“ਇਕ ਦਿਲਕਸ਼ ਪਤਨੀ ਦਾ ਖ਼ੁਸ਼ ਪਤੀ”
ਕਦੇ ਕਦੇ, ਕੁਝ ਲੋਕ ਸਿੱਧੇ ਹੀ ਯਹੋਵਾਹ ਦੇ ਗਵਾਹਾਂ ਉੱਤੇ ਇਹ ਦੋਸ਼ ਲਾਉਂਦੇ ਹਨ ਕਿ ਉਨ੍ਹਾਂ ਦੇ ਕਾਰਨ ਹੀ ਵਿਆਹ ਟੁੱਟਦੇ ਹਨ। ਪਰ, ਬਹੁਤ ਸਾਰੇ ਸਫ਼ਲ ਵਿਆਹ, ਜਿੱਥੇ ਪਤੀ-ਪਤਨੀ ਵਿੱਚੋਂ ਸਿਰਫ਼ ਇਕ ਜਣਾ ਹੀ ਯਹੋਵਾਹ ਦਾ ਗਵਾਹ ਹੈ, ਦਿਖਾਉਂਦੇ ਹਨ ਕਿ ਇਹ ਨਿਰਾ ਝੂਠ ਹੈ। ਪਰਿਵਾਰਕ ਜ਼ਿੰਦਗੀ ਵਿਚ ਬਾਈਬਲ ਦੀ ਸਲਾਹ ਲਾਗੂ ਕਰਨ ਨਾਲ ਵਿਆਹੁਤਾ ਜੀਵਨ ਸੁਖੀ ਹੁੰਦਾ ਹੈ, ਜਿਸ ਦਾ ਸਬੂਤ ਫ਼ਰਾਂਸ ਦੇ ਇਕ ਅਖ਼ਬਾਰ ਵਿਚ ਛਪੇ ਇਸ ਪੱਤਰ ਤੋਂ ਮਿਲਦਾ ਹੈ।
“ਲਗਭਗ 28 ਸਾਲਾਂ ਤੋਂ ਮੈਂ ਇਕ ਦਿਲਕਸ਼ ਪਤਨੀ ਦਾ ਖ਼ੁਸ਼ ਪਤੀ ਰਿਹਾ ਹਾਂ ਜੋ ਇਕ ਯਹੋਵਾਹ ਦੀ ਗਵਾਹ ਹੈ। ਉਸ ਨੇ ਮੇਰੇ ਪੰਜ ਬੱਚਿਆਂ ਨੂੰ, ਜਿਨ੍ਹਾਂ ਵਿੱਚੋਂ ਦੋ ਬੱਚੇ ਉਸ ਦੇ ਆਪਣੇ ਨਹੀਂ ਹਨ, ਬਰਾਬਰ ਦੀ ਦੇਖ-ਭਾਲ ਅਤੇ ਬਹੁਤ ਲਾਡ-ਪਿਆਰ ਨਾਲ ਪਾਲਿਆ ਹੈ। ਇਸ ਸਮੇਂ ਮੈਂ ਇਕ ਕੰਪਨੀ ਦਾ ਡਾਇਰੈਕਟਰ ਹਾਂ ਤੇ ਮੇਰੇ ਅਧੀਨ 45 ਕਰਮਚਾਰੀ ਕੰਮ ਕਰਦੇ ਹਨ ਪਰ ਮੈਂ ਤੁਹਾਨੂੰ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਮੇਰੀ ਸਫ਼ਲਤਾ ਪਿੱਛੇ ਮੇਰੀ ਪਤਨੀ ਦਾ ਬਹੁਤ ਹੱਥ ਰਿਹਾ ਹੈ। ਇਸੇ ਲਈ ਜਦੋਂ ਮੈਂ ਆਪਣੇ ਰੋਜ਼ਾਨਾ ਅਖ਼ਬਾਰ ਵਿਚ ਇਕ ਐਸਾ ਲੇਖ ਪੜ੍ਹਿਆ ਜਿਸ ਵਿਚ ਯਹੋਵਾਹ ਦੇ ਗਵਾਹਾਂ ਨੂੰ ਲੌਟੇਗਰੌਨ ਜ਼ਿਲ੍ਹੇ ਲਈ ਇਕ ਖ਼ਤਰਾ ਕਿਹਾ ਗਿਆ, ਤਾਂ ਮੈਂ ਤੁਹਾਨੂੰ ਆਪਣਾ ਨਿੱਜੀ ਬਿਆਨ ਦੇਣ ਬਾਰੇ ਸੋਚਿਆ।”
ਇਹ ਪੱਤਰ ਅੱਗੇ ਦੱਸਦਾ ਹੈ: “ਉਹ ਸਿਗਰਟ ਨਹੀਂ ਪੀਂਦੇ ਤੇ ਨਾ ਹੀ ਉਹ ਨਸ਼ੇ ਵਿਚ ਧੁੱਤ ਹੁੰਦੇ ਹਨ। ਕੀ ਇਹ ਇਕ ਖ਼ਤਰਾ ਹੈ? ਉਹ ਸਹਿਣਸ਼ੀਲ ਮਸੀਹੀ ਹਨ ਜਿਹੜੇ ਆਪਣੇ ਨਿਯਮ ਦੂਜਿਆਂ ਤੇ ਨਹੀਂ ਥੋਪਦੇ। ਇਸ ਦੀ ਬਜਾਇ, ਉਹ ਬਹੁਤ ਸਾਰੀਆਂ ਗੱਲਾਂ ਵਿਚ ਚੰਗੀ ਮਿਸਾਲ ਕਾਇਮ ਕਰਦੇ ਹਨ। . . . ਉਹ ਰੁਪਏ-ਪੈਸੇ ਦੇ ਘਪਲਿਆਂ ਵਿਚ ਜਾਂ ਨਸ਼ੀਲੀਆਂ ਦਵਾਈਆਂ ਦੇ ਨਾਜਾਇਜ਼ ਧੰਦਿਆਂ ਵਿਚ ਸ਼ਾਮਲ ਨਹੀਂ ਹੁੰਦੇ। ਉਹ ਵਿਆਹੁਤਾ-ਜੀਵਨ ਤੋਂ ਸੰਨਿਆਸ ਨਹੀਂ ਲੈਂਦੇ, ਤੇ ਨਾਲੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਹ ਇਕ ਆਮ ਜ਼ਿੰਦਗੀ ਬਿਤਾਉਂਦੇ ਹਨ। . . .
“ਪਰ ਸ਼ਾਇਦ ਤੁਸੀਂ ਮੈਨੂੰ ਪੁੱਛੋ: ਤਾਂ ਫਿਰ ਤੁਸੀਂ ਯਹੋਵਾਹ ਦੇ ਗਵਾਹ ਕਿਉਂ ਨਹੀਂ ਬਣੇ? ਕਿਉਂਕਿ ਇਸ ਦੇ ਲਈ ਮਸੀਹੀ ਨਿਹਚਾ ਅਤੇ ਨੈਤਿਕ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ, ਜੋ ਸਾਰਿਆਂ ਦੇ ਵੱਸ ਦੀ ਗੱਲ ਨਹੀਂ।”