ਪੂਰੀ ਦੁਨੀਆਂ ਵਿਚ ਸ਼ਾਂਤੀ ਕਿਵੇਂ ਆਵੇਗੀ?
ਕੀ ਛੇਤੀ ਹੀ ਪੂਰੀ ਦੁਨੀਆਂ ਵਿਚ ਸ਼ਾਂਤੀ ਆਉਣ ਵਾਲੀ ਹੈ? ਬਹੁਤ ਸਾਰੇ ਲੋਕ ਪਹਿਲਾਂ ਏਦਾਂ ਹੀ ਸੋਚਦੇ ਸਨ, ਪਰ ਹੁਣ ਉਹ ਇਸ ਗੱਲ ਤੇ ਸ਼ੱਕ ਕਰਨ ਲੱਗ ਪਏ ਹਨ। ਭਵਿੱਖ ਵਿਚ ਜਿਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਸਾਨੂੰ ਕਰਨਾ ਪਵੇਗਾ, ਉਸ ਬਾਰੇ ਦੱਖਣੀ ਅਫ਼ਰੀਕਾ ਦੀ ਡੇਲੀ ਮੇਲ ਐਂਡ ਗਾਰਡੀਅਨ ਨਾਂ ਦੀ ਅਖ਼ਬਾਰ ਵਿਚ ਛਪੀ ਇਕ ਰਿਪੋਰਟ ਵਿਚ ਇੰਜ ਲਿਖਿਆ ਗਿਆ: “ਬੜੇ ਦੁੱਖ ਦੀ ਗੱਲ ਹੈ ਕਿ ਦਸ ਸਾਲ ਪਹਿਲਾਂ ਨਵੀਂ ਸਮਾਜਕ-ਰਾਜਨੀਤਿਕ ਵਿਵਸਥਾ ਬਾਰੇ ਜੋ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ, ਉਹ ਅੱਜ ਖੋਖਲੀਆਂ ਨਜ਼ਰ ਆ ਰਹੀਆਂ ਹਨ।”
ਇਸ ਰਿਪੋਰਟ ਦੇ ਲੇਖਕਾਂ ਨੇ ਦੱਸਿਆ ਕਿ ਸਿਰਫ਼ ਦਸ ਸਾਲ ਪਹਿਲਾਂ ਲੋਕ ਪੂਰੀ ਦੁਨੀਆਂ ਵਿਚ ਸ਼ਾਂਤੀ ਆਉਣ ਦੀ ਉਮੀਦ ਕਰਦੇ ਸਨ। ਸ਼ੀਤ ਯੁੱਧ ਹੁਣੇ-ਹੁਣੇ ਹੀ ਖ਼ਤਮ ਹੋਇਆ ਸੀ ਤੇ ਵਿਸ਼ਵ ਸ਼ਕਤੀਆਂ ਵਿਚਕਾਰ ਹੁਣ ਕੋਈ ਝਗੜਾ ਨਹੀਂ ਸੀ। ਉਸ ਵੇਲੇ ਬਹੁਤ ਸਾਰੇ ਲੋਕਾਂ ਨੂੰ ਇੰਜ ਲੱਗਦਾ ਸੀ ਕਿ ਇਹ ਇਕ ਨਵੇਂ ਯੁਗ ਦੀ ਸ਼ੁਰੂਆਤ ਸੀ ਜਿਸ ਵਿਚ ਗ਼ਰੀਬੀ, ਬੀਮਾਰੀਆਂ ਅਤੇ ਵਾਤਾਵਰਣ ਸੰਬੰਧੀ ਮੁਸ਼ਕਲਾਂ ਦੇ ਹੱਲ ਲੱਭੇ ਜਾਣਗੇ। ਇਹ ਰਿਪੋਰਟ ਕਹਿੰਦੀ ਹੈ: “ਉਹ ਭਵਿੱਖਬਾਣੀਆਂ ਅੱਜ ਸੁਪਨੇ ਜਿਹੀਆਂ ਲੱਗਦੀਆਂ ਹਨ। ਅੱਜ ਦੁਨੀਆਂ ਦੇ ਉਨ੍ਹਾਂ ਇਲਾਕਿਆਂ ਵਿਚ ਲੜਾਈਆਂ ਸ਼ੁਰੂ ਹੋ ਗਈਆਂ ਹਨ ਜਿਨ੍ਹਾਂ ਬਾਰੇ ਅਸੀਂ ਪਹਿਲਾਂ ਕਦੇ ਸੁਣਿਆ ਵੀ ਨਹੀਂ ਸੀ; ਪੂਰੀ ਦੁਨੀਆਂ ਵਿਚ ਗ਼ਰੀਬੀ ਲਗਾਤਾਰ ਵੱਧ ਰਹੀ ਹੈ। ਅੱਜ ਦੋ ਹੋਰ ਨਵੀਆਂ ਨਿਊਕਲੀ ਸ਼ਕਤੀਆਂ ਹਨ। ਯੂ. ਐੱਨ. ਮਨੁੱਖਜਾਤੀ ਤੇ ਲਗਾਤਾਰ ਆ ਰਹੀਆਂ ਮੁਸੀਬਤਾਂ ਨੂੰ ਹੱਲ ਨਹੀਂ ਕਰ ਪਾ ਰਿਹਾ ਹੈ ਜਿਸ ਕਾਰਨ ਲੋਕਾਂ ਦਾ ਇਸ ਉੱਤੋਂ ਯਕੀਨ ਖ਼ਤਮ ਹੁੰਦਾ ਜਾ ਰਿਹਾ ਹੈ। ਲੋਕ ਆਸ਼ਾਵਾਦੀ ਹੋਣ ਦੀ ਬਜਾਇ ਨਿਰਾਸ਼ਾਵਾਦੀ ਹੋ ਰਹੇ ਹਨ।”
ਪਰ, ਬਾਈਬਲ ਦੇ ਵਿਦਿਆਰਥੀ ਜਾਣਦੇ ਹਨ ਕਿ ਇਨਸਾਨ ਦੀਆਂ ਕੋਸ਼ਿਸ਼ਾਂ ਭਾਵੇਂ ਚੰਗੇ ਮਨੋਰਥ ਨਾਲ ਕਿਉਂ ਨਾ ਕੀਤੀਆਂ ਜਾਣ, ਉਹ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਦੀਆਂ। ਕਿਉਂ ਨਹੀਂ? ਕਿਉਂਕਿ ਬਾਈਬਲ ਕਹਿੰਦੀ ਹੈ: “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਸ਼ਤਾਨ ਦੇ ਵੱਸ ਵਿਚ ਹੋਣ ਕਰਕੇ ਇਹ ਦੁਨੀਆਂ ਉਦਾਂ ਦੀ ਫਿਰਦੌਸ ਨਹੀਂ ਬਣਾਈ ਜਾ ਸਕਦੀ ਜਿੱਦਾਂ ਦੀ ਪਰਮੇਸ਼ੁਰ ਨੇ ਇਸ ਨੂੰ ਸ਼ੁਰੂ ਵਿਚ ਬਣਾਇਆ ਸੀ।
ਇਸ ਦੇ ਬਾਵਜੂਦ, ਸਾਡੇ ਕੋਲ ਆਸ਼ਾ ਰੱਖਣ ਦਾ ਇਕ ਖ਼ਾਸ ਕਾਰਨ ਹੈ। ਯਹੋਵਾਹ ਪਰਮੇਸ਼ੁਰ ਖ਼ੁਦ ਸਾਡੇ ਨਾਲ ਵਾਅਦਾ ਕਰਦਾ ਹੈ ਕਿ ਉਹ ਪੂਰੀ ਦੁਨੀਆਂ ਵਿਚ ਸ਼ਾਂਤੀ ਜ਼ਰੂਰ ਲਿਆਵੇਗਾ। ਉਹ ਸਾਰੀ ਦੁਨੀਆਂ ਵਿਚ ਸ਼ਾਂਤੀ ਲਿਆਉਣ ਲਈ ਇਸ ਦੁਨੀਆਂ ਦੀ ਰੀਤੀ-ਵਿਵਸਥਾ ਵਿਚ ਥੋੜ੍ਹਾ-ਬਹੁਤਾ ਸੁਧਾਰ ਨਹੀਂ ਕਰੇਗਾ, ਸਗੋਂ ਇਕ “ਨਵੀਂ ਧਰਤੀ” ਲਿਆਵੇਗਾ ਜਿਸ ਵਿਚ ‘ਧਰਮ ਵੱਸੇਗਾ।’ (2 ਪਤਰਸ 3:13) ਜੀ ਹਾਂ, ਪਰਮੇਸ਼ੁਰ ਦੇ ਰਾਜ ਰਾਹੀਂ ਸਾਰੀ ਦੁਨੀਆਂ ਇਕ ਸ਼ਾਂਤਮਈ ਅਤੇ ਖ਼ੁਸ਼ੀਆਂ-ਖੇੜਿਆਂ ਭਰਪੂਰ ਇਕ ਸੋਹਣਾ ਘਰ ਬਣ ਜਾਵੇਗੀ ਜਿੱਥੇ ਆਗਿਆਕਾਰੀ ਮਨੁੱਖਜਾਤੀ ਆਪਣੇ ਕੰਮਾਂ-ਕਾਰਾਂ ਅਤੇ ਜ਼ਿੰਦਗੀ ਦਾ ਪੂਰਾ ਮਜ਼ਾ ਲਵੇਗੀ। ਇਸ ਤੋਂ ਇਲਾਵਾ, ਪਰਮੇਸ਼ੁਰ ਵਾਅਦਾ ਕਰਦਾ ਹੈ ਕਿ “ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।” ਇਹ ਕਿਸੇ ਇਨਸਾਨ ਵੱਲੋਂ ਕੀਤੇ ਗਏ ਖੋਖਲੇ ਵਾਅਦੇ ਨਹੀਂ, ਸਗੋਂ ਸਾਡੇ ਸ੍ਰਿਸ਼ਟੀਕਰਤਾ ਦੇ ਪੱਕੇ ਵਾਅਦੇ ਹਨ ਜੋ ਕਦੇ ਝੂਠ ਨਹੀਂ ਬੋਲ ਸਕਦਾ।—ਪਰਕਾਸ਼ ਦੀ ਪੋਥੀ 21:4; ਤੀਤੁਸ 1:2.