਹਟ ਨਾ ਜਾਣ ਜਾਂ ਬੁਰਿਆਂ ਕੰਮਾਂ ਵਿਚ ਮੁੜ ਕੇ ਨਾ ਫਸ ਜਾਣ। ਵਰਨਾ ਉਹ ਰੂਹਾਨੀ ਤੌਰ ਤੇ ਬਰਬਾਦ ਹੋ ਕੇ ਬੇਕਾਰ ਹੋ ਸਕਦੇ ਹਨ, ਠੀਕ ਉਸ ‘ਲੂਣ ਵਾਂਗ ਜੋ ਬੇਸੁਆਦ ਹੋ ਗਿਆ ਹੈ।’