ਉਹ ਸੱਚੇ “ਪਰਮੇਸ਼ੁਰ ਤੋਂ ਡਰਦੀਆਂ ਸਨ”
ਜਦੋਂ ਇਸਰਾਏਲੀ ਲੋਕ ਮਿਸਰ ਦੀ ਗ਼ੁਲਾਮੀ ਵਿਚ ਸਨ, ਤਾਂ ਉਸ ਵੇਲੇ ਇਬਰਾਨੀ ਦਾਈਆਂ ਸਿਫਰਾਹ ਅਤੇ ਫੂਆਹ ਬੜੀ ਵੱਡੀ ਮੁਸ਼ਕਲ ਵਿਚ ਪੈ ਗਈਆਂ ਸਨ। ਵਿਦੇਸ਼ੀਆਂ ਦੀ ਵਧਦੀ ਹੋਈ ਆਬਾਦੀ ਨੂੰ ਰੋਕਣ ਲਈ ਫ਼ਿਰਊਨ ਨੇ ਇਨ੍ਹਾਂ ਤੀਵੀਆਂ ਨੂੰ ਹੁਕਮ ਦਿੱਤਾ: “ਜਾਂ ਇਬਰਾਨਣਾਂ ਲਈ ਤੁਸੀਂ ਦਾਈ ਪੁਣਾ ਕਰਦੀਆਂ ਹੋ . . , ਤਾਂ ਜੇ ਕਰ ਉਹ ਪੁੱਤ੍ਰ ਹੋਵੇ ਉਸ ਨੂੰ ਮਾਰ ਸੁੱਟੋ।”—ਕੂਚ 1:15, 16.
ਸਿਫਰਾਹ ਅਤੇ ਫੂਆਹ ਸੱਚੇ “ਪਰਮੇਸ਼ੁਰ ਤੋਂ ਡਰਦੀਆਂ ਸਨ,” ਇਸ ਲਈ ਉਨ੍ਹਾਂ ਨੇ ਹੌਸਲਾ ਕੀਤਾ ਅਤੇ “ਜਿਵੇਂ ਮਿਸਰ ਦੇ ਰਾਜੇ ਨੇ ਹੁਕਮ ਦਿੱਤਾ ਸੀ ਉਨ੍ਹਾਂ ਤਿਵੇਂ ਨਾ ਕੀਤਾ।” ਇਸ ਦੀ ਬਜਾਇ, ਉਨ੍ਹਾਂ ਨੇ ਖ਼ਤਰਾ ਮੁੱਲ ਲੈ ਕੇ ਉਨ੍ਹਾਂ ਨਵ-ਜੰਮੇ ਮੁੰਡਿਆਂ ਨੂੰ ਜੀਉਂਦਾ ਰੱਖਿਆ। ਯਹੋਵਾਹ ਨੇ “ਦਾਈਆਂ ਨਾਲ ਭਲਿਆਈ ਕੀਤੀ,” ਅਤੇ ਉਸ ਨੇ ਉਨ੍ਹਾਂ ਦੇ ਇਸ ਜਾਨ-ਬਚਾਊ ਕੰਮ ਦਾ ਉਨ੍ਹਾਂ ਨੂੰ ਫਲ ਦਿੱਤਾ।—ਕੂਚ 1:17-21.
ਇਹ ਬਿਰਤਾਂਤ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਜਿਹੜੇ ਲੋਕ ਯਹੋਵਾਹ ਦੀ ਸੇਵਾ ਕਰਦੇ ਹਨ, ਯਹੋਵਾਹ ਉਨ੍ਹਾਂ ਦੀ ਕਦਰ ਕਰਦਾ ਹੈ। ਉਹ ਸਿਫਰਾਹ ਅਤੇ ਫੂਆਹ ਦੇ ਇਸ ਬਹਾਦਰੀ ਭਰੇ ਕੰਮ ਨੂੰ ਸਿਰਫ਼ ਇਕ ਪਰਉਪਕਾਰ ਦਾ ਕੰਮ ਵੀ ਸਮਝ ਸਕਦਾ ਸੀ। ਆਖ਼ਰ ਇਕ ਸੁਰਤਵਾਨ ਤੀਵੀਂ ਮਾਸੂਮ ਬੱਚਿਆਂ ਦਾ ਕਤਲ ਕਿਵੇਂ ਕਰ ਸਕਦੀ ਹੈ! ਫਿਰ ਵੀ ਯਹੋਵਾਹ ਨੇ ਇਸ ਗੱਲ ਨੂੰ ਧਿਆਨ ਵਿਚ ਰੱਖਿਆ ਕਿ ਕੁਝ ਵਿਅਕਤੀਆਂ ਨੇ ਇਨਸਾਨਾਂ ਦੇ ਡਰ ਕਰਕੇ ਕਈ ਘਿਣਾਉਣੇ ਕੰਮ ਕੀਤੇ ਹਨ। ਉਹ ਜਾਣਦਾ ਸੀ ਕਿ ਇਨ੍ਹਾਂ ਦਾਈਆਂ ਨੇ ਸਿਰਫ਼ ਇਨਸਾਨੀ ਦਿਆਲਤਾ ਕਰਕੇ ਨਹੀਂ, ਸਗੋਂ ਪਰਮੇਸ਼ੁਰੀ ਡਰ ਅਤੇ ਭਗਤੀ ਕਰਕੇ ਇੰਜ ਕੀਤਾ ਸੀ।
ਅਸੀਂ ਕਿੰਨੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਕਿ ਅਸੀਂ ਉਸ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ ਜਿਹੜਾ ਸਾਡੇ ਵਫ਼ਾਦਾਰੀ ਦੇ ਕੰਮਾਂ ਨੂੰ ਹਮੇਸ਼ਾ ਧਿਆਨ ਵਿਚ ਰੱਖਦਾ ਹੈ! ਇਹ ਸੱਚ ਹੈ ਕਿ ਸਾਡੇ ਵਿੱਚੋਂ ਸ਼ਾਇਦ ਕਿਸੇ ਨੇ ਵੀ ਨਿਹਚਾ ਦੀ ਅਜਿਹੀ ਅਜ਼ਮਾਇਸ਼ ਦਾ ਸਾਮ੍ਹਣਾ ਨਾ ਕੀਤਾ ਹੋਵੇ ਜਿਸ ਦਾ ਸਾਮ੍ਹਣਾ ਸਿਫਰਾਹ ਅਤੇ ਫੂਆਹ ਨੂੰ ਕਰਨਾ ਪਿਆ ਸੀ। ਫਿਰ ਵੀ, ਜਦੋਂ ਅਸੀਂ ਸਹੀ ਕੰਮ ਕਰਨ ਲਈ ਮਜ਼ਬੂਤੀ ਨਾਲ ਡਟੇ ਰਹਿੰਦੇ ਹਾਂ—ਚਾਹੇ ਸਕੂਲ ਵਿਚ, ਕੰਮ-ਧੰਦੇ ਦੀ ਥਾਂ ਤੇ ਜਾਂ ਕਿਸੇ ਹੋਰ ਮੌਕੇ ਤੇ—ਤਾਂ ਯਹੋਵਾਹ ਸਾਡੇ ਨਿਸ਼ਠਾ ਭਰੇ ਪ੍ਰੇਮ ਨੂੰ ਤੁੱਛ ਨਹੀਂ ਸਮਝਦਾ ਹੈ। ਇਸ ਦੇ ਉਲਟ, ਉਹ “ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬਰਾਨੀਆਂ 11:6) ਜੀ ਹਾਂ, “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ ਭਈ ਤੁਸਾਂ ਸੰਤਾਂ ਦੀ ਸੇਵਾ ਕੀਤੀ, ਨਾਲੇ ਕਰਦੇ ਭੀ ਹੋ।”—ਇਬਰਾਨੀਆਂ 6:10.