ਯਹੋਵਾਹ-ਪ੍ਰਤੀ ਵਫ਼ਾਦਾਰ ਰਹਿਣਾ
ਵਫ਼ਾਦਾਰੀ ਦਾ ਗੁਣ ਬੇਸ਼ੱਕ ਅੱਜ-ਕੱਲ੍ਹ ਲੋਕਾਂ ਵਿਚ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਹੈ, ਪਰ ਸੱਚੇ ਪਰਮੇਸ਼ੁਰ ਯਹੋਵਾਹ ਦੇ ਸੇਵਕਾਂ ਵਿਚ ਇਹ ਗੁਣ ਖ਼ਾਸ ਤੌਰ ਤੇ ਪਾਇਆ ਜਾਂਦਾ ਹੈ। ਇਕ ਵਫ਼ਾਦਾਰ ਵਿਅਕਤੀ ਪਰਤਾਵਿਆਂ ਦੌਰਾਨ ਕਦੇ ਸਮਝੌਤਾ ਨਹੀਂ ਕਰਦਾ ਤੇ ਨਾ ਹੀ ਕਦੇ ਡੋਲਦਾ ਹੈ। ਜ਼ਰਾ ਹਿਜ਼ਕੀਯਾਹ ਨਾਮਕ ਇਕ ਚੰਗੇ ਰਾਜੇ ਦੀ ਮਿਸਾਲ ਉੱਤੇ ਗੌਰ ਕਰੋ। ਬਾਈਬਲ ਦੱਸਦੀ ਹੈ ਕਿ “ਉਸ ਦੇ ਪਿੱਛੋਂ ਯਹੂਦਾਹ ਦੇ ਸਾਰੇ ਪਾਤਸ਼ਾਹਾਂ ਵਿੱਚੋਂ ਇੱਕ ਭੀ ਉਸ ਦੇ ਵਰਗਾ ਨਾ ਹੋਇਆ ਅਰ ਨਾ ਉਸ ਤੋਂ ਪਹਿਲਾਂ ਕੋਈ ਹੋਇਆ ਸੀ।” ਇਸ ਰਾਜੇ ਵਿਚ ਕਿਹੜੀ ਖ਼ਾਸ ਗੱਲ ਸੀ? ਬੇਸ਼ੱਕ ਉਹ ਝੂਠੇ ਦੇਵਤੇ ਮੋਲਕ ਦੀ ਭਗਤੀ ਕਰਨ ਵਾਲਿਆਂ ਨਾਲ ਘਿਰਿਆ ਹੋਇਆ ਸੀ, ਪਰ ਫਿਰ ਵੀ “ਉਹ ਯਹੋਵਾਹ ਦੇ ਨਾਲ ਚਿੰਬੜਿਆ ਰਿਹਾ।” ਜੀ ਹਾਂ, ਹਿਜ਼ਕੀਯਾਹ “[ਯਹੋਵਾਹ] ਦੇ ਪਿੱਛੇ ਤੁਰਨੋਂ ਨਾ ਹਟਿਆ ਪਰ ਉਹ ਦੇ ਹੁਕਮਾਂ ਨੂੰ ਮੰਨਦਾ ਰਿਹਾ।”—2 ਰਾਜਿਆਂ 18:1-6.
ਪੌਲੁਸ ਰਸੂਲ ਨਾਂ ਦਾ ਇਕ ਹੋਰ ਵਿਅਕਤੀ ਵੀ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ। ਬਾਈਬਲ ਵਿਚ ਇਸ ਵਿਅਕਤੀ ਦੀ ਸੇਵਕਾਈ ਦਾ ਰਿਕਾਰਡ ਦਿੱਤਾ ਗਿਆ ਹੈ ਜੋ ਇਸ ਗੱਲ ਦੀ ਸਪੱਸ਼ਟ ਗਵਾਹੀ ਦਿੰਦਾ ਹੈ ਕਿ ਉਸ ਨੇ ਪਰਮੇਸ਼ੁਰ ਦੀ ਤਨ-ਮਨ ਨਾਲ ਸੇਵਾ ਕੀਤੀ ਅਤੇ ਅੰਤ ਤੋੜੀ ਵਫ਼ਾਦਾਰ ਰਿਹਾ। ਇਸੇ ਲਈ ਆਪਣੀ ਜ਼ਿੰਦਗੀ ਦੇ ਆਖ਼ਰੀ ਮੋੜ ਤੇ ਪੌਲੁਸ ਕਹਿ ਸਕਿਆ: “ਮੈਂ ਅੱਛੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਮੁਕਾ ਛੱਡੀ, ਮੈਂ ਨਿਹਚਾ ਦੀ ਸਾਂਭ ਕੀਤੀ ਹੈ।”—2 ਤਿਮੋਥਿਉਸ 4:7.
ਹਿਜ਼ਕੀਯਾਹ ਅਤੇ ਪੌਲੁਸ ਦੋਵੇਂ ਹੀ ਵਫ਼ਾਦਾਰੀ ਦੀਆਂ ਕਿੰਨੀਆਂ ਸ਼ਾਨਦਾਰ ਮਿਸਾਲਾਂ ਹਨ! ਆਓ ਅਸੀਂ ਉਨ੍ਹਾਂ ਦੀ ਨਿਹਚਾ ਦੀ ਰੀਸ ਕਰੀਏ ਅਤੇ ਉਨ੍ਹਾਂ ਵਾਂਗ ਆਪਣੇ ਮਹਾਨ ਪਰਮੇਸ਼ੁਰ ਯਹੋਵਾਹ ਪ੍ਰਤੀ ਵਫ਼ਾਦਾਰ ਰਹੀਏ।—ਇਬਰਾਨੀਆਂ 13:7.