ਲਮਢੀਂਗ ਤੋਂ ਸਬਕ ਸਿੱਖਣਾ
“ਹਵਾਈ ਲੰਮਢੀਂਗ ਆਪਣਾ ਸਮਾ ਜਾਣਦੀ ਹੈ . . . ਪਰ ਮੇਰੀ ਪਰਜਾ ਯਹੋਵਾਹ ਦੇ ਨਿਆਉਂ ਨੂੰ ਨਹੀਂ ਜਾਣਦੀ।” (ਯਿਰਮਿਯਾਹ 8:7) ਇਨ੍ਹਾਂ ਸ਼ਬਦਾਂ ਨਾਲ ਯਿਰਮਿਯਾਹ ਨੇ ਯਹੂਦਾਹ ਦੇ ਧਰਮ-ਤਿਆਗੀ ਲੋਕਾਂ ਨੂੰ ਯਹੋਵਾਹ ਦੀ ਸਜ਼ਾ ਸੁਣਾਈ ਜਿਹੜੇ ਯਹੋਵਾਹ ਨੂੰ ਛੱਡ ਕੇ ਦੂਸਰੇ ਦੇਵਤਿਆਂ ਦੀ ਉਪਾਸਨਾ ਕਰਨ ਲੱਗ ਪਏ ਸਨ। (ਯਿਰਮਿਯਾਹ 7:18, 31) ਪਰ ਯਿਰਮਿਯਾਹ ਨੇ ਬੇਵਫ਼ਾ ਯਹੂਦੀਆਂ ਨੂੰ ਸਬਕ ਸਿਖਾਉਣ ਲਈ ਲੰਮਢੀਂਗ ਦੀ ਮਿਸਾਲ ਕਿਉਂ ਚੁਣੀ ਸੀ?
ਇਸਰਾਏਲੀ ਲੋਕ ਲੰਮਢੀਂਗ, ਖ਼ਾਸ ਕਰਕੇ ਚਿੱਟੇ ਲੰਮਢੀਂਗ, ਨੂੰ ਅਕਸਰ ਦੇਖਦੇ ਹੁੰਦੇ ਸਨ ਕਿਉਂ ਜੋ ਇਹ ਪੰਛੀ ਇਸਰਾਏਲ ਅਤੇ ਆਲੇ-ਦੁਆਲੇ ਦੇ ਦੇਸ਼ਾਂ ਵਿੱਚੋਂ ਪਰਵਾਸ ਕਰਦਾ ਸੀ। ਇਸ ਵੱਡੇ, ਲੰਬੀਆਂ ਲੱਤਾਂ ਵਾਲੇ ਪੰਛੀ ਦਾ ਇਬਰਾਨੀ ਨਾਂ ਉਸ ਸ਼ਬਦ ਦਾ ਇਸਤਰੀ-ਲਿੰਗ ਰੂਪ ਹੈ ਜਿਸ ਦਾ ਮਤਲਬ ਹੈ “ਵਫ਼ਾਦਾਰ; ਪ੍ਰੇਮ-ਭਰੀ-ਦਇਆ ਵਾਲਾ।” ਇਹ ਨਾਂ ਢੁਕਵਾਂ ਹੈ ਕਿਉਂ ਜੋ ਦੂਜੇ ਪੰਛੀਆਂ ਤੋਂ ਉਲਟ ਨਰ ਅਤੇ ਨਾਰੀ ਲੰਮਢੀਂਗ ਜ਼ਿੰਦਗੀ ਭਰ ਇਕੱਠੇ ਰਹਿੰਦੇ ਹਨ। ਗਰਮ ਇਲਾਕੇ ਵਿਚ ਸਿਆਲ ਕੱਟਣ ਤੋਂ ਬਾਅਦ, ਜ਼ਿਆਦਾਤਰ ਲੰਮਢੀਂਗ ਹਰ ਸਾਲ ਉਸੇ ਇਲਾਕੇ ਅਤੇ ਅਕਸਰ ਉਸੇ ਆਲ੍ਹਣੇ ਨੂੰ ਵਾਪਸ ਮੁੜ ਆਉਂਦੇ ਹਨ ਜਿੱਥੋਂ ਉਹ ਗਏ ਸਨ।
ਲੰਮਢੀਂਗ ਦੀਆਂ ਕੁਦਰਤੀ ਆਦਤਾਂ ਤੋਂ ਅਸੀਂ ਹੋਰ ਅਨੋਖੇ ਤਰੀਕਿਆਂ ਨਾਲ ਵੀ ਵਫ਼ਾਦਾਰੀ ਦਾ ਗੁਣ ਦੇਖ ਸਕਦੇ ਹਾਂ। ਦੋਵੇਂ ਨਰ ਤੇ ਨਾਰੀ ਆਂਡਿਆਂ ਤੇ ਬੈਠਦੇ ਹਨ ਅਤੇ ਬੱਚਿਆਂ ਦਾ ਪਾਲਣ-ਪੋਸਣ ਕਰਦੇ ਹਨ। ਸਾਡੇ ਵਧੀਆ ਜੰਗਲੀ ਜਾਨਵਰ (ਅੰਗ੍ਰੇਜ਼ੀ) ਨਾਮਕ ਕਿਤਾਬ ਸਮਝਾਉਂਦੀ ਹੈ: “ਮਾਪਿਆਂ ਵਜੋਂ ਲੰਮਢੀਂਗ ਬਹੁਤ ਹੀ ਵਫ਼ਾਦਾਰ ਹਨ। ਜਰਮਨੀ ਵਿਚ ਇਕ ਨਰ ਲੰਮਢੀਂਗ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਕੇ ਮਰ ਗਿਆ। ਨਾਰੀ ਲੰਮਢੀਂਗ 3 ਦਿਨ ਇਕੱਲੀ ਹੀ ਆਂਡਿਆਂ ਤੇ ਬੈਠੀ ਰਹੀ ਅਤੇ ਇਸ ਸਮੇਂ ਦੌਰਾਨ ਉਸ ਨੇ ਸਿਰਫ਼ ਇਕ ਵਾਰ ਆਲ੍ਹਣਾ ਛੱਡਿਆ ਜਦੋਂ ਉਹ ਖਾਣਾ ਲੱਭਣ ਗਈ। . . . ਇਕ ਹੋਰ ਉਦਾਹਰਣ ਵਿਚ ਜਦ ਕਿਸੇ ਨੇ ਨਾਰੀ ਨੂੰ ਗੋਲੀ ਨਾਲ ਮਾਰ ਦਿੱਤਾ ਤਾਂ ਨਰ ਨੇ ਬੱਚੇ ਪਾਲੇ।”
ਜੀ ਹਾਂ, ਲੰਮਢੀਂਗ ਕੁਦਰਤੀ ਤੌਰ ਤੇ ਆਪਣੇ ਸਾਥੀ ਨਾਲ ਜ਼ਿੰਦਗੀ ਭਰ ਵਫ਼ਾਦਾਰੀ ਨਾਲ ਰਹਿ ਕੇ ਅਤੇ ਆਪਣੇ ਬੱਚਿਆਂ ਦੀ ਇੰਨੀ ਚੰਗੀ ਤਰ੍ਹਾਂ ਦੇਖ-ਭਾਲ ਕਰ ਕੇ ਆਪਣੇ “ਵਫ਼ਾਦਾਰ” ਨਾਂ ਤੇ ਪੂਰਾ ਉਤਰਦਾ ਹੈ। ਇਸ ਤਰ੍ਹਾਂ, ਲੰਮਢੀਂਗ ਨੇ ਬਾਗ਼ੀ ਇਸਰਾਏਲੀਆਂ ਲਈ ਇਕ ਪ੍ਰਭਾਵਸ਼ਾਲੀ ਮਿਸਾਲ ਕਾਇਮ ਕੀਤੀ।
ਅੱਜ-ਕੱਲ੍ਹ ਜ਼ਿਆਦਾਤਰ ਲੋਕ ਸੋਚਦੇ ਹਨ ਕਿ ਵਫ਼ਾਦਾਰੀ ਤੇ ਈਮਾਨਦਾਰੀ ਵਰਗੇ ਗੁਣ ਵਧੀਆ ਤਾਂ ਹਨ ਪਰ ਇਹ ਸਾਡੇ ਸਮੇਂ ਵਿਚ ਲਾਗੂ ਨਹੀਂ ਹੁੰਦੇ। ਤਲਾਕ ਦੇਣ, ਪਰਿਵਾਰ ਨੂੰ ਤਿਆਗਣ, ਕੰਮ ਤੇ ਠੱਗੀ ਕਰਨ, ਅਤੇ ਹੋਰ ਕਿਸਮ ਦੇ ਧੋਖਿਆਂ ਵਿਚ ਵਾਧਾ ਦਿਖਾਉਂਦਾ ਹੈ ਕਿ ਅੱਜ-ਕੱਲ੍ਹ ਵਫ਼ਾਦਾਰੀ ਦੀ ਘੱਟ ਹੀ ਕਦਰ ਕੀਤੀ ਜਾਂਦੀ ਹੈ। ਇਸ ਦੇ ਉਲਟ, ਬਾਈਬਲ ਵਿਚ ਪ੍ਰੇਮ ਅਤੇ ਕਿਰਪਾ ਤੋਂ ਪ੍ਰੇਰਿਤ ਵਫ਼ਾਦਾਰੀ ਨੂੰ ਇਕ ਕੀਮਤੀ ਗੁਣ ਸਮਝਿਆ ਜਾਂਦਾ ਹੈ। ਬਾਈਬਲ ਮਸੀਹੀਆਂ ਨੂੰ ਪ੍ਰੇਰਦੀ ਹੈ ਕਿ “ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ [“ਵਫ਼ਾਦਾਰੀ,” ਨਿ ਵ] ਵਿੱਚ ਉਤਪਤ ਹੋਈ।” (ਅਫ਼ਸੀਆਂ 4:24) ਜੀ ਹਾਂ, ਨਵੀਂ ਇਨਸਾਨੀਅਤ ਸਾਨੂੰ ਵਫ਼ਾਦਾਰ ਬਣਨ ਵਿਚ ਮਦਦ ਕਰਦੀ ਹੈ, ਲੇਕਿਨ ਅਸੀਂ ਵਫ਼ਾਦਾਰੀ ਬਾਰੇ ਲੰਮਢੀਂਗ ਤੋਂ ਵੀ ਸਿੱਖ ਸਕਦੇ ਹਾਂ।