ਕੀ ਧਾਰਮਿਕ ਏਕਤਾ ਨੇੜੇ ਹੈ?
“ਅੱਜ ਦਾ ਦਿਨ ਸਾਡੇ ਗਿਰਜਿਆਂ ਦੇ ਇਤਿਹਾਸ ਦਾ ਸਭ ਤੋਂ ਅਹਿਮ ਦਿਨ ਹੈ,” ਇਹ ਲਫ਼ਜ਼ ਲੂਥਰਨ ਵਰਲਡ ਫੈਡਰੇਸ਼ਨ ਦੇ ਪ੍ਰਧਾਨ ਕ੍ਰਿਸਟਿਆਨ ਕਰਾਉਸੇ ਨੇ ਕਹੇ। ਇਸੇ ਤਰ੍ਹਾਂ ਪੋਪ ਜੌਨ ਪੌਲ ਦੂਜੇ ਨੇ ਵੀ ਕਿਹਾ ਕਿ “ਦੁਨੀਆਂ ਦੇ ਸਾਰੇ ਗਿਰਜਿਆਂ ਵਿਚਕਾਰ ਏਕਤਾ ਵਧਾਉਣ ਦਾ ਇਹ ਇਕ ਵੱਡਾ ਕਦਮ” ਸੀ।
ਅਜਿਹੀਆਂ ਜੋਸ਼ੀਲੀਆਂ ਘੋਸ਼ਣਾਵਾਂ ਲੂਥਰਨ ਗਿਰਜੇ ਦੇ ਅਧਿਕਾਰੀਆਂ ਅਤੇ ਕੈਥੋਲਿਕ ਗਿਰਜੇ ਦੇ ਅਧਿਕਾਰੀਆਂ ਵੱਲੋਂ 31 ਅਕਤੂਬਰ 1999 ਨੂੰ ਜਰਮਨੀ ਦੇ ਆਉਗਸਬਰਗ ਸ਼ਹਿਰ ਵਿਖੇ ਇਕ ਦਸਤਾਵੇਜ਼ ਤੇ ਹਸਤਾਖਰ ਕਰਨ ਤੋਂ ਬਾਅਦ ਕੀਤੀਆਂ ਗਈਆਂ। ਇਸ ਰਾਹੀਂ ਉਨ੍ਹਾਂ ਨੇ ਪਾਪ-ਮੁਕਤੀ ਦੇ ਸਿਧਾਂਤ ਸੰਬੰਧੀ ਸਾਂਝੀ ਘੋਸ਼ਣਾ ਤੇ ਰਾਜ਼ੀ ਹੋ ਗਏ। ਇਸ ਘਟਨਾ ਦਾ ਸਮਾਂ ਅਤੇ ਥਾਂ ਵੀ ਵਧੀਆ ਚੁਣੀ ਗਈ ਸੀ। ਇਹ ਕਿਹਾ ਜਾਂਦਾ ਹੈ ਕਿ 31 ਅਕਤੂਬਰ 1517 ਨੂੰ ਮਾਰਟਿਨ ਲੂਥਰ ਜੋ ਪ੍ਰੋਟੈਸਟੈਂਟ ਧਰਮ ਦਾ ਮੋਢੀ ਸੀ, ਨੇ ਆਪਣੀਆਂ 95 ਦਲੀਲਾਂ ਲਿਖ ਕੇ ਜਰਮਨੀ ਦੇ ਵਿਟੇਨਬਰਗ ਸ਼ਹਿਰ ਦੇ ਇਕ ਕੈਥੋਲਿਕ ਗਿਰਜੇ ਦੇ ਦਰਵਾਜ਼ੇ ਤੇ ਟੰਗ ਦਿੱਤੀਆਂ। ਇੱਥੋਂ ਹੀ ਪ੍ਰੋਟੈਸਟੈਂਟ ਸੁਧਾਰ ਅੰਦੋਲਨ ਦੀ ਸ਼ੁਰੂਆਤ ਹੋਈ। ਆਉਗਸਬਰਗ ਉਹ ਸ਼ਹਿਰ ਸੀ ਜਿੱਥੇ ਸੰਨ 1530 ਨੂੰ ਲੂਥਰ ਪੰਥੀਆਂ ਨੇ ਕੈਥੋਲਿਕ ਗਿਰਜੇ ਨੂੰ ਆਪਣੇ ਮੁਢਲੇ ਸਿਧਾਂਤ ਪੇਸ਼ ਕੀਤੇ ਜਿਨ੍ਹਾਂ ਨੂੰ ਆਉਗਸਬਰਗ ਧਰਮ-ਸਿਧਾਂਤ ਵੀ ਕਿਹਾ ਜਾਂਦਾ ਹੈ। ਪਰ ਇਸ ਨੂੰ ਕੈਥੋਲਿਕ ਗਿਰਜੇ ਨੇ ਰੱਦ ਕਰ ਦਿੱਤਾ ਜਿਸ ਕਾਰਨ ਪ੍ਰੋਟੈਸਟੈਂਟਾਂ ਅਤੇ ਕੈਥੋਲਿਕਾਂ ਵਿਚਕਾਰ ਫੁੱਟ ਪੈ ਗਈ।
ਸਾਂਝੀ ਘੋਸ਼ਣਾ ਮੁਤਾਬਕ ਇਹ “ਗਿਰਜਿਆਂ ਵਿਚਲੀ ਫੁੱਟ ਖ਼ਤਮ ਕਰਨ ਦਾ ਇਕ ਵੱਡਾ ਕਦਮ” ਹੈ। ਕੀ ਸੱਚ-ਮੁੱਚ ਇੱਦਾਂ ਹੈ? ਹਰ ਕੋਈ ਇੰਜ ਨਹੀਂ ਸੋਚਦਾ। ਕਿਉਂਕਿ ਲਗਭਗ 250 ਤੋਂ ਵੀ ਜ਼ਿਆਦਾ ਪ੍ਰੋਟੈਸਟੈਂਟ ਵਿਦਵਾਨਾਂ ਨੇ ਇਸ ਦੇ ਵਿਰੋਧ ਵਿਚ ਇਕ ਦਸਤਾਵੇਜ਼ ਤੇ ਹਸਤਾਖਰ ਕੀਤੇ ਜਿਸ ਵਿਚ ਉਨ੍ਹਾਂ ਨੇ ਪ੍ਰੋਟੈਸਟੈਂਟ ਗਿਰਜੇ ਨੂੰ ਚੇਤਾਵਨੀ ਦਿੱਤੀ ਕਿ ਉਹ ਕੈਥੋਲਿਕ ਗਿਰਜੇ ਨਾਲ ਕੋਈ ਸਮਝੌਤਾ ਨਾ ਕਰੇ। ਪ੍ਰੋਟੈਸਟੈਂਟ ਲੋਕ ਉਦੋਂ ਵੀ ਬੜੇ ਖਿੱਝ ਗਏ ਜਦੋਂ ਕੈਥੋਲਿਕ ਗਿਰਜੇ ਨੇ ਘੋਸ਼ਣਾ ਕੀਤੀ ਕਿ ਜਿਹੜੇ ਸਾਲ 2000 ਵਿਚ ਰੋਮ ਦੀ ਤੀਰਥ-ਯਾਤਰਾ ਕਰਨਗੇ ਉਨ੍ਹਾਂ ਦੇ ਬਹੁਤ ਸਾਰੇ ਪਾਪ ਖਿਮਾ ਕੀਤੇ ਜਾਣਗੇ। ਪੈਸੇ ਦੇ ਕੇ ਪਾਪ ਦੀ ਮਾਫ਼ੀ ਹਾਸਲ ਕਰਨ ਦੀ ਰੀਤ ਕਰਕੇ ਹੀ 500 ਸਾਲ ਪਹਿਲਾਂ ਲੂਥਰਨ ਤੇ ਕੈਥੋਲਿਕ ਗਿਰਜਿਆਂ ਵਿਚ ਫੁੱਟ ਪਈ ਸੀ। ਹਾਲਾਂਕਿ ਲੂਥਰਨ ਅਜੇ ਵੀ ਆਉਗਸਬਰਗ ਧਰਮ-ਸਿਧਾਂਤ ਨੂੰ ਮੰਨਣਗੇ ਅਤੇ ਕੈਥੋਲਿਕ ਅਜੇ ਵੀ ਇਸ ਦਾ ਵਿਰੋਧ ਕਰਨਗੇ। ਜਿਸ ਦੀ ਵਜ੍ਹਾ ਨਾਲ ਏਕਤਾ ਕਾਇਮ ਕਰਨ ਦੀ ਕੋਈ ਆਸ ਨਜ਼ਰ ਨਹੀਂ ਆਉਂਦੀ ਹੈ।
ਦੁਨੀਆਂ ਦੇ ਸਾਰੇ ਗਿਰਜਿਆਂ ਵਿਚ ਬਹੁਤ ਜ਼ਿਆਦਾ ਫੁੱਟ ਅਤੇ ਅਣਬਣ ਪਾਈ ਜਾਂਦੀ ਹੈ। ਇਸ ਨੂੰ ਇਕ ਦਸਤਾਵੇਜ਼ ਤੇ ਹਸਤਾਖਰ ਕਰ ਕੇ ਨਹੀਂ ਸੁਧਾਰਿਆ ਜਾ ਸਕਦਾ। ਨਿਹਚਾ ਵਿਚ ਏਕਤਾ ਹੋਣੀ ਵਿਚਾਰਾਂ ਤੇ ਨਿਰਭਰ ਕਰਦੀ ਹੈ ਜੋ ਪਰਮੇਸ਼ੁਰ ਦੇ ਬਚਨ ਬਾਈਬਲ ਤੇ ਪੱਕੀ ਤਰ੍ਹਾਂ ਆਧਾਰਿਤ ਹੋਵੇ। (ਅਫ਼ਸੀਆਂ 4:3-6) ਨਾਲੇ ਪਰਮੇਸ਼ੁਰ ਦੀ ਇੱਛਾ ਬਾਰੇ ਸਿੱਖਣ ਅਤੇ ਉਸ ਨੂੰ ਪੂਰਾ ਕਰਨ ਨਾਲ ਹੀ ਸੱਚੀ ਏਕਤਾ ਕਾਇਮ ਹੁੰਦੀ ਹੈ। ਵਫ਼ਾਦਾਰ ਨਬੀ ਮੀਕਾਹ ਨੇ ਕਿਹਾ: “ਸਾਰੀਆਂ ਉੱਮਤਾਂ ਆਪੋ ਆਪਣੇ ਦਿਓਤਿਆਂ ਦੇ ਨਾਉਂ ਲੈ ਕੇ ਚੱਲਦੀਆਂ ਹਨ, ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।”—ਮੀਕਾਹ 4:5.
[ਸਫ਼ੇ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
© Ralph Orlowski/REUTERS/Archive Photos