ਕੀ ਇਨਸਾਨ ਸਿਰਫ਼ ਕਿਸੇ ਵਧੀਆ ਕਿਸਮ ਦਾ ਪਸ਼ੂ ਹੀ ਹੈ?
“ਕੀ ਜੀਵਨ ਦੇ ਮੁੱਢ ਬਾਰੇ ਸਾਡੇ ਵਿਚਾਰ ਸਾਡੀ ਜ਼ਿੰਦਗੀ ਉੱਤੇ ਕੋਈ ਚੰਗਾ ਜਾਂ ਬੁਰਾ ਅਸਰ ਪਾਉਂਦੇ ਹਨ?”
ਇਸ ਵਿਸ਼ੇ ਬਾਰੇ ਲਿਖਦੀ ਹੋਈ, ਬ੍ਰਾਜ਼ੀਲ ਵਿਚ ਇਕ 16 ਸਾਲਾਂ ਦੀ ਲੜਕੀ ਨੇ ਆਪਣੇ ਲੇਖ ਦੇ ਸ਼ੁਰੂ ਵਿਚ ਇਹ ਸਵਾਲ ਪੁੱਛਿਆ: “ਕੀ ਇਨਸਾਨ ਸਿਰਫ਼ ਕਿਸੇ ਵਧੀਆ ਕਿਸਮ ਦਾ ਪਸ਼ੂ ਹੀ ਹੈ?” ਜਦੋਂ ਇਸ ਵਿਦਿਆਰਥਣ ਦੀ ਅਧਿਆਪਕ ਨੇ 22 ਜੂਨ 1998 ਦੇ ਜਾਗਰੂਕ ਬਣੋ! ਰਸਾਲੇ ਨੂੰ ਪੜ੍ਹਿਆ ਤਾਂ ਉਸ ਨੇ ਲੜਕੀ ਨੂੰ ਕਲਾਸ ਦੇ ਸਾਮ੍ਹਣੇ ਇਸ ਵਿਸ਼ੇ ਬਾਰੇ ਗੱਲ-ਬਾਤ ਕਰਨ ਦਾ ਮੌਕਾ ਦਿੱਤਾ।
ਕਈ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਮਨੁੱਖ ਬਾਂਦਰਾਂ ਤੋਂ ਆਏ ਹਨ। ਇਸ ਜਵਾਨ ਗਵਾਹ ਨੇ ਸਮਝਾਇਆ ਕਿ ਇਸ ਸਿੱਖਿਆ ਨੇ ਲੋਕਾਂ ਉੱਤੇ ਕਿੰਨਾ ਖ਼ਤਰਨਾਕ ਅਸਰ ਪਾਇਆ ਹੈ। ਮਿਸਾਲ ਲਈ, ਇਸ ਸਿੱਖਿਆ ਕਾਰਨ ਕੁਝ ਲੋਕ ਇਹ ਮੰਨਣ ਲੱਗ ਪਏ ਕਿ ਲੜਾਈਆਂ ਬਿਲਕੁਲ ਕੁਦਰਤੀ ਹਨ ਅਤੇ ਉਹ ਜੀਉਂਦੇ ਰਹਿਣ ਦੇ ਸੰਘਰਸ਼ ਦਾ ਹਿੱਸਾ ਹਨ। ਇਨ੍ਹਾਂ ਲੋਕਾਂ ਅਨੁਸਾਰ ਇਸ ਸੰਘਰਸ਼ ਕਰਕੇ ਹੀ ਫਾਸ਼ੀਵਾਦ ਅਤੇ ਨਾਜ਼ੀਵਾਦ ਸ਼ੁਰੂ ਹੋਏ ਸਨ।
ਵਿਦਿਆਰਥਣ ਨੇ ਦਿਖਾਇਆ ਕਿ ਇਨਸਾਨ ਅਤੇ ਪਸ਼ੂ ਵਿਚਕਾਰ ਬਹੁਤ ਵੱਡਾ ਫ਼ਰਕ ਹੈ। ਉਸ ਨੇ ਕਿਹਾ ਕਿ “ਸਿਰਫ਼ ਇਨਸਾਨ ਹੀ ਰੱਬ ਬਾਰੇ ਸੋਚ ਸਕਦਾ ਹੈ। ਸਿਰਫ਼ ਇਨਸਾਨ ਹੀ ਜੀਵਨ ਦਾ ਮਤਲਬ ਅਤੇ ਮਕਸਦ ਭਾਲਣ ਦੀ ਕੋਸ਼ਿਸ਼ ਕਰਦਾ ਹੈ। ਸਿਰਫ਼ ਇਨਸਾਨ ਹੀ ਕਿਸੇ ਦੀ ਮੌਤ ਹੋਣ ਤੇ ਦੁਖੀ ਹੁੰਦਾ ਹੈ, ਜਾਂ ਜੀਵਨ ਦੇ ਮੁੱਢ ਬਾਰੇ ਸੋਚਦਾ ਹੈ, ਨਾਲੇ ਸਦਾ ਲਈ ਜੀਉਣਾ ਚਾਹੁੰਦਾ ਹੈ। ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੇ ਮੁੱਢ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰੀਏ!”
ਅਧਿਆਪਕ ਨੇ ਇਸ ਵਧੀਆ ਪੇਸ਼ਕਾਰੀ ਲਈ ਲੜਕੀ ਦੀ ਵਡਿਆਈ ਕੀਤੀ। ਉਸ ਨੇ ਕਿਹਾ ਕਿ ਲੜਕੀ ਇੰਨਾ ਸੋਹਣਾ ਲੇਖ ਇਸ ਲਈ ਲਿਖ ਸਕੀ ਕਿਉਂਕਿ ਉਸ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਸਕੂਲ ਵਿਚ ਸਾਰੇ ਜਾਣਦੇ ਹਨ ਕਿ ਉਹ ਜਾਗਰੂਕ ਬਣੋ! ਅਤੇ ਪਹਿਰਾਬੁਰਜ ਵਰਗੇ ਬਾਈਬਲ ਬਾਰੇ ਪ੍ਰਕਾਸ਼ਨ ਪੜ੍ਹਨੇ ਬਹੁਤ ਪਸੰਦ ਕਰਦੀ ਹੈ।
ਬਾਂਦਰ ਤੋਂ ਮਨੁੱਖ ਬਣਨ ਵਾਲੀ ਇਹ ਸਿੱਖਿਆ ਨੌਜਵਾਨਾਂ ਦੇ ਸੋਚ-ਵਿਚਾਰਾਂ ਉੱਤੇ ਬੁਰਾ ਅਸਰ ਪਾਉਂਦੀ ਹੈ। ਯਹੋਵਾਹ ਦੇ ਗਵਾਹ ਸੱਚੇ ਦਿਲੋਂ ਇਨ੍ਹਾਂ ਨੌਜਵਾਨਾਂ ਦੀ ਮਦਦ ਕਰਨਾ ਚਾਹੁੰਦੇ ਹਨ। ਇਸ ਲਈ, ਇਸ ਲੜਕੀ ਦੀ ਕਲੀਸਿਯਾ ਨੇ ਨੌਜਵਾਨ ਗਵਾਹਾਂ ਨੂੰ ਆਪਣਿਆਂ ਅਧਿਆਪਕਾਂ ਅਤੇ ਸਹਿਪਾਠੀਆਂ ਨੂੰ 22 ਜੂਨ 1998 ਦੇ ਜਾਗਰੂਕ ਬਣੋ! ਰਸਾਲੇ ਦੀ ਇਕ ਕਾਪੀ ਦੇਣ ਲਈ ਹੌਸਲਾ ਦਿੱਤਾ। ਸ਼ਹਿਰ ਦੇ ਅਨੇਕ ਸਕੂਲਾਂ ਵਿਚ ਕੁਝ 230 ਰਸਾਲੇ ਵੰਡੇ ਗਏ। ਇਕ ਸਕੂਲ ਦੇ ਵਿਗਿਆਨ ਵਿਭਾਗ ਦੇ ਹੈਡਮਾਸਟਰ ਨੇ ਜਾਗਰੂਕ ਬਣੋ! ਰਸਾਲਾ ਬਾਕਾਇਦਾ ਲੈਣਾ ਸ਼ੁਰੂ ਕੀਤਾ।
ਜੀ ਹਾਂ, ਜੀਵਨ ਦੇ ਮੁੱਢ ਬਾਰੇ ਸਾਡੇ ਵਿਚਾਰ ਸਾਡੇ ਉੱਤੇ ਚੰਗਾ ਜਾਂ ਬੁਰਾ ਅਸਰ ਪਾ ਸਕਦੇ ਹਨ! ਇਸ ਲੜਕੀ ਅਤੇ ਉਸ ਦੀਆਂ ਸਹੇਲੀਆਂ ਨੇ ਦਿਖਾਇਆ ਹੈ ਕਿ ਸ੍ਰਿਸ਼ਟੀਕਰਤਾ ਵਿਚ ਵਿਸ਼ਵਾਸ ਕਰਨਾ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਫ਼ਰਕ ਪਾਉਂਦਾ ਹੈ।