ਸੁੰਦਰਤਾ ਨਾਲੋਂ ਸਦਗੁਣ ਜ਼ਿਆਦਾ ਬਹੁਮੁੱਲੇ ਹਨ
“ਕਈ ਨੌਜਵਾਨ ਇਕ ਸੁੰਦਰ ਵਿਅਕਤੀ ਨੂੰ ਦੇਖ ਕੇ ਉਸ ਨੂੰ ਸਦਗੁਣੀ ਸਮਝ ਲੈਂਦੇ ਹਨ” ਇਕ ਵਫ਼ਾਦਾਰ ਬਿਰਧ ਮਸੀਹੀ ਭਰਾ ਨੇ ਕਿਹਾ।
ਇਹ ਗੱਲ ਸੱਚ ਹੈ ਕਿ ਬਹੁਤ ਸਮੇਂ ਤੋਂ ਇਨਸਾਨ ਬਾਹਰਲੀ ਸੁੰਦਰਤਾ ਉੱਤੇ ਜ਼ਿਆਦਾ ਧਿਆਨ ਦਿੰਦੇ ਆਏ ਹਨ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਕਈਆਂ ਦੇ ਅਸਲੀ ਗੁਣ ਨਹੀਂ ਪਛਾਣੇ ਜਾਂਦੇ। ਪਰ ਸਾਡਾ ਸ੍ਰਿਸ਼ਟੀਕਰਤਾ ਸਾਨੂੰ ਬਾਹਰੋਂ ਨਹੀਂ ਪਰ ਅੰਦਰੋਂ ਦੇਖਦਾ ਹੈ। ਦੂਸਰਿਆਂ ਬਾਰੇ ਫ਼ੈਸਲਾ ਕਰਨ ਵਿਚ ਇਹ ਸਭ ਤੋਂ ਚੰਗੀ ਮਿਸਾਲ ਹੈ। ਬਾਈਬਲ ਵਿਚ ਪਰਮੇਸ਼ੁਰ ਨੇ ਖ਼ੁਦ ਕਿਹਾ ਹੈ ਕਿ ‘ਯਹੋਵਾਹ ਮਨੁੱਖ ਵਾਂਙੁ ਨਹੀਂ ਵੇਖਦਾ। ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਹਿਰਦੇ ਨੂੰ ਵੇਖਦਾ ਹੈ।’—1 ਸਮੂਏਲ 16:7.
ਅਸਲੀ ਇਨਸਾਨੀ ਸੁੰਦਰਤਾ ਪਰਮੇਸ਼ੁਰ ਨੇ ਹੀ ਬਣਾਈ ਹੈ, ਅਤੇ ਬਾਈਬਲ ਦਿਖਾਉਂਦੀ ਹੈ ਕਿ ਕਿਸੇ ਇਨਸਾਨ ਦੀ ਚੰਗਿਆਈ ਦਾ ਹਿਸਾਬ ਲਾਉਣ ਲਈ ਰੂਹਾਨੀ ਗੁਣਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਬਾਈਬਲ ਕਹਿੰਦੀ ਹੈ ਕਿ “ਸੁੰਦਰਤਾ ਛਲ ਹੈ ਤੇ ਸੁਹੱਪਣ ਮਿੱਥਿਆ, ਪਰ ਉਹ ਇਸਤ੍ਰੀ ਜੋ ਯਹੋਵਾਹ ਦਾ ਭੈ ਮੰਨਦੀ ਹੈ ਸਲਾਹੀ ਜਾਵੇਗੀ।” (ਕਹਾਉਤਾਂ 31:30) ਅਸਲ ਵਿਚ ਬਾਹਰਲੀ ਸੁੰਦਰਤਾ ਅੰਦਰਲੀ ਬਦਸੂਰਤ ਨੂੰ ਛੁਪਾ ਸਕਦੀ ਹੈ। (ਅਸਤਰ 1:10-12; ਕਹਾਉਤਾਂ 11:22) ਭਾਵੇਂ ਸਮਾਂ ਬੀਤਣ ਨਾਲ ਬਾਹਰਲੀ ਸੁੰਦਰਤਾ ਘੱਟ ਜਾਂਦੀ ਹੈ, ਅੰਦਰਲੀ ਸੁੰਦਰਤਾ, ਯਾਨੀ ਇਕ ਵਿਅਕਤੀ ਦੇ ਸਦਗੁਣ ਹੋਰ ਤੋਂ ਹੋਰ ਬਿਹਤਰ ਬਣ ਸਕਦੇ ਹਨ ਅਤੇ ਉਹ ਕਦੇ ਨਹੀਂ ਮਿਟਦੇ।
ਤਾਂ ਫਿਰ ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਅਤੇ ਸੰਜਮ ਵਰਗੇ ਗੁਣਾਂ ਨੂੰ ਪੈਦਾ ਕਰਨਾ ਕਿੰਨੀ ਅਕਲਮੰਦੀ ਦੀ ਗੱਲ ਹੈ! (ਗਲਾਤੀਆਂ 5:22, 23) ਇਸ ਤਰ੍ਹਾਂ ਅਸੀਂ ਉਹ ਅੰਦਰਲੀ ਸੁੰਦਰਤਾ ਪਾ ਸਕਦੇ ਹਾਂ ਜਿਸ ਦਾ ਸੱਚ-ਮੁੱਚ ਵੱਡਾ ਮੁੱਲ ਹੈ।—1 ਪਤਰਸ 3:3, 4.