ਜਦੋਂ ‘ਹਵਾਵਾਂ ਸਾਡੇ ਵਿਰੁੱਧ’ ਹੁੰਦੀਆਂ ਹਨ
ਜਦੋਂ ਯਿਸੂ ਦੇ ਚੇਲੇ ਇਕ ਕਿਸ਼ਤੀ ਵਿਚ ਗਲੀਲ ਦੀ ਝੀਲ ਪਾਰ ਕਰਨ ਲਈ ਸੰਘਰਸ਼ ਕਰ ਰਹੇ ਸਨ, ਤਾਂ ਉਸ ਵੇਲੇ ਉਨ੍ਹਾਂ ਨਾਲ ਵਾਪਰੀ ਇਸ ਅਸਲੀ ਘਟਨਾ ਨੂੰ ਬਿਆਨ ਕਰਦੇ ਹੋਏ, ਇੰਜੀਲ ਦਾ ਲਿਖਾਰੀ ਮਰਕੁਸ ਕਹਿੰਦਾ ਹੈ ਕਿ ਉਹ “ਬੜੀ ਮੁਸ਼ਕਿਲ ਨਾਲ ਚੱਪੂ” ਚਲਾ ਰਹੇ ਸਨ, “ਕਿਉਂਕਿ ਹਵਾ ਉਹਨਾਂ ਦੇ ਵਿਰੁੱਧ ਚਲ ਰਹੀ ਸੀ।” ਜਦੋਂ ਯਿਸੂ ਅਜੇ ਕਿਨਾਰੇ ਤੇ ਹੀ ਸੀ, ਤਾਂ ਉਸ ਨੇ ਉਨ੍ਹਾਂ ਦੀ ਔਖਿਆਈ ਨੂੰ ਦੇਖਿਆ ਤੇ ਉਨ੍ਹਾਂ ਤਕ ਪਹੁੰਚਣ ਲਈ ਚਮਤਕਾਰੀ ਤਰੀਕੇ ਨਾਲ ਝੀਲ ਉੱਤੇ ਤੁਰਨ ਲੱਗ ਪਿਆ। ਜਦੋਂ ‘ਉਹ ਬੇੜੀ ਵਿਚ ਚੜ੍ਹ ਗਿਆ,’ ਤਾਂ ਹਵਾ ਥੰਮ ਗਈ।—ਮਰਕੁਸ 6:48-51.
ਇਸੇ ਬਾਈਬਲ ਲਿਖਾਰੀ ਨੇ ਦੱਸਿਆ ਕਿ ਇਕ ਵਾਰ ਪਹਿਲਾਂ ਵੀ “ਵੱਡੀ ਅਨ੍ਹੇਰੀ ਵਗੀ” ਸੀ। ਉਸ ਵੇਲੇ ਯਿਸੂ ਨੇ “ਪੌਣ ਨੂੰ ਦਬਕਾ ਦਿੱਤਾ . . . , ਤਾਂ ਪੌਣ ਥੰਮ੍ਹ ਗਈ ਅਤੇ ਵੱਡਾ ਚੈਨ ਹੋ ਗਿਆ।”—ਮਰਕੁਸ 4:37-39.
ਬੇਸ਼ੱਕ ਅੱਜ ਦੇ ਦਿਨਾਂ ਵਿਚ ਅਸੀਂ ਇਹੋ ਜਿਹੇ ਚਮਤਕਾਰ ਅੱਖੀਂ ਨਹੀਂ ਦੇਖਦੇ, ਪਰ ਅਸੀਂ ਇਨ੍ਹਾਂ ਤੋਂ ਬਹੁਤ ਕੁਝ ਸਿੱਖ ਜ਼ਰੂਰ ਸਕਦੇ ਹਾਂ। ਕਿਉਂਕਿ ਅਸੀਂ ਨਾਮੁਕੰਮਲ ਇਨਸਾਨ ਖ਼ਤਰਨਾਕ ਸਮਿਆਂ ਵਿਚ ਰਹਿੰਦੇ ਹਾਂ, ਇਸ ਲਈ ਅਸੀਂ ਮੁਸੀਬਤਾਂ ਦੀਆਂ ਹਵਾਵਾਂ ਤੋਂ ਨਹੀਂ ਬਚ ਸਕਦੇ। (2 ਤਿਮੋਥਿਉਸ 3:1-5) ਦਰਅਸਲ ਕਈ ਵਾਰ ਨਿੱਜੀ ਪਰਤਾਵਿਆਂ ਕਰਕੇ ਸਾਨੂੰ ਇੰਨਾ ਦੁੱਖ ਪਹੁੰਚਦਾ ਹੈ ਕਿ ਇਹ ਪਰਤਾਵੇ ਸਾਨੂੰ ਇਕ ਤੂਫ਼ਾਨ ਵਰਗੇ ਲੱਗਦੇ ਹਨ। ਪਰ ਸਾਨੂੰ ਰਾਹਤ ਮਿਲ ਸਕਦੀ ਹੈ! ਯਿਸੂ ਸੱਦਾ ਦਿੰਦਾ ਹੈ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।”—ਮੱਤੀ 11:28.
ਜਦੋਂ ਸਾਨੂੰ ਇੰਜ ਲੱਗਦਾ ਹੈ ਕਿ ‘ਹਵਾਵਾਂ ਸਾਡੇ ਵਿਰੁੱਧ’ ਹਨ ਤਾਂ ਉਸ ਵੇਲੇ ਅਸੀਂ ਦਿਲ ਦਾ “ਵੱਡਾ ਚੈਨ” ਮਹਿਸੂਸ ਕਰ ਸਕਦੇ ਹਾਂ। ਉਹ ਕਿਵੇਂ? ਯਹੋਵਾਹ ਪਰਮੇਸ਼ੁਰ ਦੇ ਪੱਕੇ ਵਾਅਦਿਆਂ ਵਿਚ ਭਰੋਸਾ ਕਰ ਕੇ।—ਯਸਾਯਾਹ 55:9-11; ਫ਼ਿਲਿੱਪੀਆਂ 4:5-7 ਦੀ ਤੁਲਨਾ ਕਰੋ।