ਬੱਚਿਆਂ ਦੀ ਪਰਵਰਿਸ਼ ਕਰਨ ਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ
ਅੱਜ-ਕੱਲ੍ਹ ਬੱਚਿਆਂ ਦੀ, ਉਹ ਵੀ ਖ਼ਾਸ ਤੌਰ ਤੇ ਕਿਸ਼ੋਰਾਂ ਦੀ ਪਰਵਰਿਸ਼ ਕਰਨੀ ਮਾਪਿਆਂ ਲਈ ਇਕ ਬਹੁਤ ਵੱਡੀ ਚੁਣੌਤੀ ਹੈ। ਮਾਂਟ੍ਰੀਅਲ, ਕੈਨੇਡਾ ਦੀ ਇਕ ਅਖ਼ਬਾਰ ਦ ਗਜ਼ੈਟ ਰਿਪੋਰਟ ਕਰਦੀ ਹੈ ਕਿ ਸ਼ਰਾਬ ਅਤੇ ਨਸ਼ੀਲੀਆਂ ਦਵਾਈਆਂ ਨੂੰ ਅਜ਼ਮਾ ਕੇ ਦੇਖਣਾ “ਕਿਸ਼ੋਰਾਂ ਲਈ ਇਕ ਆਮ ਜਿਹੀ ਗੱਲ” ਬਣ ਗਈ ਹੈ। ਇਹ ਅਖ਼ਬਾਰ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਮਾਪਿਆਂ ਦੀ “ਇਹ ਜ਼ਿੰਮੇਵਾਰੀ ਹੈ ਕਿ ਉਹ [ਆਪਣੇ] ਬੱਚਿਆਂ ਦੇ ਰਵੱਈਏ ਵਿਚ ਆਉਣ ਵਾਲੀਆਂ ਤਬਦੀਲੀਆਂ ਬਾਰੇ ਚੁਕੰਨੇ ਰਹਿਣ।”
ਮਾਪਿਆਂ ਨੂੰ ਕੀ ਦੇਖਣਾ ਚਾਹੀਦਾ ਹੈ ਕਿ ਜਿਸ ਤੋਂ ਉਨ੍ਹਾਂ ਨੂੰ ਇਹੋ ਜਿਹੀਆਂ ਕਿਸ਼ੋਰ-ਅਵਸਥਾ ਦੀਆਂ ਸਮੱਸਿਆਵਾਂ ਬਾਰੇ ਪਤਾ ਲੱਗ ਸਕੇ? ਬੱਚਿਆਂ ਅਤੇ ਕਿਸ਼ੋਰਾਂ ਦੇ ਮਨੋਰੋਗ ਦੀ ਅਮਰੀਕਨ ਅਕਾਦਮੀ ਨੇ ਕੁਝ ਸਰੀਰਕ, ਭਾਵਾਤਮਕ ਅਤੇ ਸਮਾਜਕ ਲੱਛਣਾਂ ਦੀ ਪਛਾਣ ਕਰਾਈ ਹੈ। ਇਸ ਅਕਾਦਮੀ ਅਨੁਸਾਰ ਲਗਾਤਾਰ ਥਕਾਵਟ, ਸ਼ਖ਼ਸੀਅਤ ਅਤੇ ਸੁਭਾਅ ਵਿਚ ਤਬਦੀਲੀ, ਜ਼ਿਆਦਾਤਰ ਆਪਣੇ ਕਮਰੇ ਵਿਚ ਬੰਦ ਰਹਿਣਾ, ਝਗੜਾਲੂ ਰਵੱਈਆ ਅਤੇ ਗ਼ੈਰ-ਕਾਨੂੰਨੀ ਕੰਮ ਕਰਨੇ ਆਦਿ ਲੱਛਣ ਹੋ ਸਕਦੇ ਹਨ।
ਮਾਪੇ ਆਪਣੇ ਬੱਚਿਆਂ ਨੂੰ ਇਹੋ ਜਿਹੀਆਂ ਨੁਕਸਾਨਦਾਇਕ ਚੀਜ਼ਾਂ ਦੀ ਵਰਤੋਂ ਕਰਨ ਅਤੇ ਇਸ ਦੇ ਭੈੜੇ ਨਤੀਜਿਆਂ ਤੋਂ ਕਿਵੇਂ ਬਚਾ ਸਕਦੇ ਹਨ? ਮੈਕਗਿੱਲ ਯੂਨੀਵਰਸਿਟੀ ਦੇ ਡਾ. ਜੈਫ਼ਰੀ ਐੱਲ. ਡਰੇਵੇਨਸਕੀ ਕਹਿੰਦੇ ਹਨ ਕਿ ਬੱਚੇ ਦੇ ਵਿਕਾਸ ਦੇ ਸਾਲਾਂ ਦੌਰਾਨ ਉਨ੍ਹਾਂ ਨਾਲ ਖੁੱਲ੍ਹ ਕੇ ਗੱਲ-ਬਾਤ ਕਰਨ ਅਤੇ ਆਪਸ ਵਿਚ ਇਕ ਦੂਜੇ ਦਾ ਆਦਰ ਕਰਨ ਨਾਲ, ਬਾਅਦ ਵਿਚ ਆਉਣ ਵਾਲੀਆਂ ਸਮੱਸਿਆਵਾਂ ਘੱਟ ਸਕਦੀਆਂ ਹਨ। ਦ ਗਜ਼ੈਟ ਅੱਗੇ ਕਹਿੰਦੀ ਹੈ ਕਿ ਬੇਸ਼ੱਕ ਕਿਸ਼ੋਰ-ਅਵਸਥਾ ਵਿਚ ਬੱਚੇ ਜ਼ਿਆਦਾ ਆਜ਼ਾਦੀ ਚਾਹੁੰਦੇ ਹਨ, ਫਿਰ ਵੀ ਉਨ੍ਹਾਂ ਨੂੰ “ਮਾਪਿਆਂ ਦੀ ਅਗਵਾਈ, ਮਦਦ, ਅਨੁਸ਼ਾਸਨ ਅਤੇ ਲਾਡ-ਪਿਆਰ ਦੀ ਲੋੜ ਹੈ।” ਇਹ ਸਾਰੀਆਂ ਗੱਲਾਂ ਬਾਈਬਲ ਦੀ ਇਕ ਕਹਾਵਤ ਯਾਦ ਦਿਲਾਉਂਦੀਆਂ ਹਨ ਜੋ ਇੰਜ ਕਹਿੰਦੀ ਹੈ: “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।” (ਕਹਾਉਤਾਂ 22:6) ਪਰਮੇਸ਼ੁਰ ਮਾਪਿਆਂ ਨੂੰ ਸਲਾਹ ਦਿੰਦਾ ਹੈ ਕਿ ਉਹ ਆਪਣੇ ਬੱਚਿਆਂ ਲਈ ਚੰਗੀ ਮਿਸਾਲ, ਚੰਗੇ ਦੋਸਤ ਅਤੇ ਚੰਗੇ ਅਧਿਆਪਕ ਬਣਨ ਅਤੇ ਉਨ੍ਹਾਂ ਨਾਲ ਗੱਲ-ਬਾਤ ਕਰਨ ਲਈ ਸਮਾਂ ਕੱਢਣ।—ਬਿਵਸਥਾ ਸਾਰ 6:6, 7.