ਨੌਜਵਾਨਾਂ ਲਈ ਇਕ ਪ੍ਰਭਾਵਸ਼ਾਲੀ ਵਿਡਿਓ
ਅੰਗ੍ਰੇਜ਼ੀ ਵਿਚ ਨੌਜਵਾਨ ਪੁੱਛਦੇ ਹਨ—ਮੈਂ ਚੰਗੇ ਮਿੱਤਰ ਕਿਸ ਤਰ੍ਹਾਂ ਬਣਾ ਸਕਦਾ ਹਾਂ?a ਨਾਂ ਦਾ ਵਿਡਿਓ ਦੇਖਣ ਤੋਂ ਬਾਅਦ ਕਈ ਨੌਜਵਾਨ ਆਪਣੇ ਚਾਲ-ਢਾਲ ਬਾਰੇ ਸੋਚਣ ਲਈ ਪ੍ਰੇਰਿਤ ਹੋਏ ਹਨ। ਵਿਡਿਓ ਵਿਚ ਬਾਈਬਲ ਤੋਂ ਵਧੀਆ ਸਲਾਹ, ਕੁਝ ਨੌਜਵਾਨਾਂ ਦੇ ਨਿੱਜੀ ਵਿਚਾਰ ਅਤੇ ਦੀਨਾਹ ਬਾਰੇ ਬਾਈਬਲ ਦੇ ਬਿਰਤਾਂਤ ਤੇ ਆਧਾਰਿਤ ਇਕ ਡਰਾਮਾ ਪੇਸ਼ ਕੀਤਾ ਗਿਆ ਹੈ। (ਉਤਪਤ 34ਵੇਂ ਅਧਿਆਇ) ਵਿਡਿਓ ਬਾਰੇ ਅਗਲੇ ਵਾਕ ਮੈਕਸੀਕੋ ਤੋਂ ਹਨ।
ਮਾਰਥਾ ਨੇ ਕਿਹਾ: “ਵਿਡਿਓ ਨੇ ਮੇਰੇ ਤੇ ਗਹਿਰਾ ਅਸਰ ਪਾਇਆ। ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਇਹ ਮੇਰੇ ਲਈ ਹੀ ਬਣਾਇਆ ਗਿਆ ਸੀ। ਮੈਂ ਸੋਚਦੀ ਹੁੰਦੀ ਸੀ ਕਿ ਇੰਨਾ ਹੀ ਕਾਫ਼ੀ ਹੈ ਕਿ ਮੇਰੇ ਅਧਿਆਪਕ ਤੇ ਸੰਗੀ ਵਿਦਿਆਰਥੀ ਜਾਣਦੇ ਸਨ ਕਿ ਮੈਂ ਇਕ ਯਹੋਵਾਹ ਦੀ ਗਵਾਹ ਹਾਂ। ਪਰ ਮੈਂ ਉਨ੍ਹਾਂ ਨੂੰ ਗਵਾਹੀ ਦੇਣ ਦੁਆਰਾ ਇਸ ਦਾ ਸਬੂਤ ਦੇਣਾ ਭੁੱਲ ਗਈ ਸੀ। ਜੋ ਸਿੱਖਿਆ ਯਹੋਵਾਹ ਸਾਨੂੰ ਦੇ ਰਿਹਾ ਹੈ ਉਸ ਲਈ ਮੈਂ ਬਹੁਤ ਧੰਨਵਾਦੀ ਹਾਂ, ਖ਼ਾਸ ਕਰਕੇ ਜਦ ਇਸ ਵਿਡਿਓ ਵਾਂਗ ਇਸ ਦਾ ਸਾਡੇ ਉੱਤੇ ਇੰਨਾ ਡੂੰਘਾ ਪ੍ਰਭਾਵ ਪੈਂਦਾ ਹੈ।”
ਹੁਆਨ ਕਾਰਲੋਸ ਦੱਸਦਾ ਹੈ: “ਵਾਕਈ ਵਿਡਿਓ ਤੁਹਾਨੂੰ ਸੋਚ-ਵਿਚਾਰ ਕਰਨ ਲਈ ਪ੍ਰੇਰਦਾ ਹੈ। ਡਰਾਮੇ ਵਿਚ ਕਈ ਨੌਜਵਾਨਾਂ ਨੂੰ ਮੈਂ ਅੱਛੀ ਤਰ੍ਹਾਂ ਸਮਝ ਸਕਿਆ ਕਿਉਂਕਿ ਛੋਟੀ ਉਮਰ ਵਿਚ ਮੈਂ ਵੀ ਉਨ੍ਹਾਂ ਵਾਂਗ ਕਈ ਗ਼ਲਤੀਆਂ ਕੀਤੀਆਂ ਸਨ। ਮੈਂ ਦਾਅਵਾ ਤਾਂ ਕਰਦਾ ਸੀ ਕਿ ਮੈਂ ਸੱਚਾਈ ਵਿਚ ਹਾਂ, ਪਰ ਚੋਰੀ-ਛਿਪੇ ਮੈਂ ਗ਼ਲਤ ਕੰਮਾਂ ਵਿਚ ਵੀ ਹਿੱਸਾ ਲੈਂਦਾ ਸੀ। ਪਰ ਮੈਂ ਹੁਣ ਜਾਣ ਲਿਆ ਹੈ ਕਿ ਇਸ ਤਰ੍ਹਾਂ ਕਰਨ ਨਾਲ ਮੈਨੂੰ ਬੁਰੇ ਨਤੀਜੇ ਜ਼ਰੂਰ ਭੋਗਣੇ ਪੈਣਗੇ। ਵਿਡਿਓ ਦੇਖਣ ਤੋਂ ਬਾਅਦ ਮੈਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਬਣਾਇਆ।”
ਸੂਲਮ ਕਹਿੰਦੀ ਹੈ: “ਜੇ ਮੈਂ ਸੱਚ ਦੱਸਾਂ, ਜਦ ਮੈਂ ਵਿਡਿਓ ਦੇਖਿਆ ਮੈਂ ਤਾਂ ਰੋਣ ਨੂੰ ਫਿਰਦੀ ਸੀ। ਕੁਝ ਸਮੇਂ ਪਹਿਲਾਂ ਮੈਂ ਬਾਈਬਲ ਪੜ੍ਹਨੀ ਛੱਡ ਦਿੱਤੀ ਸੀ ਅਤੇ ਮੈਂ ਯਹੋਵਾਹ ਨੂੰ ਪ੍ਰਾਰਥਨਾ ਵੀ ਬਹੁਤ ਘੱਟ ਕਰਦੀ ਸੀ। ਜਦ ਮੈਂ ਵਿਡਿਓ ਵਿਚ ਨੌਜਵਾਨਾਂ ਦੀਆਂ ਗੱਲਾਂ ਸੁਣੀਆਂ, ਤਾਂ ਇਨ੍ਹਾਂ ਨੇ ਮੈਨੂੰ ਆਪਣੀ ਬਾਈਬਲ ਪੜ੍ਹਾਈ ਦੁਬਾਰਾ ਸ਼ੁਰੂ ਕਰਨ ਅਤੇ ਯਹੋਵਾਹ ਨੂੰ ਅਰਦਾਸ ਕਰਨ ਲਈ ਪ੍ਰੇਰਿਆ।”
ਅੱਜ-ਕੱਲ੍ਹ ਨੌਜਵਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਦੇ ਦੋਸਤ-ਮਿੱਤਰ ਉਨ੍ਹਾਂ ਦੀਆਂ ਜ਼ਿੰਦਗੀਆਂ ਤੇ ਡੂੰਘਾ ਪ੍ਰਭਾਵ ਪਾ ਸਕਦੇ ਹਨ। (ਜ਼ਬੂਰਾਂ ਦੀ ਪੋਥੀ 26:4; ਕਹਾਉਤਾਂ 13:20) ਇਸ ਮਾਮਲੇ ਦੇ ਸੰਬੰਧ ਵਿਚ ਇਹ ਵਿਡਿਓ ਨੌਜਵਾਨਾਂ ਦੀ ਚੰਗੇ ਫ਼ੈਸਲੇ ਕਰਨ ਵਿਚ ਮਦਦ ਕਰ ਰਿਹਾ ਹੈ।
[ਫੁਟਨੋਟ]
a ਯਹੋਵਾਹ ਦੇ ਗਵਾਹਾਂ ਦੁਆਰਾ ਬਣਾਇਆ ਗਿਆ।