ਇਸ ਨੇ ਉਨ੍ਹਾਂ ਦਾ ਵਿਆਹ ਟੁੱਟਣੋਂ ਬਚਾਇਆ
ਇਕ ਆਦਮੀ ਨੇ ਆਪਣਾ ਹੱਥ ਯਹੋਵਾਹ ਦੀ ਇਕ ਗਵਾਹ ਨੂੰ ਦਿਖਾ ਕੇ ਕਿਹਾ: “ਮੇਰੀਆਂ ਉਂਗਲਾਂ ਵੱਲ ਦੇਖੋ। ਤੁਹਾਨੂੰ ਕੁਝ ਵੱਖਰਾ ਨਜ਼ਰ ਆਉਂਦਾ ਹੈ?” ਉਸ ਭੈਣ ਨੂੰ ਦੇਖਦਿਆਂ ਹੀ ਪਤਾ ਲੱਗ ਗਿਆ ਕਿ ਉਸ ਆਦਮੀ ਨੇ ਆਪਣੀ ਵਿਆਹ ਦੀ ਮੁੰਦਰੀ ਨਹੀਂ ਪਾਈ ਹੋਈ ਸੀ। ਉਸ ਨੇ ਦੱਸਿਆ ਕਿ ਉਸ ਦੀ ਅਤੇ ਉਸ ਦੀ ਪਤਨੀ ਦੀ ਆਪਸ ਵਿਚ ਨਹੀਂ ਬਣਦੀ ਜਿਸ ਕਰਕੇ ਉਨ੍ਹਾਂ ਨੇ ਤਲਾਕ ਲੈਣ ਦਾ ਫ਼ੈਸਲਾ ਕਰ ਲਿਆ ਹੈ। ਭੈਣ ਨੇ ਕਿਹਾ: “ਤੁਸੀਂ ਇੱਦਾਂ ਨਾ ਕਰੋ! ਇਸ ਕਿਤਾਬ ਨੂੰ ਪੜ੍ਹੋ। ਇਹ ਤੁਹਾਨੂੰ ਆਪਣਾ ਵਿਆਹ ਬਣਾਈ ਰੱਖਣ ਵਿਚ ਮਦਦ ਦੇਵੇਗੀ।” ਇਹ ਕਹਿਣ ਤੋਂ ਬਾਅਦ ਭੈਣ ਨੇ ਉਸ ਨੂੰ ਬਾਈਬਲ-ਆਧਾਰਿਤ ਕਿਤਾਬ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਦਿੱਤੀ।a
ਕੁਝ ਦਿਨਾਂ ਬਾਅਦ ਉਹ ਆਦਮੀ ਬੜਾ ਖ਼ੁਸ਼ ਹੋ ਕੇ ਭੈਣ ਨੂੰ ਮਿਲਿਆ। ਉਸ ਨੇ ਭੈਣ ਨੂੰ ਆਪਣਾ ਹੱਥ ਦਿਖਾਇਆ। ਇਸ ਵਾਰ ਉਸ ਨੇ ਆਪਣੇ ਹੱਥ ਵਿਚ ਵਿਆਹ ਦੀ ਮੁੰਦਰੀ ਪਾਈ ਹੋਈ ਸੀ। ਉਸ ਨੇ ਭੈਣ ਨੂੰ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਗਿਆਨ ਕਿਤਾਬ ਪੜ੍ਹ ਕੇ ਹੁਣ ਬਹੁਤ ਹੀ ਖ਼ੁਸ਼ ਹਨ। ਇਸ ਕਿਤਾਬ ਨੇ ਸੱਚੀ-ਮੁੱਚੀਂ ਉਨ੍ਹਾਂ ਦੇ ਹੱਥਾਂ ਵਿਚ ਦੁਬਾਰਾ ਮੁੰਦਰੀਆਂ ਪੁਆ ਦਿੱਤੀਆਂ ਅਤੇ ਉਨ੍ਹਾਂ ਦਾ ਵਿਆਹ ਟੁੱਟਣੋਂ ਬਚ ਗਿਆ।
ਬਾਈਬਲ ਦੀ ਸਲਾਹ ਇਕ ਦੂਜੇ ਲਈ ਸੱਚਾ ਪਿਆਰ ਦਿਖਾਉਣ ਵਿਚ ਪਤੀ-ਪਤਨੀ ਦੀ ਮਦਦ ਕਰ ਸਕਦੀ ਹੈ। ਇਹ ਇਸ ਕਰਕੇ ਹੈ ਕਿਉਂਕਿ ਬਾਈਬਲ ਦਾ ਲੇਖਕ ਕੋਈ ਹੋਰ ਨਹੀਂ ਸਗੋਂ ਸਾਡਾ ਸ੍ਰਿਸ਼ਟੀਕਰਤਾ ਹੈ ਜੋ ਕਹਿੰਦਾ ਹੈ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।”—ਯਸਾਯਾਹ 48:17.
[ਫੁਟਨੋਟ]
a ਵਾਚਟਾਵਰ ਬਾਈਬਲ ਅਤੇ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।