ਯਹੋਵਾਹ ਤੁਹਾਨੂੰ ਕਿਵੇਂ ਚੇਤੇ ਕਰੇਗਾ?
“ਹੇ ਮੇਰੇ ਪਰਮੇਸ਼ੁਰ, ਮੈਨੂੰ ਚੇਤੇ ਕਰ।” ਨਹਮਯਾਹ ਨੇ ਕਈ ਵਾਰੀ ਇਨ੍ਹਾਂ ਸ਼ਬਦਾਂ ਨਾਲ ਪਰਮੇਸ਼ੁਰ ਨੂੰ ਬੇਨਤੀ ਕੀਤੀ। (ਨਹਮਯਾਹ 5:19; 13:14, 31) ਇਹ ਸੁਭਾਵਕ ਹੈ ਕਿ ਜਦੋਂ ਲੋਕ ਬਹੁਤ ਜ਼ਿਆਦਾ ਦੁੱਖਾਂ ਦਾ ਸਾਮ੍ਹਣਾ ਕਰਦੇ ਹਨ, ਤਾਂ ਉਦੋਂ ਉਹ ਪਰਮੇਸ਼ੁਰ ਨੂੰ ਇਸ ਤਰ੍ਹਾਂ ਦੀਆਂ ਬੇਨਤੀਆਂ ਕਰਦੇ ਹਨ।
ਤਾਂ ਫਿਰ ਉਸ ਵੇਲੇ ਲੋਕਾਂ ਦੇ ਮਨਾਂ ਵਿਚ ਕਿਹੜੀ ਗੱਲ ਹੁੰਦੀ ਹੈ ਜਦੋਂ ਉਹ ਪਰਮੇਸ਼ੁਰ ਨੂੰ ਕਹਿੰਦੇ ਹਨ ਕਿ ਉਹ ਉਨ੍ਹਾਂ ਨੂੰ ਚੇਤੇ ਰੱਖੇ? ਇਹ ਗੱਲ ਸਾਫ਼ ਹੈ ਕਿ ਉਹ ਪਰਮੇਸ਼ੁਰ ਤੋਂ ਆਸ ਕਰਦੇ ਹਨ ਕਿ ਉਹ ਨਾ ਸਿਰਫ਼ ਉਨ੍ਹਾਂ ਦੇ ਨਾਂ ਨੂੰ ਚੇਤੇ ਰੱਖੇ, ਬਲਕਿ ਉਨ੍ਹਾਂ ਲਈ ਕੁਝ ਹੋਰ ਵੀ ਕਰੇ। ਨਿਰਸੰਦੇਹ, ਉਹ ਯਿਸੂ ਦੇ ਨਾਲ ਸੂਲੀ ਤੇ ਟੰਗੇ ਗਏ ਇਕ ਅਪਰਾਧੀ ਵਾਂਗ ਆਸ ਕਰਦੇ ਹਨ। ਕਿਉਂਕਿ ਇਸ ਅਪਰਾਧੀ ਨੇ ਆਪਣੇ ਨਾਲ ਦੇ ਅਪਰਾਧੀ ਤੋਂ ਬਿਲਕੁਲ ਉਲਟ ਯਿਸੂ ਨੂੰ ਬੇਨਤੀ ਕੀਤੀ: “ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀਂ।” ਉਹ ਇਹ ਨਹੀਂ ਚਾਹੁੰਦਾ ਸੀ ਕਿ ਯਿਸੂ ਸਿਰਫ਼ ਉਸ ਦੇ ਨਾਂ ਨੂੰ ਹੀ ਚੇਤੇ ਰੱਖੇ, ਬਲਕਿ ਉਹ ਉਸ ਲਈ ਕੁਝ ਕਰੇ—ਮਤਲਬ ਉਸ ਨੂੰ ਦੁਬਾਰਾ ਜ਼ਿੰਦਾ ਕਰੇ।—ਲੂਕਾ 23:42.
ਇਸ ਲਈ ਬਾਈਬਲ ਅਕਸਰ ਦੱਸਦੀ ਹੈ ਕਿ ਪਰਮੇਸ਼ੁਰ ਲਈ “ਚੇਤੇ ਕਰਨ” ਦਾ ਮਤਲਬ ਹੈ ਅਸਲ ਵਿਚ ਕੁਝ ਕਰਨਾ। ਮਿਸਾਲ ਵਜੋਂ, ਜਦੋਂ 150 ਦਿਨਾਂ ਤਕ ਧਰਤੀ ਬਹੁਤ ਜ਼ਿਆਦਾ ਪਾਣੀ ਨਾਲ ਭਰ ਗਈ, ਤਾਂ “ਪਰਮੇਸ਼ੁਰ ਨੇ ਨੂਹ ਨੂੰ . . . ਯਾਦ ਕੀਤਾ ਅਤੇ ਪਰਮੇਸ਼ੁਰ ਨੇ ਧਰਤੀ ਉੱਤੇ ਵਾਉ ਵਗਾਈ ਅਤੇ ਪਾਣੀ ਘਟਣ ਲੱਗ ਪਏ।” (ਉਤਪਤ 8:1) ਸਦੀਆਂ ਬਾਅਦ, ਜਦੋਂ ਫਲਿਸਤੀਆਂ ਨੇ ਸਮਸੂਨ ਨੂੰ ਅੰਨ੍ਹਾ ਕਰ ਕੇ ਜ਼ੰਜੀਰਾਂ ਨਾਲ ਜਕੜ ਦਿੱਤਾ, ਤਾਂ ਉਸ ਨੇ ਪ੍ਰਾਰਥਨਾ ਕੀਤੀ: “ਯਹੋਵਾਹ, ਮੈਂ ਤੇਰੇ ਅੱਗੇ ਤਰਲੇ ਕਰਦਾ ਹਾਂ ਜੋ ਮੈਨੂੰ ਚੇਤੇ ਕਰ ਅਤੇ ਐਤਕੀ ਦੀ ਵਾਰੀ ਮੈਨੂੰ ਜ਼ੋਰ ਦੇਹ।” ਯਹੋਵਾਹ ਨੇ ਸਮਸੂਨ ਨੂੰ ਅਸਾਧਾਰਣ ਤਾਕਤ ਦੇ ਕੇ ਚੇਤੇ ਕੀਤਾ ਤਾਂਕਿ ਉਹ ਪਰਮੇਸ਼ੁਰ ਦੇ ਦੁਸ਼ਮਣਾਂ ਕੋਲੋਂ ਬਦਲਾ ਲੈ ਸਕੇ। (ਨਿਆਈਆਂ 16:28-30) ਯਹੋਵਾਹ ਨੇ ਨਹਮਯਾਹ ਦੇ ਜਤਨਾਂ ਉੱਤੇ ਵੀ ਬਰਕਤ ਦਿੱਤੀ ਜਿਸ ਕਰਕੇ ਯਰੂਸ਼ਲਮ ਵਿਚ ਸੱਚੀ ਉਪਾਸਨਾ ਦੁਬਾਰਾ ਸ਼ੁਰੂ ਹੋ ਗਈ।
ਪੌਲੁਸ ਰਸੂਲ ਨੇ ਲਿਖਿਆ: “ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।” (ਰੋਮੀਆਂ 15:4) ਜੇਕਰ ਅਸੀਂ ਬੀਤੇ ਸਮੇਂ ਦੇ ਵਫ਼ਾਦਾਰ ਸੇਵਕਾਂ ਵਾਂਗ ਯਹੋਵਾਹ ਦੀ ਇੱਛਾ ਪੂਰੀ ਕਰ ਕੇ ਉਸ ਨੂੰ ਚੇਤੇ ਕਰਦੇ ਹਾਂ, ਤਾਂ ਯਹੋਵਾਹ ਵੀ ਸਾਨੂੰ ਚੇਤੇ ਕਰੇਗਾ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਸਾਡੀ ਮਦਦ ਕਰੇਗਾ, ਅਜ਼ਮਾਇਸ਼ਾਂ ਦੌਰਾਨ ਸਾਨੂੰ ਸੰਭਾਲੇਗਾ ਅਤੇ ਜਦੋਂ ਉਹ ਕੁਧਰਮੀਆਂ ਨੂੰ ਸਜ਼ਾ ਦੇਵੇਗਾ, ਤਾਂ ਉਹ ਉਸ ਵੇਲੇ ਸਾਨੂੰ ਬਚਾਵੇਗਾ।—ਮੱਤੀ 6:33; 2 ਪਤਰਸ 2:9.