ਉਹ ਅਸੂਲਾਂ ਦੀ ਖ਼ਾਤਰ ਮਰਿਆ
“ਯਹੋਵਾਹ ਦੇ ਇਕ ਗਵਾਹ, ਔਗੁਸਟ ਡਿਕਮਾਨ (1910 ਵਿਚ ਜੰਮਿਆ) ਦੀ ਯਾਦ ਵਿਚ।” ਇਹ ਸ਼ਬਦ ਸਾਬਕਾ ਨਜ਼ਰਬੰਦੀ ਕੈਂਪ, ਜ਼ਾਕਸਨਹਾਊਜ਼ਨ ਵਿਚ ਇਕ ਤਖ਼ਤੀ (ਇੱਥੇ ਦਿਖਾਈ ਗਈ ਹੈ) ਉੱਤੇ ਉੱਕਰੇ ਹੋਏ ਹਨ। ਹਾਲ ਹੀ ਵਿਚ ਇਹ ਤਖ਼ਤੀ ਜ਼ਾਕਸਨਹਾਊਜ਼ਨ ਮਿਊਜ਼ੀਅਮ ਵਿਚ ਲਗਾਈ ਗਈ। ਯਹੋਵਾਹ ਦੇ ਇਕ ਗਵਾਹ ਲਈ ਇਹ ਤਖ਼ਤੀ ਕਿਉਂ ਬਣਾਈ ਗਈ? ਅਗਲੇ ਸ਼ਬਦ ਬਾਕੀ ਦੀ ਕਹਾਣੀ ਦੱਸਦੇ ਹਨ: “[ਉਸ] ਨੂੰ ਆਪਣੇ ਅਸੂਲਾਂ ਤੇ ਡਟੇ ਰਹਿਣ ਦੀ ਖ਼ਾਤਰ 15 ਸਤੰਬਰ 1939 ਨੂੰ ਐੱਸ. ਐੱਸ. ਅਫ਼ਸਰਾਂ ਨੇ ਗੋਲੀ ਮਾਰ ਦਿੱਤੀ।”
ਔਗੁਸਟ ਡਿਕਮਾਨ ਨੂੰ ਜ਼ਾਕਸਨਹਾਊਜ਼ਨ ਨਜ਼ਰਬੰਦੀ ਕੈਂਪ ਵਿਚ 1937 ਨੂੰ ਨਜ਼ਰਬੰਦ ਕੀਤਾ ਗਿਆ। ਸਾਲ 1939 ਵਿਚ ਦੂਸਰਾ ਵਿਸ਼ਵ ਯੁੱਧ ਛਿੜਨ ਤੋਂ ਤਿੰਨ ਦਿਨ ਬਾਅਦ, ਉਸ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਇਕ ਦਸਤਾਵੇਜ਼ ਤੇ ਦਸਤਖਤ ਕਰਨ ਦਾ ਹੁਕਮ ਦਿੱਤਾ ਗਿਆ। ਜਦੋਂ ਉਸ ਨੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਕੈਂਪ ਦੇ ਕਮਾਂਡਰ ਨੇ ਐੱਸ. ਐੱਸ (ਸ਼ੁਟਸਸ਼ਟਾਫ਼ਲ, ਹਿਟਲਰ ਦੇ ਖ਼ਾਸ ਅਫ਼ਸਰਾਂ ਦਾ ਦਲ) ਦੇ ਮੁਖੀ ਹਾਈਨਰਿਕ ਹਿਮਲਰ ਨਾਲ ਸੰਪਰਕ ਕੀਤਾ ਅਤੇ ਡਿਕਮਾਨ ਨੂੰ ਦੂਜੇ ਸਾਰੇ ਕੈਦੀਆਂ ਦੇ ਸਾਮ੍ਹਣੇ ਗੋਲੀ ਮਾਰਨ ਦੀ ਮਨਜ਼ੂਰੀ ਪੁੱਛੀ। 17 ਸਤੰਬਰ 1939 ਨੂੰ ਦ ਨਿਊਯਾਰਕ ਟਾਈਮਜ਼ ਅਖ਼ਬਾਰ ਵਿਚ ਜਰਮਨੀ ਤੋਂ ਮਿਲੀ ਇਹ ਰਿਪੋਰਟ ਛਪੀ: “29 ਸਾਲ ਦੇ ਔਗੁਸਟ ਡਿਕਮਾਨ . . . ਨੂੰ ਫ਼ੌਜੀ ਦਸਤੇ ਦੁਆਰਾ ਗੋਲੀ ਮਾਰ ਦਿੱਤੀ ਗਈ।” ਅਖ਼ਬਾਰ ਨੇ ਕਿਹਾ ਕਿ ਇਹ ਪਹਿਲਾ ਜਰਮਨ ਵਿਅਕਤੀ ਸੀ ਜੋ ਉਸ ਯੁੱਧ ਵੇਲੇ ਅਸੂਲਾਂ ਦੀ ਖ਼ਾਤਰ ਮਰਿਆ।
ਸੱਠ ਸਾਲਾਂ ਬਾਅਦ, 18 ਸਤੰਬਰ 1999 ਨੂੰ ਬਰਾਂਡਨਬਰਗ ਮੈਮੋਰੀਅਲ ਫ਼ਾਊਂਡੇਸ਼ਨ ਨੇ ਡਿਕਮਾਨ ਦੀ ਮੌਤ ਦੀ ਯਾਦਗਾਰ ਮਨਾਈ ਅਤੇ ਹੁਣ ਇਹ ਯਾਦਗਾਰੀ ਤਖ਼ਤੀ ਆਉਂਦੇ-ਜਾਂਦੇ ਲੋਕਾਂ ਨੂੰ ਉਸ ਦੇ ਹੌਸਲੇ ਅਤੇ ਮਜ਼ਬੂਤ ਨਿਹਚਾ ਦੀ ਯਾਦ ਕਰਾਉਂਦੀ ਹੈ। ਜ਼ਾਕਸਨਹਾਊਜ਼ਨ ਕੈਂਪ ਦੀ ਬਾਹਰੀ ਕੰਧ ਉੱਤੇ ਲੱਗੀ ਦੂਜੀ ਤਖ਼ਤੀ, ਕੈਂਪ ਨੂੰ ਦੇਖਣ ਆਉਣ ਵਾਲਿਆਂ ਨੂੰ ਇਹ ਯਾਦ ਕਰਾਉਂਦੀ ਹੈ ਕਿ ਡਿਕਮਾਨ ਉਨ੍ਹਾਂ ਕੁਝ 900 ਯਹੋਵਾਹ ਦੇ ਗਵਾਹਾਂ ਵਿੱਚੋਂ ਇਕ ਸੀ ਜਿਨ੍ਹਾਂ ਨੇ ਇਸ ਕੈਂਪ ਵਿਚ ਆਪਣੇ ਵਿਸ਼ਵਾਸਾਂ ਦੀ ਖ਼ਾਤਰ ਤਸੀਹੇ ਝੱਲੇ। ਦੂਜੇ ਕੈਂਪਾਂ ਵਿਚ ਵੀ ਬਹੁਤ ਸਾਰੇ ਗਵਾਹਾਂ ਨੇ ਤਸੀਹੇ ਝੱਲੇ। ਜੀ ਹਾਂ, ਨਜ਼ਰਬੰਦੀ ਕੈਂਪਾਂ ਦੀਆਂ ਭਿਆਨਕ ਹਾਲਤਾਂ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਪਰਮੇਸ਼ੁਰੀ ਅਸੂਲਾਂ ਪ੍ਰਤੀ ਵਫ਼ਾਦਾਰ ਰਹੇ।
ਯਹੋਵਾਹ ਦੇ ਗਵਾਹਾਂ ਦੀ ਇਹ ਮਸੀਹੀ ਜ਼ਿੰਮੇਵਾਰੀ ਹੈ ਕਿ ਉਹ “ਹਕੂਮਤਾਂ ਦੇ ਅਧੀਨ ਰਹਿਣ।” (ਰੋਮੀਆਂ 13:1) ਫਿਰ ਵੀ, ਜਦੋਂ ਸਰਕਾਰਾਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਅਸੂਲਾਂ ਨੂੰ ਤੋੜਨ ਲਈ ਮਜਬੂਰ ਕਰਦੀਆਂ ਹਨ, ਤਾਂ ਉਹ ਮਸੀਹ ਦੇ ਰਸੂਲਾਂ ਦੀ ਉਦਾਹਰਣ ਦੀ ਨਕਲ ਕਰਦੇ ਹਨ, ਜਿਨ੍ਹਾਂ ਨੇ ਕਿਹਾ ਸੀ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜ਼ਰੂਰੀ ਹੈ।” (ਰਸੂਲਾਂ ਦੇ ਕਰਤੱਬ 5:29) ਸਿੱਟੇ ਵਜੋਂ, ਦੁਨੀਆਂ ਭਰ ਵਿਚ ਜਿੱਥੇ ਜਾਤੀਵਾਦ ਅਤੇ ਨਸਲੀ ਦੁਸ਼ਮਣੀਆਂ ਕਰਕੇ ਦਿਲ ਦਹਿਲਾ ਦੇਣ ਵਾਲੇ ਅਤਿਆਚਾਰ ਹੁੰਦੇ ਹਨ, ਉੱਥੇ ਯਹੋਵਾਹ ਦੇ ਗਵਾਹ, ਔਗੁਸਟ ਡਿਕਮਾਨ ਦੀ ਤਰ੍ਹਾਂ ਸਾਰਿਆਂ ਨਾਲ ਸ਼ਾਂਤੀ ਨਾਲ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਉਹ ਬਾਈਬਲ ਦੀ ਇਸ ਸਿੱਖਿਆ ਨੂੰ ਮੰਨਦੇ ਹਨ: “ਬੁਰਿਆਈ ਤੋਂ ਨਾ ਹਾਰ ਸਗੋਂ ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈ।”—ਰੋਮੀਆਂ 12:21.