ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w03 2/1 ਸਫ਼ੇ 30-31
  • ਪਾਠਕਾਂ ਵੱਲੋਂ ਸਵਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਾਠਕਾਂ ਵੱਲੋਂ ਸਵਾਲ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
  • ਮਿਲਦੀ-ਜੁਲਦੀ ਜਾਣਕਾਰੀ
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
w03 2/1 ਸਫ਼ੇ 30-31

ਪਾਠਕਾਂ ਵੱਲੋਂ ਸਵਾਲ

ਬਾਈਬਲ ਇਹ ਕਿਉਂ ਕਹਿੰਦੀ ਹੈ ਕਿ ਲੜਕੀ ਨੂੰ ਚੀਕਾਂ ਮਾਰਨੀਆਂ ਚਾਹੀਦੀਆਂ ਜਦੋਂ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ?

ਭਾਵੇਂ ਕਿ ਲੋਕ ਬਲਾਤਕਾਰ ਦੇ ਵਿਸ਼ੇ ਬਾਰੇ ਸੋਚਣਾ ਨਹੀਂ ਚਾਹੁੰਦੇ, ਪਰ ਅੱਜ ਦੇ ਦੁਸ਼ਟ ਸੰਸਾਰ ਵਿਚ ਇਹ ਇਕ ਅਸਲੀਅਤ ਹੈ। ਅਗਰ ਸਾਡੇ ਨਾਲ ਇਸ ਤਰ੍ਹਾਂ ਨਹੀਂ ਹੋਇਆ, ਤਾਂ ਅਸੀਂ ਸ਼ਾਇਦ ਇਹ ਪੂਰੀ ਤਰ੍ਹਾਂ ਨਹੀਂ ਸਮਝ ਸਕਾਂਗੇ ਕਿ ਇਹ ਕਿਸੇ ਦੀ ਜ਼ਿੰਦਗੀ ਨੂੰ ਕਿਵੇਂ ਬਰਬਾਦ ਕਰ ਦਿੰਦਾ ਹੈ। ਬਲਾਤਕਾਰ ਇੰਨੀ ਡਰਾਉਣੀ ਘਟਨਾ ਹੁੰਦੀ ਹੈ ਕਿ ਇਸ ਦੇ ਸ਼ਿਕਾਰ ਸ਼ਾਇਦ ਪੂਰੀ ਜ਼ਿੰਦਗੀ ਇਸ ਨੂੰ ਨਾ ਭੁੱਲਣ ਅਤੇ ਇਸ ਦੇ ਦੁੱਖ ਝੱਲਣ।a ਇਕ ਮਸੀਹੀ ਔਰਤ ਨਾਲ ਕਈ ਸਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਸੀ। ਉਸ ਨੇ ਕਿਹਾ: “ਮੈਂ ਦੱਸ ਨਹੀਂ ਸਕਦੀ ਕਿ ਉਸ ਰਾਤ ਮੈਂ ਕਿੰਨੀ ਡਰੀ ਹੋਈ ਸੀ ਅਤੇ ਨਾ ਹੀ ਮੈਂ ਸਮਝਾ ਸਕਦੀ ਕਿ ਅੱਜ ਤਕ ਮੇਰੇ ਨਾਲ ਕੀ ਬੀਤ ਰਿਹਾ ਹੈ।”

ਬਾਈਬਲ ਵਿਚ ਉਨ੍ਹਾਂ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨਾਲ ਜਾਂ ਤਾਂ ਬਲਾਤਕਾਰ ਕੀਤਾ ਗਿਆ ਜਾਂ ਇਵੇਂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। (ਉਤਪਤ 19:4-11; 34:1-7; 2 ਸਮੂਏਲ 13:1-14) ਬਾਈਬਲ ਸਾਨੂੰ ਇਹ ਸਲਾਹ ਵੀ ਦਿੰਦੀ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਕੋਈ ਸਾਡੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰੇ। ਬਿਵਸਥਾ ਸਾਰ 22:23-27 ਵਿਚ ਸਾਨੂੰ ਇਸ ਬਾਰੇ ਪਰਮੇਸ਼ੁਰ ਦਾ ਵਿਚਾਰ ਦੱਸਿਆ ਗਿਆ ਹੈ। ਇਸ ਵਿਚ ਦੋ ਵੱਖੋ-ਵੱਖਰੀਆਂ ਹਾਲਤਾਂ ਬਾਰੇ ਗੱਲ ਕੀਤੀ ਗਈ ਹੈ। ਪਹਿਲੀ ਹਾਲਤ ਵਿਚ ਕਿਸੇ ਬੰਦੇ ਨੇ ਲੜਕੀ ਨੂੰ ਸ਼ਹਿਰ ਵਿਚ ਦੇਖਿਆ ਅਤੇ ਉਸ ਨਾਲ ਸੰਗ ਕੀਤਾ। ਪਰ ਇਸ ਲੜਕੀ ਨੇ ਮਦਦ ਲਈ ਚੀਕਾਂ ਨਹੀਂ ਮਾਰੀਆਂ। ਇਸ ਦਾ ਨਤੀਜਾ ਇਹ ਨਿਕਲਿਆ ਕਿ ਉਹ ਦੋਸ਼ੀ ਠਹਿਰਾਈ ਗਈ “ਏਸ ਕਾਰਨ ਕਿ ਸ਼ਹਿਰ ਵਿੱਚ ਹੁੰਦਿਆਂ ਤੇ ਉਸ ਚੀਕਾਂ ਨਹੀਂ ਮਾਰੀਆਂ।” ਜੇ ਉਸ ਨੇ ਉੱਚੀ ਆਵਾਜ਼ ਦੇ ਕੇ ਚੀਕਾਂ ਮਾਰੀਆਂ ਹੁੰਦੀਆਂ, ਤਾਂ ਆਲੇ-ਦੁਆਲੇ ਲੋਕ ਉਸ ਦੀ ਮਦਦ ਕਰਨ ਲਈ ਆ ਸਕਦੇ ਸਨ। ਦੂਜੀ ਹਾਲਤ ਵਿਚ ਕਿਸੇ ਬੰਦੇ ਨੇ ਲੜਕੀ ਨੂੰ ਖੇਤ ਵਿਚ ਦੇਖਿਆ ਅਤੇ ਉਸ ਨੇ “ਉਸ ਨਾਲ ਧੱਕੋ ਧੱਕੀ ਸੰਗ” ਕੀਤਾ। ਆਪਣਾ ਬਚਾਅ ਕਰਨ ਲਈ ਲੜਕੀ ਨੇ “ਚੀਕਾਂ ਮਾਰੀਆਂ ਪਰ ਉਸ ਦਾ ਸੁਣਨ ਵਾਲਾ ਕੋਈ ਨਹੀਂ ਸੀ।” ਪਹਿਲੀ ਲੜਕੀ ਤੋਂ ਉਲਟ ਇਸ ਲੜਕੀ ਨੇ ਉਸ ਬੰਦੇ ਦੀਆਂ ਹਰਕਤਾਂ ਅੱਗੇ ਹਾਰ ਨਹੀਂ ਮੰਨੀ। ਉਸ ਨੇ ਆਦਮੀ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਕੇ ਚੀਕਾਂ ਮਾਰੀਆਂ ਪਰ ਆਦਮੀ ਨੇ ਉਸ ਨੂੰ ਆਪਣੇ ਕਾਬੂ ਕਰ ਲਿਆ। ਕਿਉਂਕਿ ਇਸ ਲੜਕੀ ਨੇ ਚੀਕਾਂ ਮਾਰੀਆਂ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਕੋਈ ਦੋਸ਼ ਨਹੀਂ ਸੀ, ਸਗੋਂ ਉਸ ਨਾਲ ਜ਼ਬਰਦਸਤੀ ਕੀਤੀ ਗਈ ਸੀ।

ਭਾਵੇਂ ਕਿ ਅੱਜ ਮਸੀਹੀ ਮੂਸਾ ਦੀ ਬਿਵਸਥਾ ਦੇ ਅਧੀਨ ਨਹੀਂ ਹਨ, ਇਸ ਵਿਚ ਬਹੁਤ ਸਾਰੇ ਸਿਧਾਂਤ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਫ਼ਾਇਦਾ ਮਿਲ ਸਕਦਾ ਹੈ। ਉਪਰਲਾ ਬਿਰਤਾਂਤ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਆਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਨੀ ਅਤੇ ਚੀਕਾਂ ਮਾਰਨੀਆਂ ਕਿੰਨਾ ਜ਼ਰੂਰੀ ਹੈ। ਅੱਜ ਵੀ ਇਸ ਤਰ੍ਹਾਂ ਕਰਨਾ ਇਕ ਵਧੀਆ ਤਰੀਕਾ ਮੰਨਿਆ ਗਿਆ ਹੈ। ਅਪਰਾਧ ਰੋਕਣ ਬਾਰੇ ਇਕ ਮਾਹਰ ਨੇ ਕਿਹਾ: “ਜੇ ਇਕ ਔਰਤ ਉੱਤੇ ਹਮਲਾ ਕੀਤਾ ਜਾਵੇ, ਤਾਂ ਉਸ ਦੀ ਉੱਚੀ ਆਵਾਜ਼ ਹੀ ਉਸ ਦਾ ਸਭ ਤੋਂ ਵੱਡਾ ਹਥਿਆਰ ਹੈ।” ਜੇ ਔਰਤ ਚੀਕਾਂ ਮਾਰੇ, ਤਾਂ ਦੂਸਰੇ ਲੋਕ ਆ ਕੇ ਉਸ ਦੀ ਮਦਦ ਕਰ ਸਕਦੇ ਹਨ ਜਾਂ ਬੰਦਾ ਡਰ ਕੇ ਸ਼ਾਇਦ ਭੱਜ ਜਾਵੇ। ਇਕ ਮੁਟਿਆਰ ਮਸੀਹੀ, ਜਿਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਨੇ ਕਿਹਾ: “ਮੈਂ ਆਪਣੇ ਪੂਰੇ ਜ਼ੋਰ ਨਾਲ ਚੀਕ ਮਾਰੀ ਅਤੇ ਉਹ ਪਿੱਛੇ ਹੋ ਗਿਆ। ਜਦੋਂ ਉਹ ਦੁਬਾਰਾ ਮੇਰੇ ਵੱਲ ਆਇਆ, ਤਾਂ ਮੈਂ ਚੀਕਾਂ ਮਾਰਦੀ-ਮਾਰਦੀ ਦੌੜਨ ਲੱਗ ਪਈ। ਮੈਂ ਪਹਿਲਾਂ ਕਈ ਵਾਰ ਇਸ ਬਾਰੇ ਸੋਚਿਆ ਸੀ ਕਿ ‘ਜੇ ਕੋਈ ਮਰਦ ਮੇਰੀ ਇੱਜ਼ਤ ਲੁੱਟਣ ਲਈ ਮੈਨੂੰ ਪਕੜ ਲਵੇ, ਤਾਂ ਚੀਕਾਂ ਮਾਰਨ ਨਾਲ ਕੀ ਹੋਵੇਗਾ?’ ਪਰ ਹੁਣ ਮੈਂ ਜਾਣ ਗਈ ਹਾਂ ਕਿ ਇਹ ਸਲਾਹ ਕਿੰਨੀ ਚੰਗੀ ਹੈ!”

ਜੇ ਇਕ ਔਰਤ ਨਾਲ ਬਲਾਤਕਾਰ ਕੀਤਾ ਵੀ ਜਾਵੇ, ਤਾਂ ਮਦਦ ਲਈ ਚੀਕਾਂ ਮਾਰਨੀਆਂ ਅਤੇ ਉਸ ਦਾ ਲੜਨਾ ਵਿਅਰਥ ਨਹੀਂ ਹੁੰਦਾ। ਇਹ ਸਾਬਤ ਕਰਦਾ ਹੈ ਕਿ ਉਸ ਨੇ ਆਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। (ਬਿਵਸਥਾ ਸਾਰ 22:26) ਭਾਵੇਂ ਉਸ ਦੀ ਇੱਜ਼ਤ ਲੁੱਟੀ ਵੀ ਜਾਵੇ, ਪਰ ਉਸ ਦੀ ਜ਼ਮੀਰ ਸਾਫ਼ ਰਹਿੰਦੀ ਹੈ। ਉਹ ਸਵੈ-ਮਾਣ ਰੱਖ ਸਕਦੀ ਹੈ ਅਤੇ ਉਹ ਭਰੋਸਾ ਰੱਖ ਸਕਦੀ ਹੈ ਕਿ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਹੈ। ਇਸ ਵਹਿਸ਼ੀ ਹਮਲੇ ਕਰਕੇ ਉਹ ਦੇ ਦਿਲ ਦੇ ਜ਼ਖ਼ਮ ਚਾਹੇ ਡੂੰਘੇ ਹੋਣ, ਪਰ ਇਹ ਜਾਣਦੀ ਹੋਈ ਕਿ ਉਸ ਨੇ ਹਮਲਾ ਰੋਕਣ ਲਈ ਆਪਣੀ ਪੂਰੀ ਵਾਹ ਲਾਈ, ਤਾਂ ਹੌਲੀ-ਹੌਲੀ ਉਨ੍ਹਾਂ ਜ਼ਖ਼ਮਾਂ ਨੂੰ ਭਰਨ ਵਿਚ ਉਸ ਦੀ ਮਦਦ ਹੋਵੇਗੀ।

ਇਹ ਸਮਝਣਾ ਜ਼ਰੂਰੀ ਹੈ ਕਿ ਬਿਵਸਥਾ ਸਾਰ 22:23-27 ਦਾ ਬਿਰਤਾਂਤ ਬਹੁਤ ਛੋਟਾ ਹੈ ਅਤੇ ਇਹ ਬਲਾਤਕਾਰ ਦੇ ਸੰਬੰਧ ਵਿਚ ਹਰ ਹਾਲਤ ਬਾਰੇ ਨਹੀਂ ਦੱਸਦਾ। ਮਿਸਾਲ ਲਈ, ਇਹ ਇਸ ਬਾਰੇ ਨਹੀਂ ਦੱਸਦਾ ਕਿ ਉਦੋਂ ਕੀ ਹੋਣਾ ਚਾਹੀਦਾ ਹੈ ਜਦੋਂ ਔਰਤ ਗੁੰਗੀ ਹੋਵੇ, ਬੇਹੋਸ਼ ਹੋਵੇ, ਬਹੁਤ ਡਰੀ ਹੋਈ ਹੋਵੇ ਜਾਂ ਫਿਰ ਉਸ ਦੇ ਮੂੰਹ ਉੱਤੇ ਹੱਥ ਰੱਖਿਆ ਜਾਵੇ ਜਾਂ ਕੱਪੜਾ ਬੰਨ੍ਹਿਆ ਜਾਵੇ ਜਿਸ ਕਰਕੇ ਉਹ ਚੀਕ ਨਹੀਂ ਮਾਰ ਸਕਦੀ। ਪਰ ਯਹੋਵਾਹ ਸਾਰਾ ਕੁਝ ਦੇਖ ਸਕਦਾ ਹੈ ਅਤੇ ਸਾਡਾ ਦਿਲ ਵੀ ਜਾਣਦਾ ਹੈ, ਇਸ ਲਈ ਉਹ ਪਿਆਰ ਅਤੇ ਇਨਸਾਫ਼ ਕਰ ਸਕਦਾ ਹੈ ਕਿਉਂਕਿ “ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ।” (ਬਿਵਸਥਾ ਸਾਰ 32:4) ਉਸ ਨੂੰ ਪਤਾ ਹੈ ਕਿ ਅਸਲ ਵਿਚ ਕੀ ਹੋਇਆ ਸੀ ਅਤੇ ਉਹ ਜਾਣਦਾ ਹੈ ਕਿ ਇਸ ਔਰਤ ਨੇ ਲੜਨ ਲਈ ਕਿੰਨਾ ਜਤਨ ਕੀਤਾ ਸੀ। ਇਸ ਲਈ, ਜਿਹੜੀ ਔਰਤ ਚੀਕ ਨਹੀਂ ਮਾਰ ਸਕੀ ਪਰ ਉਸ ਨੇ ਬੰਦੇ ਨੂੰ ਰੋਕਣ ਲਈ ਆਪਣੀ ਪੂਰੀ ਵਾਹ ਲਾਈ, ਉਹ ਇਹ ਮਾਮਲਾ ਯਹੋਵਾਹ ਦੇ ਹੱਥਾਂ ਵਿਚ ਛੱਡ ਸਕਦੀ ਹੈ।—ਜ਼ਬੂਰਾਂ ਦੀ ਪੋਥੀ 55:22; 1 ਪਤਰਸ 5:7.

ਫਿਰ ਵੀ, ਜਿਨ੍ਹਾਂ ਮਸੀਹੀ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ ਹੈ ਉਨ੍ਹਾਂ ਵਿੱਚੋਂ ਕਈ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੀਆਂ ਰਹਿੰਦੀਆਂ ਹਨ। ਜਦੋਂ ਉਹ ਉਸ ਘਟਨਾ ਬਾਰੇ ਸੋਚਦੀਆਂ ਹਨ, ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਇਸ ਬਲਾਤਕਾਰ ਨੂੰ ਰੋਕਣ ਲਈ ਕੁਝ ਹੋਰ ਵੀ ਕਰ ਸਕਦੀਆਂ ਸਨ। ਪਰ, ਆਪਣੇ ਆਪ ਨੂੰ ਕਸੂਰਵਾਰ ਸਮਝਣ ਦੀ ਬਜਾਇ ਉਹ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੀਆਂ ਹਨ, ਉਸ ਦੀ ਮਦਦ ਮੰਗ ਸਕਦੀਆਂ ਹਨ ਅਤੇ ਉਸ ਦੇ ਪਿਆਰ ਤੇ ਦਇਆ ਉੱਤੇ ਪੂਰਾ ਭਰੋਸਾ ਰੱਖ ਸਕਦੀਆਂ ਹਨ।—ਕੂਚ 34:6; ਜ਼ਬੂਰਾਂ ਦੀ ਪੋਥੀ 86:5.

ਤਾਂ ਫਿਰ, ਬਲਾਤਕਾਰ ਦੇ ਜੋ ਸ਼ਿਕਾਰ ਦਿਲ ਦੀਆਂ ਪੀੜਾਂ ਸਹਿ ਰਹੀਆਂ ਹਨ, ਉਹ ਭਰੋਸਾ ਰੱਖ ਸਕਦੀਆਂ ਹਨ ਕਿ ਯਹੋਵਾਹ ਉਨ੍ਹਾਂ ਦੇ ਦਰਦ ਤੇ ਜ਼ਖ਼ਮਾਂ ਨੂੰ ਪੂਰੀ ਤਰ੍ਹਾਂ ਸਮਝਦਾ ਹੈ ਅਤੇ ਜਾਣਦਾ ਹੈ ਕਿ ਉਨ੍ਹਾਂ ਨਾਲ ਕੀ ਬੀਤ ਰਿਹਾ ਹੈ। ਬਾਈਬਲ ਉਨ੍ਹਾਂ ਨੂੰ ਯਕੀਨ ਦਿਲਾਉਂਦੀ ਹੈ ਕਿ “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।” (ਜ਼ਬੂਰਾਂ ਦੀ ਪੋਥੀ 34:18) ਇਸ ਮਦਦ ਤੋਂ ਇਲਾਵਾ, ਉਨ੍ਹਾਂ ਨੂੰ ਮਸੀਹੀ ਕਲੀਸਿਯਾ ਦੇ ਭੈਣਾਂ-ਭਰਾਵਾਂ ਤੋਂ ਵੀ ਆਪਣੇ ਦੁੱਖ ਸਹਿਣ ਦੀ ਸਹਾਇਤਾ, ਹਮਦਰਦੀ ਤੇ ਸਹਾਰਾ ਮਿਲ ਸਕਦਾ ਹੈ। (ਅੱਯੂਬ 29:12; 1 ਥੱਸਲੁਨੀਕੀਆਂ 5:14) ਇਸ ਦੇ ਨਾਲ-ਨਾਲ ਜੇ ਇਹ ਔਰਤਾਂ ਚੰਗੀਆਂ ਗੱਲਾਂ ਬਾਰੇ ਸੋਚਣ ਦਾ ਜਤਨ ਕਰਨਗੀਆਂ, ਤਾਂ ਉਨ੍ਹਾਂ ਨੂੰ “ਪਰਮੇਸ਼ੁਰ ਦੀ ਸ਼ਾਂਤੀ” ਮਿਲੇਗੀ “ਜੋ ਸਾਰੀ ਸਮਝ ਤੋਂ ਪਰੇ ਹੈ।”—ਫ਼ਿਲਿੱਪੀਆਂ 4:6-9.

[ਫੁਟਨੋਟ]

a ਭਾਵੇਂ ਕਿ ਇਸ ਲੇਖ ਵਿਚ ਔਰਤਾਂ ਬਾਰੇ ਗੱਲ ਕੀਤੀ ਗਈ ਹੈ, ਪਰ ਇਸ ਵਿਚ ਸਿਧਾਂਤ ਮਰਦਾਂ ਉੱਤੇ ਵੀ ਲਾਗੂ ਹੁੰਦੇ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ