ਰਾਜ ਘੋਸ਼ਕ ਰਿਪੋਰਟ ਕਰਦੇ ਹਨ
“ਤੁਹਾਡੇ ਕੋਲੋਂ ਗ਼ਲਤ ਨੰਬਰ ਲੱਗ ਗਿਆ ਹੈ”
ਦੱਖਣੀ ਅਫ਼ਰੀਕਾ ਦੇ ਜੋਹਾਨਸਬਰਗ ਸ਼ਹਿਰ ਵਿਚ ਲੈਸਲੀ ਅਤੇ ਕੈਰੋਲਾਈਨ ਭਾਰੀ ਸੁਰੱਖਿਆ ਵਾਲੇ ਇਲਾਕੇ ਵਿਚ ਰਹਿੰਦੇ ਰਿਟਾਇਰ ਹੋਏ ਲੋਕਾਂ ਨੂੰ ਵਾਰੀ ਸਿਰ ਫ਼ੋਨ ਕਰਨ ਦੁਆਰਾ ਗਵਾਹੀ ਦੇ ਰਹੀਆਂ ਸਨ। ਉਹ ਕੁਝ ਹੀ ਲੋਕਾਂ ਨਾਲ ਗੱਲ ਕਰ ਸਕੀਆਂ ਜਿਨ੍ਹਾਂ ਨੇ ਉਨ੍ਹਾਂ ਦੇ ਮਸੀਹੀ ਸੰਦੇਸ਼ ਵਿਚ ਬਹੁਤ ਘੱਟ ਦਿਲਚਸਪੀ ਦਿਖਾਈ। ਪਰ ਇਕ ਔਰਤ ਦੇ ਜਵਾਬ ਦੇਣ ਤੇ ਕੈਰੋਲਾਈਨ ਨੂੰ ਬਹੁਤ ਹੌਸਲਾ ਮਿਲਿਆ।
“ਕੀ ਤੁਸੀਂ ਸ਼੍ਰੀਮਤੀ ਬ— ਹੋ?” ਕੈਰੋਲਾਈਨ ਨੇ ਪੁੱਛਿਆ।
“ਨਹੀਂ ਜੀ,” ਇਕ ਦੋਸਤਾਨਾ ਆਵਾਜ਼ ਨੇ ਕਿਹਾ, “ਮੈਂ ਸ਼੍ਰੀਮਤੀ ਗ— ਹਾਂ। ਤੁਹਾਡੇ ਕੋਲੋਂ ਗ਼ਲਤ ਨੰਬਰ ਲੱਗ ਗਿਆ ਹੈ।”
ਉਸ ਦੀ ਦੋਸਤਾਨਾ ਆਵਾਜ਼ ਸੁਣ ਕੇ ਕੈਰੋਲਾਈਨ ਨੇ ਕਿਹਾ: “ਅੱਛਾ, ਚਲੋ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੋ ਮੈਂ ਸ਼੍ਰੀਮਤੀ ਬ— ਨੂੰ ਦੱਸਣਾ ਚਾਹੁੰਦੀ ਸੀ।” ਫਿਰ ਉਸ ਨੇ ਪਰਮੇਸ਼ੁਰ ਦੇ ਆਉਣ ਵਾਲੇ ਰਾਜ ਦੀਆਂ ਬਰਕਤਾਂ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਕੈਰੋਲਾਈਨ ਨੇ ਉਸ ਲਈ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਬਰੋਸ਼ਰ ਲਿਆਉਣ ਦਾ ਪ੍ਰਬੰਧ ਕੀਤਾ, ਤਾਂ ਸ਼੍ਰੀਮਤੀ ਗ— ਨੇ ਪੁੱਛਿਆ: “ਅੱਛਾ, ਤੁਸੀਂ ਕਿਹੜੇ ਧਰਮ ਦੇ ਹੈ?”
“ਅਸੀਂ ਯਹੋਵਾਹ ਦੇ ਗਵਾਹ ਹਾਂ,” ਕੈਰੋਲਾਈਨ ਨੇ ਜਵਾਬ ਦਿੱਤਾ।
“ਯਹੋਵਾਹ ਦੇ ਗਵਾਹ! ਮੇਰੇ ਖ਼ਿਆਲ ਵਿਚ ਮੈਂ ਤੁਹਾਨੂੰ ਮਿਲਣਾ ਨਹੀਂ ਚਾਹੁੰਦੀ।”
“ਪਰ ਸ਼੍ਰੀਮਤੀ ਗ—,” ਕੈਰੋਲਾਈਨ ਨੇ ਬੇਨਤੀ ਕੀਤੀ, “ਮੈਂ ਤੁਹਾਨੂੰ ਪਿਛਲੇ 20 ਮਿੰਟਾਂ ਦੌਰਾਨ ਬਾਈਬਲ ਵਿੱਚੋਂ ਕਿੰਨੀ ਵਧੀਆ ਉਮੀਦ ਬਾਰੇ ਦੱਸਿਆ ਹੈ ਕਿ ਪਰਮੇਸ਼ੁਰ ਦਾ ਰਾਜ ਜਲਦੀ ਹੀ ਮਨੁੱਖਜਾਤੀ ਲਈ ਕੀ ਕਰੇਗਾ। ਇਨ੍ਹਾਂ ਗੱਲਾਂ ਨੂੰ ਸੁਣ ਕੇ ਤੁਸੀਂ ਕਿੰਨੇ ਖ਼ੁਸ਼ ਹੋਏ ਸੀ ਤੇ ਤੁਸੀਂ ਇਸ ਬਾਰੇ ਹੋਰ ਜ਼ਿਆਦਾ ਸਿੱਖਣ ਲਈ ਉਤਸੁਕ ਹੋਏ ਸੀ। ਅਸਲ ਵਿਚ ਤੁਸੀਂ ਯਹੋਵਾਹ ਦੇ ਗਵਾਹਾਂ ਬਾਰੇ ਕੀ ਜਾਣਦੇ ਹੋ? ਜੇ ਤੁਸੀਂ ਬੀਮਾਰ ਹੁੰਦੇ, ਤਾਂ ਕੀ ਤੁਸੀਂ ਕਿਸੇ ਮਕੈਨਿਕ ਕੋਲ ਜਾਓਗੇ? ਕਿਉਂ ਨਾ ਮੈਨੂੰ ਤੁਸੀਂ ਇਕ ਮੌਕਾ ਦਿਓ ਤਾਂਕਿ ਮੈਂ ਤੁਹਾਨੂੰ ਦੱਸਾਂ ਕਿ ਯਹੋਵਾਹ ਦੇ ਗਵਾਹ ਕੀ ਵਿਸ਼ਵਾਸ ਕਰਦੇ ਹਨ?”
ਪਲ ਭਰ ਚੁੱਪ ਰਹਿਣ ਤੋਂ ਬਾਅਦ ਉਸ ਨੇ ਜਵਾਬ ਦਿੱਤਾ: “ਮੇਰੇ ਖ਼ਿਆਲ ਨਾਲ ਤੁਸੀਂ ਠੀਕ ਕਹਿੰਦੇ ਹੋ। ਚੰਗਾ, ਤੁਸੀਂ ਆਓ। ਪਰ ਇਹ ਗੱਲ ਯਾਦ ਰੱਖੋ ਕਿ ਤੁਸੀਂ ਮੈਨੂੰ ਆਪਣਾ ਧਰਮ ਬਦਲਣ ਲਈ ਕਦੇ ਰਾਜ਼ੀ ਨਹੀਂ ਕਰ ਸਕਦੇ!”
“ਸ਼੍ਰੀਮਤੀ ਗ—, ਜੇ ਮੈਂ ਚਾਹਾਂ ਵੀ, ਮੈਂ ਤੁਹਾਨੂੰ ਆਪਣਾ ਧਰਮ ਬਦਲਣ ਲਈ ਰਾਜ਼ੀ ਨਹੀਂ ਕਰ ਸਕਦੀ,” ਕੈਰੋਲਾਈਨ ਨੇ ਜਵਾਬ ਦਿੱਤਾ। “ਸਿਰਫ਼ ਯਹੋਵਾਹ ਹੀ ਇਹ ਕਰ ਸਕਦਾ ਹੈ।”
ਜਦੋਂ ਕੈਰੋਲਾਈਨ ਬਰੋਸ਼ਰ ਦੇਣ ਗਈ, ਤਾਂ ਉਸ ਦੀ ਸ਼੍ਰੀਮਤੀ ਗ— (ਬੈਟੀ) ਨਾਲ ਵਧੀਆ ਗੱਲਬਾਤ ਹੋਈ ਤੇ ਉਹ ਕੈਰੋਲਾਈਨ ਨੂੰ ਦੁਬਾਰਾ ਮਿਲਣ ਲਈ ਰਾਜ਼ੀ ਹੋ ਗਈ। ਕੈਰੋਲਾਈਨ ਦੇ ਦੁਬਾਰਾ ਜਾਣ ਤੇ ਬੈਟੀ ਨੇ ਦੱਸਿਆ ਕਿ ਉਸ ਨੇ ਖਾਣਾ ਖਾਂਦੇ ਸਮੇਂ ਆਪਣੇ ਨਾਲ ਬੈਠੀਆਂ ਔਰਤਾਂ ਨੂੰ ਦੱਸਿਆ ਸੀ ਕਿ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਚਰਚਾ ਕਰ ਰਹੀ ਸੀ। ਉਨ੍ਹਾਂ ਔਰਤਾਂ ਨੇ ਨਿਰਾਸ਼ ਹੋ ਕੇ ਕਿਹਾ, “ਤੇਰੀ ਮੱਤ ਮਾਰੀ ਗਈ ਹੈ? ਉਹ ਲੋਕ ਤਾਂ ਯਿਸੂ ਵਿਚ ਵੀ ਵਿਸ਼ਵਾਸ ਨਹੀਂ ਕਰਦੇ!”
ਕੈਰੋਲਾਈਨ ਨੇ ਤੁਰੰਤ ਪਿਛਲੀ ਵਾਰ ਪਰਮੇਸ਼ੁਰ ਦੇ ਰਾਜ ਬਾਰੇ ਕੀਤੀ ਚਰਚਾ ਵਿੱਚੋਂ ਬੈਟੀ ਨੂੰ ਇਕ ਮੁੱਖ ਗੱਲ ਚੇਤੇ ਕਰਾਈ।
“ਰਾਜਾ ਕੌਣ ਹੋਵੇਗਾ?” ਕੈਰੋਲਾਈਨ ਨੇ ਪੁੱਛਿਆ।
“ਯਿਸੂ!” ਬੈਟੀ ਨੇ ਜਵਾਬ ਦਿੱਤਾ।
“ਬਿਲਕੁਲ ਸਹੀ,” ਕੈਰੋਲਾਈਨ ਨੇ ਕਿਹਾ। ਫਿਰ ਉਸ ਨੇ ਬੈਟੀ ਨੂੰ ਸਮਝਾਇਆ ਕਿ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ, ਪਰ ਉਹ ਤ੍ਰਿਏਕ ਦਾ ਹਿੱਸਾ ਨਹੀਂ ਹੈ ਤੇ ਨਾ ਹੀ ਉਹ ਪਰਮੇਸ਼ੁਰ ਦੇ ਬਰਾਬਰ ਹੈ।—ਮਰਕੁਸ 13:32; ਲੂਕਾ 22:42; ਯੂਹੰਨਾ 14:28.
ਕੁਝ ਹੀ ਮੁਲਾਕਾਤਾਂ ਤੋਂ ਬਾਅਦ, ਇਹ ਸਪੱਸ਼ਟ ਹੋ ਗਿਆ ਕਿ ਭਾਵੇਂ ਬੈਟੀ ਹਮੇਸ਼ਾ ਆਸ਼ਾਵਾਦੀ ਤੇ ਖ਼ੁਸ਼ ਰਹਿੰਦੀ ਸੀ, ਪਰ ਉਸ ਦੀ ਸਿਹਤ ਉਸ ਦਾ ਸਾਥ ਨਹੀਂ ਦਿੰਦੀ ਸੀ। ਅਸਲ ਵਿਚ ਉਸ ਨੂੰ ਕੈਂਸਰ ਸੀ ਤੇ ਉਹ ਮਰਨ ਤੋਂ ਡਰਦੀ ਸੀ। “ਕਾਸ਼ ਮੈਂ ਇਹ ਗੱਲਾਂ ਸਾਲਾਂ ਪਹਿਲਾਂ ਸੁਣੀਆਂ ਹੁੰਦੀਆਂ ਤੇ ਮੈਂ ਤੁਹਾਡੇ ਵਾਂਗ ਨਿਹਚਾ ਕਰਦੀ ਹੁੰਦੀ,” ਉਹ ਪਛਤਾਈ। ਕੈਰੋਲਾਈਨ ਨੇ ਉਸ ਨੂੰ ਅਜਿਹੀਆਂ ਆਇਤਾਂ ਦਿਖਾ ਕੇ ਹੌਸਲਾ ਦਿੱਤਾ ਜੋ ਦੱਸਦੀਆਂ ਹਨ ਕਿ ਮੌਤ ਇਕ ਗੂੜ੍ਹੀ ਨੀਂਦ ਦੀ ਤਰ੍ਹਾਂ ਹੈ ਜਿਸ ਤੋਂ ਪੁਨਰ-ਉਥਾਨ ਦੁਆਰਾ ਜਾਗਿਆ ਜਾ ਸਕਦਾ ਹੈ। (ਯੂਹੰਨਾ 11:11, 25) ਬੈਟੀ ਨੂੰ ਇਸ ਤੋਂ ਬੜਾ ਹੌਸਲਾ ਮਿਲਿਆ ਤੇ ਉਹ ਹੁਣ ਬਾਕਾਇਦਾ ਬਾਈਬਲ ਅਧਿਐਨ ਕਰਨ ਦਾ ਆਨੰਦ ਮਾਣਦੀ ਹੈ। ਪਰ ਉਸ ਦੀ ਵਿਗੜਦੀ ਸਿਹਤ ਕਾਰਨ ਉਹ ਕਿੰਗਡਮ ਹਾਲ ਵਿਚ ਸਭਾਵਾਂ ਵਿਚ ਨਹੀਂ ਜਾ ਸਕਦੀ।
ਕੈਰੋਲਾਈਨ ਕਹਿੰਦੀ ਹੈ: “ਇਸ ਤੋਂ ਮੈਨੂੰ ਸਾਫ਼ ਪਤਾ ਲੱਗਦਾ ਹੈ ਕਿ ਦੂਤ ਇਸ ਕੰਮ ਦੀ ਅਗਵਾਈ ਕਰ ਰਹੇ ਹਨ। ‘ਗ਼ਲਤ ਨੰਬਰ’ ਲੱਗਣ ਕਰਕੇ ਬੈਟੀ ਨਾਲ ਮੇਰੀ ਜਾਣ-ਪਛਾਣ ਹੋਈ ਤੇ ਉਹ ਹੈ ਵੀ 89 ਸਾਲਾਂ ਦੀ!”—ਪਰਕਾਸ਼ ਦੀ ਪੋਥੀ 14:6.