ਚੰਗੇ ਕੰਮ ਪਰਮੇਸ਼ੁਰ ਦੀ ਮਹਿਮਾ ਕਰਦੇ ਹਨ
ਜਿ ਹੜੇ ਲੋਕ ਪਰਮੇਸ਼ੁਰ ਨਾਲ ਪਿਆਰ ਕਰਦੇ ਹਨ ਉਹ ਉਸ ਦੇ ਬਚਨ, ਬਾਈਬਲ ਤੋਂ ਰੂਹਾਨੀ ਚਾਨਣ ਚਮਕਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਉਹ ਯਿਸੂ ਦੇ ਹੁਕਮ ਦੀ ਪਾਲਣਾ ਕਰਦੇ ਹਨ: “ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।” (ਮੱਤੀ 5:16) ਆਪਣੀ ਬੋਲੀ ਦੇ ਨਾਲ-ਨਾਲ ਅਸੀਂ ਨੇਕ ਚਾਲ-ਚੱਲਣ ਰਾਹੀਂ ਵੀ ਪਰਮੇਸ਼ੁਰ ਦੀ ਮਹਿਮਾ ਕਰ ਸਕਦੇ ਹਾਂ।
ਯਹੋਵਾਹ ਦੇ ਗਵਾਹ ਬਾਈਬਲ ਉੱਤੇ ਅਮਲ ਕਰ ਕੇ ਅਤੇ ਲੋਕਾਂ ਨੂੰ ਰੱਬ ਬਾਰੇ ਸਿਖਾ ਕੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਉਨ੍ਹਾਂ ਦੇਸ਼ਾਂ ਵਿਚ ਵੀ ਇਸੇ ਤਰ੍ਹਾਂ ਕਰਦੇ ਹਨ ਜਿੱਥੇ ਉਨ੍ਹਾਂ ਦੀ ਸੇਵਕਾਈ ਹਾਲੇ ਕਾਨੂੰਨੀ ਤੌਰ ਤੇ ਰਜਿਸਟਰ ਨਹੀਂ ਕੀਤੀ ਗਈ ਹੈ। ਇਨ੍ਹਾਂ ਦੇਸ਼ਾਂ ਵਿੱਚੋਂ ਇਕ ਦੀ ਰਾਜਧਾਨੀ ਵਿਚ, ਯਹੋਵਾਹ ਦੇ ਗਵਾਹ ਹਰ ਸਾਲ ਇਕ ਵੱਡੇ ਸੰਮੇਲਨ ਦਾ ਇੰਤਜ਼ਾਮ ਕਰਦੇ ਹਨ ਜਿਸ ਵਿਚ 6,000 ਤੋਂ ਲੈ ਕੇ 9,000 ਲੋਕ ਇਕੱਠੇ ਹੁੰਦੇ ਹਨ। ਉਨ੍ਹਾਂ ਨੇ ਅਜਿਹੇ ਸੰਮੇਲਨਾਂ ਲਈ ਅਜਿਹੀ ਜਗ੍ਹਾ ਤੇ ਹਾਲ ਕਿਰਾਏ ਤੇ ਲਏ ਹਨ ਜਿੱਥੇ ਨੁਮਾਇਸ਼ਾਂ ਹੁੰਦੀਆਂ ਹਨ। ਪਿੱਛਲੇ ਸਾਲ ਦੇ ਸੰਮੇਲਨ ਤੋਂ ਪਹਿਲਾਂ, ਸੈਂਕੜਿਆਂ ਹੀ ਮਸੀਹੀਆਂ ਨੇ ਹਾਲ ਦੀ ਸਫ਼ਾਈ ਕਰਨ ਵਿਚ, ਸਾਉਂਡ ਸਿਸਟਮ ਤਿਆਰ ਕਰਨ ਵਿਚ ਅਤੇ ਹਜ਼ਾਰਾਂ ਕੁਰਸੀਆਂ ਰੱਖਣ ਵਿਚ ਬਹੁਤ ਮਿਹਨਤ ਕੀਤੀ।
ਇੰਨੀਆਂ ਸਾਰੀਆਂ ਤਿਆਰੀਆਂ ਨੇ ਦੂਜਿਆਂ ਲੋਕਾਂ ਦਾ ਧਿਆਨ ਖਿੱਚਿਆ। ਉਸ ਜਗ੍ਹਾ ਦੀ ਮੈਨੇਜਮੈਂਟ ਨੇ ਇਨ੍ਹਾਂ ਸਾਰਿਆਂ ਕੰਮਾਂ ਨੂੰ ਧਿਆਨ ਨਾਲ ਦੇਖਿਆ। ਉਨ੍ਹਾਂ ਨੇ ਦੇਖਿਆ ਕਿ ਇਸ ਸੰਮੇਲਨ ਦੀ ਹਾਜ਼ਰੀ 15,666 ਹੋਣ ਦੇ ਬਾਵਜੂਦ ਕੋਈ ਮੁਸ਼ਕਲ ਖੜ੍ਹੀ ਨਹੀਂ ਹੋਈ ਅਤੇ ਗਵਾਹ ਸ਼ਾਂਤ ਸੁਭਾਅ ਨਾਲ ਮਿਲ ਕੇ ਰਹੇ। ਸੰਮੇਲਨ ਤੋਂ ਬਾਅਦ ਚੰਗੀ ਤਰ੍ਹਾਂ ਸਫ਼ਾਈ ਕੀਤੀ ਗਈ ਸੀ ਅਤੇ ਹਾਲ ਦੇ ਕਰਮਚਾਰੀ ਇਸ ਨੂੰ ਦੇਖ ਕੇ ਬੜੇ ਪ੍ਰਭਾਵਿਤ ਹੋਏ।
ਮੈਨੇਜਮੈਂਟ ਨੇ ਗਵਾਹਾਂ ਦੀ ਬਹੁਤ ਕਦਰ ਕੀਤੀ ਅਤੇ ਉਨ੍ਹਾਂ ਨੇ ਅਗਲੇ ਸਾਲ ਹਾਲ ਦੀ ਬੁਕਿੰਗ ਲਈ ਉਨ੍ਹਾਂ ਦਾ ਨਾਂ ਸੂਚੀ ਉੱਤੇ ਸਾਰਿਆਂ ਤੋਂ ਪਹਿਲਾਂ ਲਿਖਿਆ। ਪਰ ਉਨ੍ਹਾਂ ਨੇ ਇਸ ਤੋਂ ਵੀ ਵੱਧ ਕੀਤਾ ਸੀ। ਉਨ੍ਹਾਂ ਨੇ 15 ਜੁਲਾਈ 1999 ਨੂੰ ਸੰਮੇਲਨ ਦੀ ਕਮੇਟੀ ਨੂੰ ਕਦਰਦਾਨੀ ਦਾ ਇਨਾਮ ਪੇਸ਼ ਕੀਤਾ। ਇਨਾਮ ਉੱਤੇ ਇਹ ਸ਼ਬਦ ਲਿਖੇ ਗਏ ਸਨ “ਯਹੋਵਾਹ ਦੇ ਗਵਾਹਾਂ ਦੀ ਕਲੀਸਿਯਾ।” ਇਹ ਕਾਫ਼ੀ ਹੈਰਾਨ ਕਰਨ ਵਾਲੀ ਗੱਲ ਹੈ ਕਿਉਂਕਿ ਇਸ ਦੇਸ਼ ਵਿਚ ਬਾਈਬਲ ਦੀ ਸਿੱਖਿਆ ਦੇਣ ਦੇ ਕੰਮ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ ਹਨ।
ਸੰਸਾਰ ਭਰ ਵਿਚ ਸਾਲ 2000/2001 ਵਿਚ, ਲੱਖਾਂ ਹੀ ਲੋਕ ਯਹੋਵਾਹ ਦੇ ਗਵਾਹਾਂ ਦੇ ਸੰਮੇਲਨਾਂ ਵਿਚ ਇਕੱਠੇ ਹੋਣਗੇ ਜਿਨ੍ਹਾਂ ਦਾ ਵਿਸ਼ਾ ਹੈ “ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲੇ।” ਉਨ੍ਹਾਂ ਵਿਚ ਜਾ ਕੇ ਤੁਸੀਂ ਖ਼ੁਦ ਉਨ੍ਹਾਂ ਲੋਕਾਂ ਨੂੰ ਦੇਖ ਸਕੋਗੇ ਜੋ ਬਾਈਬਲ ਵਿਚ ਦੱਸੇ ਗਏ ਚੰਗੇ ਕੰਮ ਕਰ ਕੇ ਪਰਮੇਸ਼ੁਰ ਦੀ ਮਹਿਮਾ ਕਰਦੇ ਹਨ।