ਭੇਤ ਖੋਲ੍ਹਣ ਦਾ ਸਹੀ ਸਮਾਂ
ਕਿਸੇ ਗੱਲ ਨੂੰ ਗੁਪਤ ਰੱਖਣਾ ਜਾਂ ਉਸ ਨੂੰ ਦੱਸਣਾ ਸ਼ਾਇਦ ਸ਼ਾਂਤੀ ਜਾਂ ਝਗੜੇ ਦਾ ਕਾਰਨ ਹੋਵੇ। ਲੇਕਿਨ, ਕੀ ਭੇਤ ਖੋਲ੍ਹਣ ਦਾ ਸਹੀ ਵਕਤ ਵੀ ਹੈ? ਧਿਆਨ ਦਿਓ ਕਿ ਆਮੋਸ ਨਬੀ ਨੇ ਪਰਮੇਸ਼ੁਰ ਬਾਰੇ ਕੀ ਕਿਹਾ ਸੀ: “ਯਹੋਵਾਹ ਕੋਈ ਕੰਮ ਨਹੀਂ ਕਰੇਗਾ, ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਤ ਪਰਗਟ ਨਾ ਕਰੇ।” (ਆਮੋਸ 3:7) ਇਨ੍ਹਾਂ ਸ਼ਬਦਾਂ ਤੋਂ ਅਸੀਂ ਭੇਤ ਖੋਲ੍ਹਣ ਜਾਂ ਨਾ ਖੋਲ੍ਹਣ ਬਾਰੇ ਕੁਝ-ਨਾ-ਕੁਝ ਸਿੱਖ ਸਕਦੇ ਹਾਂ। ਯਹੋਵਾਹ ਸ਼ਾਇਦ ਪਹਿਲਾਂ-ਪਹਿਲਾਂ ਕੋਈ ਗੱਲ ਗੁਪਤ ਰੱਖੇ ਪਰ ਬਾਅਦ ਵਿਚ ਇਸ ਨੂੰ ਕੁਝ ਵਿਅਕਤੀਆਂ ਨੂੰ ਦੱਸਣਾ ਚਾਹੇ। ਅਸੀਂ ਇਨ੍ਹਾਂ ਗੱਲਾਂ ਵਿਚ ਯਹੋਵਾਹ ਦੀ ਨਕਲ ਕਿਸ ਤਰ੍ਹਾਂ ਕਰ ਸਕਦੇ ਹਾਂ?
ਕਦੀ-ਕਦੀ ਮਸੀਹੀ ਕਲੀਸਿਯਾ ਦੇ ਬਜ਼ੁਰਗ ਕੁਝ ਭੇਤ ਨਾ ਖੋਲ੍ਹਣਾ ਫ਼ਾਇਦੇਮੰਦ ਸਮਝਦੇ ਹਨ। (ਰਸੂਲਾਂ ਦੇ ਕਰਤੱਬ 20:28) ਮਿਸਾਲ ਵਜੋਂ, ਕਲੀਸਿਯਾ ਦੇ ਫ਼ਾਇਦੇ ਬਾਰੇ ਸੋਚਦੇ ਹੋਏ ਬਜ਼ੁਰਗ ਸ਼ਾਇਦ ਫ਼ੈਸਲਾ ਕਰਨ ਕਿ ਕਲੀਸਿਯਾ ਲਈ ਕਿਸੇ ਇੰਤਜ਼ਾਮ ਦੇ ਵੇਰਵਿਆਂ, ਜਾਂ ਕੁਝ ਨਿਯੁਕਤ ਭਰਾਵਾਂ ਦੀਆਂ ਜ਼ਿੰਮੇਵਾਰੀਆਂ ਦੇ ਵਿਚ ਤਬਦੀਲੀਆਂ ਦੀ ਖ਼ਬਰ ਕਿਸੇ ਆਉਣ ਵਾਲੇ ਸਮੇਂ ਵਿਚ ਦੱਸੀ ਜਾਵੇਗੀ।
ਇਸ ਤਰ੍ਹਾਂ ਦੀ ਹਾਲਤ ਵਿਚ, ਜੋ ਵਿਅਕਤੀ ਅਜਿਹੀਆਂ ਗੱਲਾਂ ਤੋਂ ਜਾਣੂ ਹਨ, ਉਨ੍ਹਾਂ ਨੂੰ ਸਮਝਾਇਆ ਜਾਣਾ ਚਾਹੀਦਾ ਹੈ ਕਿ ਜੇ ਗੱਲ ਅੱਗੇ ਦੱਸੀ ਜਾਣੀ ਹੈ ਤਾਂ ਇਸ ਨੂੰ ਕਦੋਂ ਤੇ ਕਿਸ ਤਰ੍ਹਾਂ ਦੱਸਿਆ ਜਾਵੇਗਾ। ਉਨ੍ਹਾਂ ਲਈ ਇਹ ਜਾਣਨਾ ਮਹੱਤਵਪੂਰਣ ਹੋਵੇਗਾ ਕਿ ਭੇਤ ਕਦੋਂ ਖੋਲ੍ਹਿਆ ਜਾਣਾ ਹੈ, ਤਾਂ ਜੋ ਉਹ ਸਹੀ ਸਮੇਂ ਤੋਂ ਪਹਿਲਾਂ ਇਸ ਬਾਰੇ ਗੱਲਬਾਤ ਕਰਨ ਤੋਂ ਪਰਹੇਜ਼ ਕਰ ਸਕਣ।—ਕਹਾਉਤਾਂ 25:9.