‘ਨਿਹਚਾ ਦੁਆਰਾ ਪ੍ਰੇਰਿਤ ਸਹਿਣਸ਼ੀਲਤਾ’
ਸਾਲ 1998 ਵਿਚ ਗਾਈ ਕਾਨੋਨੀਸੀ ਦੁਆਰਾ ਲਿਖੀ ਗਈ ਇਕ ਨਵੀਂ ਫਰਾਂਸੀਸੀ ਪੁਸਤਕ ਰਿਲੀਸ ਹੋਈ ਜਿਸ ਦੇ ਸਿਰਲੇਖ ਦਾ ਪੰਜਾਬੀ ਵਿਚ ਤਰਜਮਾ ਹੈ ਹਿਟਲਰ ਦੇ ਸਾਮ੍ਹਣੇ ਯਹੋਵਾਹ ਦੇ ਗਵਾਹ। ਇਸ ਪੁਸਤਕ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ। ਪੁਸਤਕ ਦੀ ਭੂਮਿਕਾ ਵਿਚ ਮੰਨੇ-ਪ੍ਰਮੰਨੇ ਫਰਾਂਸੀਸੀ ਇਤਿਹਾਸਕਾਰ ਫ਼੍ਰੌਸਵਾ ਬੈਡਾਰੀਡਾ ਨੇ ਲਿਖਿਆ: “ਅਸੀਂ ਇਸ ਪੁਸਤਕ ਦਾ ਸੁਆਗਤ ਕਰਦੇ ਹਾਂ। ਸਿਰਫ਼ ਇਸ ਲਈ ਨਹੀਂ ਕਿ ਇਹ ਅਣਜਾਣੇ ਇਤਿਹਾਸ ਬਾਰੇ ਦੱਸਦੀ ਹੈ, ਪਰ ਇਸ ਲਈ ਕਿ ਇਹ ਠੀਕ ਸਮੇਂ ਤੇ ਮਿਲੀ ਹੈ। . . . ਮਾਹਰਾਂ ਤੋਂ ਛੁੱਟ ਕਿਹ ਨੂੰ ਪਤਾ ਹੈ ਕਿ ਨਾਜ਼ੀ ਰਾਜ ਦੌਰਾਨ ਯਹੋਵਾਹ ਦੇ ਗਵਾਹਾਂ ਨਾਲ ਕੀ ਹੋਇਆ ਸੀ? ਅਸਲ ਵਿਚ 12 ਸਾਲਾਂ ਦੇ ਉਸ ਰਾਜ ਦੌਰਾਨ ਉਨ੍ਹਾਂ ਉੱਤੇ ਸਖ਼ਤ ਬੇਰਹਿਮੀ ਨਾਲ ਜ਼ੁਲਮ ਕੀਤੇ ਗਏ ਸਨ। ਉਨ੍ਹਾਂ ਨੇ ਵੀ ਨਜ਼ਰਬੰਦੀ-ਕੈਂਪਾਂ ਦੀ ਭਿਆਨਕ ਹਾਲਤ ਸਹਾਰੀ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਵੀ ਆਪਣੀ ਨਿਹਚਾ ਅਤੇ ਆਪਣਿਆਂ ਵਿਸ਼ਵਾਸਾਂ ਲਈ ਬਹੁਤ ਕੁਰਬਾਨੀਆਂ ਕੀਤੀਆਂ। ਇਤਿਹਾਸ ਵਿਚ ਇਨ੍ਹਾਂ ਮਸੀਹੀਆਂ ਨੂੰ ਕਿਉਂ ਭੁੱਲਿਆ ਗਿਆ? . . .
“ਇਕ ਛੋਟੇ ਜਿਹੇ, ਸ਼ਾਂਤਮਈ ਧਰਮ ਉੱਤੇ, ਜਿਸ ਦੇ ਮੈਂਬਰ ਖਿੰਡੇ ਹੋਏ ਸਨ, ਲਗਾਤਾਰ ਕਠੋਰ ਜ਼ੁਲਮ ਕਿਉਂ ਕੀਤਾ ਗਿਆ ਸੀ? ਇਹੀ ਤਾਂ ਸਭ ਤੋਂ ਵੱਡਾ ਸਵਾਲ ਹੈ। ਅੰਕੜੇ ਦਿਖਾਉਂਦੇ ਹਨ ਕਿ ਜਰਮਨੀ ਵਿਚ 6 ਕਰੋੜ ਲੋਕਾਂ ਵਿੱਚੋਂ ਗਵਾਹਾਂ ਦੀ ਗਿਣਤੀ ਸਿਰਫ਼ ਕੁਝ 20,000 ਸੀ। ਜਰਮਨੀ ਦੀ ਜਨਤਾ ਦੀ ਤੁਲਨਾ ਵਿਚ ਗਵਾਹ ਬਹੁਤ ਘੱਟ ਸਨ। ਇਸ ਦੇ ਨਾਲ-ਨਾਲ ਉਹ ਸ਼ਾਂਤ ਲੋਕ ਸਨ ਜੋ ਕਾਨੂੰਨ ਦਾ ਆਦਰ ਕਰਦੇ ਸਨ ਅਤੇ ਕਿਸੇ ਨੂੰ ਉਨ੍ਹਾਂ ਤੋਂ ਕੋਈ ਖ਼ਤਰਾ ਵੀ ਨਹੀਂ ਸੀ। ਉਹ ਸਿਰਫ਼ ਕੰਮ ਕਰਨਾ ਅਤੇ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨੀ ਚਾਹੁੰਦੇ ਸਨ। . . .
“ਇਹ ਸਤਾਹਟ ਵਿਸ਼ਵਾਸ ਕਰਨ ਵਾਲੇ ਅਜਿਹੇ ਲੋਕਾਂ ਦੇ ਵਿਰੁੱਧ ਆਈ ਜੋ ਰੂਹਾਨੀ ਤੌਰ ਤੇ ਦ੍ਰਿੜ੍ਹਤਾ ਨਾਲ ਵਿਰੋਧ ਕਰ ਸਕਦੇ ਸਨ। ਪੁਲਸ ਵੱਲੋਂ ਮਾਰ-ਕੁਟਾਈ ਤੋਂ ਲੈ ਕੇ ਮੌਤ ਤਕ ਉਹ ਯਿਸੂ ਮਸੀਹ ਵਿਚ ਆਪਣੀ ਨਿਹਚਾ ਕਾਰਨ ਇਨ੍ਹਾਂ ਦਬਾਵਾਂ ਦਾ ਸਾਮ੍ਹਣਾ ਕਰ ਸਕੇ।”
ਯਹੋਵਾਹ ਦੇ ਉਨ੍ਹਾਂ ਗਵਾਹਾਂ ਦੀ ਕਹਾਣੀ, ਜੋ ਧਰਮੀ ਪੱਖਪਾਤ ਦਾ ਸਾਮ੍ਹਣਾ ਕਰਦਿਆਂ ਆਪਣੀ ਮਸੀਹੀ ਨਿਹਚਾ ਦੀ ਖ਼ਾਤਰ ਸ਼ਹੀਦ ਹੋਏ, ਬਹੁਤ ਹੀ ਪ੍ਰਭਾਵਸ਼ਾਲੀ ਹੈ। ਇਸ ਕਿਤਾਬ ਦੀ ਰਿਵਿਊ ਕਰਦੇ ਹੋਏ, ਇਕ ਮੁੱਖ ਫਰਾਂਸੀਸੀ ਕੈਥੋਲਿਕ ਅਖ਼ਬਾਰ, ਲਾ ਕ੍ਰਵਾ, ਠੀਕ ਹੀ ਕਹਿੰਦਾ ਹੈ ਕਿ “ਗਾਈ ਕਾਨੋਨੀਸੀ ਨੇ ਉਨ੍ਹਾਂ ਲੋਕਾਂ ਦੇ ਘੱਟ ਜਾਣੇ ਗਏ ਇਤਿਹਾਸ ਵਿੱਚੋਂ ਬਹੁਤਿਆਂ ਕੋਲੋਂ ਗਵਾਹੀ ਇਕੱਠੀ ਕੀਤੀ ਹੈ। ਉਨ੍ਹਾਂ ਨੇ ਇਕ-ਦੋ ਗੱਲਾਂ ਵਿਚ ਆਪਣੀ ਨਿਹਚਾ ਪ੍ਰਗਟ ਕੀਤੀ, ਪਰ ਅਸੀਂ ਇਸ ਨਿਹਚਾ ਦੁਆਰਾ ਪ੍ਰੇਰਿਤ ਉਨ੍ਹਾਂ ਦੀ ਸਹਿਣਸ਼ੀਲਤਾ ਤੋਂ ਹੱਕੇ-ਬੱਕੇ ਰਹਿ ਜਾਂਦੇ ਹਾਂ। ਉਨ੍ਹਾਂ ਦੀ, ਅਤੇ ਉਨ੍ਹਾਂ ਦੇ ਬੱਚਿਆਂ ਦੀ ਨਿਹਚਾ ਵੀ ਮੌਤ ਤਕ ਕਾਇਮ ਰਹੀ। ਯਹੋਵਾਹ ਦੇ ਗਵਾਹਾਂ ਦੀ ਮਸੀਹੀਅਤ ਬਾਰੇ ਇਸ ਸਮੇਂ ਚੱਲ ਰਹੀ ਬਹਿਸ ਦੇ ਸੰਬੰਧ ਵਿਚ ਇਹ ਯਾਦਗਾਰੀ ਸ਼ਾਇਦ ਉਨ੍ਹਾਂ ਬਾਰੇ ਕੁਝ ਜਾਣਕਾਰੀ ਪੇਸ਼ ਕਰੇ।”