ਜਦੋਂ ਚੁੱਪ ਹਾਮੀ ਭਰਦੀ ਹੈ
ਨਾਜ਼ੀ ਸਰਕਾਰ ਦੀ ਹਿਮਾਇਤ ਕਰਨ ਵਿਚ ਧਰਮ ਦੀ ਕੀ ਭੂਮਿਕਾ ਸੀ, ਇਸ ਬਾਰੇ ਇਕ ਕਿਤਾਬ ਵਿਸ਼ਵਾਸਘਾਤ—ਜਰਮਨੀ ਦੇ ਚਰਚ ਅਤੇ ਸਰਬਨਾਸ਼ ਖੋਲ੍ਹ ਕੇ ਦੱਸਦੀ ਹੈ। ਇਹ ਕਿਤਾਬ ਕਹਿੰਦੀ ਹੈ: “ਈਸਾਈ ਲੋਕ ਸਰਕਾਰ ਦੇ ਹਿਮਾਇਤੀ ਸਨ। ਉਸ ਵੇਲੇ ਯਹੂਦੀਆਂ ਨੂੰ ਬੜਾ ਸਤਾਇਆ ਗਿਆ ਪਰ ਇਨ੍ਹਾਂ ਈਸਾਈਆਂ ਨੇ ਉਸ ਸਤਾਹਟ ਦੇ ਵਿਰੋਧ ਵਿਚ ਕੋਈ ਆਵਾਜ਼ ਨਹੀਂ ਉਠਾਈ। ਇਸ ਤਰ੍ਹਾਂ ਉਨ੍ਹਾਂ ਦੀ ਚੁੱਪ ਬਹੁਤ ਕੁਝ ਕਹਿ ਰਹੀ ਸੀ।”
ਈਸਾਈਆਂ ਨੇ ਨਾਜ਼ੀ ਸਰਕਾਰ ਦੀ ਹਿਮਾਇਤ ਕਿਉਂ ਕੀਤੀ ਸੀ? ਇਹ ਕਿਤਾਬ ਦੱਸਦੀ ਹੈ ਕਿ ਹਿਟਲਰ ਨੇ ਆਪਣੀ “ਕਾਨੂੰਨ-ਵਿਵਸਥਾ” ਨਾਲ ਜਰਮਨ ਲੋਕਾਂ ਨੂੰ ਭਰਮਾ ਲਿਆ। ਇਹ ਕਿਤਾਬ ਕਹਿੰਦੀ ਹੈ: “ਹਿਟਲਰ ਨੇ ਅਸ਼ਲੀਲ ਸਾਹਿੱਤ, ਵੇਸਵਾ-ਗਮਨ, ਗਰਭਪਾਤ, ਸਮਲਿੰਗਕਾਮੁਕਤਾ ਅਤੇ ਆਧੁਨਿਕ ਕਲਾ ਦੀ ‘ਅਸ਼ਲੀਲਤਾ’ ਦਾ ਵਿਰੋਧ ਕੀਤਾ। ਜਿਹੜੀਆਂ ਤੀਵੀਆਂ ਚਾਰ-ਚਾਰ, ਛੇ-ਛੇ ਜਾਂ ਅੱਠ-ਅੱਠ ਨਿਆਣੇ ਜੰਮਦੀਆਂ ਸਨ ਉਸ ਨੇ ਉਨ੍ਹਾਂ ਨੂੰ ਕਾਂਸੀ, ਚਾਂਦੀ ਅਤੇ ਸੋਨੇ ਦੇ ਤਮਗੇ ਦਿੱਤੇ। ਇਸ ਤਰ੍ਹਾਂ ਉਸ ਨੇ ਤੀਵੀਆਂ ਨੂੰ ਆਪਣੇ ਘਰਾਂ ਦੀ ਚਾਰ-ਦੀਵਾਰੀ ਵਿਚ ਰਹਿਣ ਲਈ ਉਤਸ਼ਾਹਿਤ ਕੀਤਾ। ਇਸ ਦੇ ਨਾਲ-ਨਾਲ ਉਸ ਨੇ ਪਹਿਲਾਂ ਪੁਰਾਣੀਆਂ ਪਰੰਪਰਾਵਾਂ ਨੂੰ ਮੁੜ-ਬਹਾਲ ਕੀਤਾ। ਇਸ ਤੋਂ ਇਲਾਵਾ, ਉਸ ਨੇ ਵਰਸੇਲਜ਼ ਨਾਂ ਦੀ ਅਪਮਾਨਜਨਕ ਸੰਧੀ ਰੱਦ ਕਰ ਕੇ ਮਿਲਟਰੀ ਰਾਸ਼ਟਰਵਾਦ ਸ਼ੁਰੂ ਕੀਤਾ। ਇਨ੍ਹਾਂ ਦੋਹਾਂ ਗੱਲਾਂ ਕਰਕੇ ਨਾਜ਼ੀਵਾਦ ਯਾਨੀ ਰਾਸ਼ਟਰੀ ਸਮਾਜਵਾਦ ਲੋਕਾਂ ਦੀ ਖਿੱਚ ਦਾ ਕਾਰਨ ਬਣ ਗਿਆ। ਇੱਥੋਂ ਤਕ ਕਿ ਜਰਮਨੀ ਦੇ ਕਈ ਈਸਾਈ ਵੀ ਉਸ ਦੇ ਪਿੱਛੇ ਲੱਗ ਗਏ।” ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਕਿ ਸਿਰਫ਼ ਹਿਟਲਰ ਹੀ ਜਰਮਨੀ ਨੂੰ ਉੱਨਤੀ ਦੀ ਸਿਖਰ ਤੇ ਪਹੁੰਚਾ ਸਕਦਾ ਹੈ।
ਪਰ ਇਕ ਗਰੁੱਪ ਬਿਲਕੁਲ ਵੱਖਰਾ ਹੀ ਸੀ: ਉਹ ਸੀ ਯਹੋਵਾਹ ਦੇ ਗਵਾਹ। ਵਿਸ਼ਵਾਸਘਾਤ ਕਿਤਾਬ ਕਹਿੰਦੀ ਹੈ: “ਯਹੋਵਾਹ ਦੇ ਗਵਾਹਾਂ ਨੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਜਾਂ ਮਿਲਟਰੀ ਕੰਮਾਂ ਵਿਚ ਹਿੱਸਾ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ।” ਇਸੇ ਕਰਕੇ ਇਸ ਛੋਟੇ ਜਿਹੇ ਗਰੁੱਪ ਨੂੰ ਬੁਰੀ ਤਰ੍ਹਾਂ ਸਤਾਇਆ ਗਿਆ ਤੇ ਇਸ ਦੇ ਕਈ ਮੈਂਬਰਾਂ ਨੂੰ ਨਜ਼ਰਬੰਦੀ-ਕੈਂਪਾਂ ਵਿਚ ਸੁੱਟ ਦਿੱਤਾ ਗਿਆ। ਪਰ ਦੂਜੇ ਹੋਰ ਕਈ, ਜਿਹੜੇ ਮਸੀਹ ਦੇ ਚੇਲੇ ਹੋਣ ਦਾ ਦਾਅਵਾ ਕਰਦੇ ਸਨ, ਉਨ੍ਹਾਂ ਨੇ ਇਸ ਸਤਾਹਟ ਦੇ ਵਿਰੁੱਧ ਕੋਈ ਆਵਾਜ਼ ਨਹੀਂ ਉਠਾਈ। ਕਿਤਾਬ ਅੱਗੇ ਕਹਿੰਦੀ ਹੈ: “ਕੈਥੋਲਿਕਾਂ ਅਤੇ ਪ੍ਰੋਟੈਸਟੈਂਟਾਂ ਨੇ ਯਹੋਵਾਹ ਦੇ ਗਵਾਹਾਂ ਪ੍ਰਤੀ ਹਮਦਰਦੀ ਨਹੀਂ ਸਗੋਂ ਦੁਸ਼ਮਣੀ ਦਿਖਾਈ। ਉਨ੍ਹਾਂ ਨੇ ਅਮਨ-ਪਸੰਦ ਯਹੋਵਾਹ ਦੇ ਗਵਾਹਾਂ ਦਾ ਸਾਥ ਦੇਣ ਦੀ ਬਜਾਇ, ਹਿਟਲਰ ਦਾ ਸਾਥ ਦਿੱਤਾ।” ਇਸ ਤੋਂ ਸਾਫ਼ ਜ਼ਾਹਰ ਹੈ ਕਿ ਇਨ੍ਹਾਂ ਲੋਕਾਂ ਦੀ ਚੁੱਪ ਕਾਰਨ ਨਾਜ਼ੀ ਸਰਕਾਰ ਨੇ ਗਵਾਹਾਂ ਨੂੰ ਹੋਰ ਜ਼ਿਆਦਾ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ।
ਜਦੋਂ ਕਿ ਅੱਜ ਵੀ ਇਸ ਗੱਲ ਤੇ ਗਰਮਾ-ਗਰਮ ਬਹਿਸ ਚੱਲ ਰਹੀ ਹੈ ਕਿ ਚਰਚਾਂ ਨੇ ਨਾਜ਼ੀ ਸਰਕਾਰ ਦੀ ਹਿਮਾਇਤ ਕਿਉਂ ਕੀਤੀ ਸੀ, ਪਰ ਵਿਸ਼ਵਾਸਘਾਤ ਕਿਤਾਬ ਕਹਿੰਦੀ ਹੈ ਕਿ ਯਹੋਵਾਹ ਦੇ ਗਵਾਹਾਂ ਦਾ ਹੀ “ਇੱਕੋ-ਇਕ ਧਾਰਮਿਕ ਗਰੁੱਪ ਸੀ ਜਿਸ ਨੇ ਨਾਜ਼ੀ ਸਰਕਾਰ ਦੀ ਹਿਮਾਇਤ ਕਰਨ ਜਾਂ ਉਸ ਦੇ ਕੰਮਾਂ ਵਿਚ ਹਿੱਸਾ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।”