ਗ਼ਰੀਬਾਂ ਲਈ ਅਸਲੀ ਮਦਦ
ਜਦੋਂ ਪਰਮੇਸ਼ੁਰ ਦਾ ਪੁੱਤਰ ਯਿਸੂ ਮਸੀਹ ਇਸ ਧਰਤੀ ਤੇ ਸੀ, ਤਾਂ ਉਸ ਨੇ ਸੱਚ-ਮੁੱਚ ਗ਼ਰੀਬਾਂ ਦੀ ਮਦਦ ਕੀਤੀ ਸੀ। ਯਿਸੂ ਦੀ ਸੇਵਕਾਈ ਬਾਰੇ ਇਕ ਚਸ਼ਮਦੀਦ ਗਵਾਹ ਨੇ ਕਿਹਾ: “ਅੰਨ੍ਹੇ ਸੁਜਾਖੇ ਹੁੰਦੇ ਹਨ ਅਤੇ ਲੰਙੇ ਤੁਰਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ ਅਤੇ ਬੋਲੇ ਸੁਣਦੇ ਹਨ ਅਤੇ ਮੁਰਦੇ ਜਿਵਾਏ ਜਾਂਦੇ ਹਨ ਅਤੇ ਗ਼ਰੀਬਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਜਾਂਦੀ ਹੈ।” (ਮੱਤੀ 11:5) ਪਰ, ਅੱਜ ਦੇ ਲੱਖਾਂ-ਕਰੋੜਾਂ ਗ਼ਰੀਬਾਂ ਬਾਰੇ ਕੀ? ਕੀ ਉਨ੍ਹਾਂ ਲਈ ਵੀ ਕੋਈ ਖ਼ੁਸ਼ ਖ਼ਬਰੀ ਹੈ? ਜੀ ਹਾਂ, ਜ਼ਰੂਰ ਹੈ! ਆਓ ਆਪਾਂ ਦੇਖੀਏ ਕਿ ਬਾਈਬਲ ਵਿਚ ਗ਼ਰੀਬਾਂ ਨੂੰ ਕਿਹੜੀ ਉਮੀਦ ਦਿੱਤੀ ਗਈ ਹੈ।
ਭਾਵੇਂ ਆਮ ਤੌਰ ਤੇ ਦੁਨੀਆਂ ਗ਼ਰੀਬਾਂ ਨੂੰ ਕੁਝ ਵੀ ਨਹੀਂ ਸਮਝਦੀ ਅਤੇ ਨਾ ਹੀ ਉਨ੍ਹਾਂ ਦੀ ਕੋਈ ਚਿੰਤਾ ਕਰਦੀ ਹੈ, ਪਰ ਫਿਰ ਵੀ ਪਰਮੇਸ਼ੁਰ ਦਾ ਵਾਅਦਾ ਹੈ ਕਿ “ਕੰਗਾਲ ਤਾਂ ਸਦਾ ਵਿੱਸਰੇ ਨਹੀਂ ਰਹਿਣਗੇ, ਨਾ ਮਸਕੀਨਾਂ ਦੀ ਆਸ਼ਾ ਹਮੇਸ਼ਾ ਲਈ ਨਸ਼ਟ ਹੋਵੇਗੀ।” (ਜ਼ਬੂਰਾਂ ਦੀ ਪੋਥੀ 9:18) ਇਨ੍ਹਾਂ ਦਿਲਾਸੇ ਭਰੇ ਸ਼ਬਦਾਂ ਦੀ ਪੂਰਤੀ ਉਦੋਂ ਹੋਵੇਗੀ ਜਦੋਂ ਪਰਮੇਸ਼ੁਰ ਦਾ ਰਾਜ ਸਾਰੀਆਂ ਮਨੁੱਖੀ ਸਰਕਾਰਾਂ ਦੀ ਥਾਂ ਲੈ ਲਵੇਗਾ। (ਦਾਨੀਏਲ 2:44) ਉਸ ਰਾਜ ਦੇ ਰਾਜੇ ਵਜੋਂ ਯਿਸੂ “ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ। ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ, ਅਤੇ ਉਨ੍ਹਾਂ ਦਾ ਲਹੂ ਉਹ ਦੀ ਨਿਗਾਹ ਵਿੱਚ ਬਹੁਮੁੱਲਾ ਹੋਵੇਗਾ।”—ਜ਼ਬੂਰਾਂ ਦੀ ਪੋਥੀ 72:13, 14.
ਇਸ ਧਰਤੀ ਉੱਤੇ ਯਿਸੂ ਦੇ ਰਾਜ ਦੌਰਾਨ ਲੋਕਾਂ ਦੇ ਹਾਲਾਤ ਕਿਹੋ ਜਿਹੇ ਹੋਣਗੇ? ਉਸ ਸਮੇਂ ਪੂਰੀ ਧਰਤੀ ਉੱਤੇ ਲੋਕ ਆਪਣੀ ਮਿਹਨਤ ਦਾ ਪੂਰਾ-ਪੂਰਾ ਫਲ ਪਾਉਣਗੇ। ਮੀਕਾਹ 4:3, 4 ਵਿਚ ਲਿਖਿਆ ਹੈ: “ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ, ਕਿਉਂ ਜੋ ਸੈਨਾਂ ਦੇ ਯਹੋਵਾਹ ਦਾ ਮੁਖ ਵਾਕ ਹੈ।” ਪਰਮੇਸ਼ੁਰ ਦਾ ਰਾਜ ਬੀਮਾਰੀ ਤੇ ਮੌਤ ਨੂੰ ਵੀ ਖ਼ਤਮ ਕਰ ਦੇਵੇਗਾ। (ਯਸਾਯਾਹ 25:8) ਉਹ ਜ਼ਮਾਨਾ ਅੱਜ ਦੀ ਦੁਨੀਆਂ ਨਾਲੋਂ ਕਿੰਨਾ ਭਿੰਨ ਹੋਵੇਗਾ! ਬਾਈਬਲ ਦੇ ਇਨ੍ਹਾਂ ਵਾਅਦਿਆਂ ਤੇ ਅਸੀਂ ਪੂਰਾ ਯਕੀਨ ਕਿਉਂ ਕਰ ਸਕਦੇ ਹਾਂ? ਕਿਉਂਕਿ ਇਹ ਵਾਅਦੇ ਖ਼ੁਦ ਪਰਮੇਸ਼ੁਰ ਨੇ ਲਿਖਵਾਏ ਸਨ।
ਭਵਿੱਖ ਲਈ ਪੱਕੀ ਉਮੀਦ ਦੇਣ ਦੇ ਨਾਲ-ਲਾਲ ਬਾਈਬਲ ਸਾਨੂੰ ਅੱਜ ਦੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਵੀ ਸਿਖਾਉਂਦੀ ਹੈ। ਮਿਸਾਲ ਵਜੋਂ, ਗ਼ਰੀਬ ਹੋਣ ਕਰਕੇ ਇਕ ਵਿਅਕਤੀ ਵਿਚ ਹੀਣਤਾ ਦੀ ਭਾਵਨਾ ਪੈਦਾ ਹੋ ਸਕਦੀ ਹੈ, ਪਰ ਬਾਈਬਲ ਦੇ ਸਿਧਾਂਤ ਲਾਗੂ ਕਰ ਕੇ ਉਸ ਗ਼ਰੀਬ ਨੂੰ ਮਦਦ ਮਿਲ ਸਕਦੀ ਹੈ। ਬਾਈਬਲ ਦਾ ਅਧਿਐਨ ਕਰ ਕੇ ਇਕ ਗ਼ਰੀਬ ਮਸੀਹੀ ਜਾਣਦਾ ਹੈ ਕਿ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉੱਨਾ ਹੀ ਮਹਿਨਾ ਰੱਖਦਾ ਹੈ ਜਿੰਨਾ ਕਿ ਇਕ ਅਮੀਰ ਮਸੀਹੀ ਰੱਖਦਾ ਹੈ। ਬਾਈਬਲ ਵਿਚ ਅੱਯੂਬ ਨਾਂ ਦੀ ਪੁਸਤਕ ਵਿਚ ਪਰਮੇਸ਼ੁਰ ਬਾਰੇ ਲਿਖਿਆ ਹੈ ਕਿ ਉਹ “ਸਰਦਾਰਾਂ ਦੀ ਪੱਖਵਾਦੀ ਨਹੀਂ ਕਰਦਾ ਨਾ ਧਨੀ ਨੂੰ ਗ਼ਰੀਬ ਨਾਲੋਂ ਵੱਧ ਮੰਨਦਾ ਹੈ, ਕਿਉਂ ਜੋ ਓਹ ਸਾਰੇ ਦਾ ਸਾਰਾ ਉਹ ਦੇ ਹੱਥ ਦਾ ਕੰਮ ਹੈ।” (ਅੱਯੂਬ 34:19) ਪਰਮੇਸ਼ੁਰ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰਦਾ ਹੈ।—ਰਸੂਲਾਂ ਦੇ ਕਰਤੱਬ 10:34, 35.