“ਏਕਤਾ ਦੀ ਇਕ ਮਿਸਾਲ”
ਬ੍ਰਾਜ਼ੀਲ, ਸਾਓ ਪੌਲੋ, ਐਂਡਾਈਟੂਬਾ ਸ਼ਹਿਰ ਵਿਖੇ ਇਕ ਅਖ਼ਬਾਰ ਦੇ ਸੰਪਾਦਕ ਨੇ ਆਪਣਾ ਲੇਖ ਇਸ ਤਰ੍ਹਾਂ ਸ਼ੁਰੂ ਕੀਤਾ। ਉਹ ਕਿਸ ਬਾਰੇ ਲਿਖ ਰਿਹਾ ਸੀ? “ਯਹੋਵਾਹ ਦੇ ਗਵਾਹ, ਜੋ ਆਪਣੀਆਂ ਸਭਾਵਾਂ ਲਈ ਇਕ ਨਵਾਂ ‘ਕਿੰਗਡਮ ਹਾਲ’ ਬਣਾ ਰਹੇ ਹਨ, ਮਿਲਵਰਤਣ ਦਾ ਐਨਾ ਵਧੀਆ ਸਬੂਤ ਦੇ ਰਹੇ ਹਨ ਕਿ ਉਨ੍ਹਾਂ ਦੀ ਏਕਤਾ ਵੱਲ ਸਾਡਾ ਧਿਆਨ ਖਿੱਚਿਆ ਜਾਂਦਾ ਹੈ,” ਲੇਖਕ ਨੇ ਦੱਸਿਆ।
ਅਜਿਹਿਆਂ ਮੌਕਿਆਂ ਤੇ ਯਹੋਵਾਹ ਦੇ ਗਵਾਹਾਂ ਦੀ ਏਕਤਾ ਪ੍ਰਗਟ ਹੁੰਦੀ ਹੈ। ਇਸ ਕਰਕੇ ਇਸ ਲੇਖ ਨੇ ਕਿਹਾ ਕਿ “ਆਦਮੀਆਂ, ਔਰਤਾਂ ਅਤੇ ਨੌਜਵਾਨਾਂ ਨੂੰ ਖ਼ੁਸ਼ੀ-ਖ਼ੁਸ਼ੀ ਇਕੱਠੇ ਕੰਮ ਕਰਦਿਆਂ ਦੇਖ ਕੇ ਸਾਡਾ ਵੀ ਦਿਲ ਖ਼ੁਸ਼ ਹੁੰਦਾ ਹੈ। ਉਹ ਆਪਣੀ ਮਰਜ਼ੀ ਨਾਲ ਆ ਕੇ ਅਤੇ ਬਿਨਾਂ ਪੈਸਾ ਲਏ ਇਕ ਹਾਲ ਬਣਾ ਰਹੇ ਹਨ ਜਿੱਥੇ ਉਹ ਆਪਣੀਆਂ ਸਭਾਵਾਂ ਵਿਚ ਇਕੱਠੇ ਮਿਲ ਕੇ ਪਰਮੇਸ਼ੁਰ ਦੀ ਭਗਤੀ ਕਰ ਸਕਣਗੇ।”
ਯਹੋਵਾਹ ਦੇ ਗਵਾਹ ਦੂਜਿਆਂ ਮਾਮਲਿਆਂ ਵਿਚ ਵੀ ਚੰਗੀ ਮਿਸਾਲ ਕਾਇਮ ਕਰਦੇ ਹਨ। ਲੇਖਕ ਨੇ ਲਿਖਿਆ ਕਿ ਉਹ “ਬਾਈਬਲ ਪੜ੍ਹਨ ਅਤੇ ਪ੍ਰਾਰਥਨਾ ਕਰਨ ਤੋਂ ਇਲਾਵਾ, ਸ਼ਰਾਬੀਆਂ ਅਤੇ ਅਮਲੀਆਂ ਨੂੰ ਵੀ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਲੋਕਾਂ ਨੂੰ ਏਕਤਾ ਅਤੇ ਪ੍ਰੇਮ ਨਾਲ ਰਹਿਣ ਬਾਰੇ ਸਿੱਖਿਆ ਦਿੰਦੇ ਹਨ।” ਉਹ ਇਹ ਕਿਸ ਤਰ੍ਹਾਂ ਕਰਦੇ ਹਨ? ਯਹੋਵਾਹ ਦੇ ਗਵਾਹ ਜਾਣਦੇ ਹਨ ਕਿ ਲੋਕ ਬਾਈਬਲ ਦੀ ਸਿੱਖਿਆ ਲੈਣ ਅਤੇ ਇਸ ਨੂੰ ਲਾਗੂ ਕਰਨ ਨਾਲ ਬੁਰੀਆਂ ਆਦਤਾਂ ਤੋਂ ਛੁੱਟ ਸਕਦੇ ਹਨ। ਇਸੇ ਕਰਕੇ ਉਹ ਲੋਕਾਂ ਨੂੰ ਬਾਈਬਲ ਤੋਂ ਉਹੀ ਸਿੱਖਿਆ ਦਿੰਦੇ ਹਨ ਜਿਸ ਤੋਂ ਉਨ੍ਹਾਂ ਨੂੰ ਵੀ ਲਾਭ ਮਿਲਿਆ ਹੈ। ਇਸ ਸੰਪਾਦਕ ਨੇ ਆਪਣਾ ਲੇਖ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਕੀਤਾ ਕਿ “ਉਨ੍ਹਾਂ ਦੀ ਮਿਸਾਲ ਜ਼ਰੂਰ ਅਪਣਾਈ ਜਾਣੀ ਚਾਹੀਦੀ ਹੈ।”
ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਸਾਰੇ ਆ ਸਕਦੇ ਹਨ ਅਤੇ ਉੱਥੇ ਚੰਦਾ ਨਹੀਂ ਮੰਗਿਆ ਜਾਂਦਾ। ਤੁਸੀਂ ਆਪਣੇ ਲਾਗੇ ਕਿਸੇ ਕਿੰਗਡਮ ਹਾਲ ਵਿਚ ਜ਼ਰੂਰ ਜਾ ਕੇ ਦੇਖਿਓ।