‘ਪਰਮੇਸ਼ੁਰ ਹੱਥਾਂ ਦੇ ਬਣਾਇਆਂ ਹੋਇਆਂ ਮੰਦਰਾਂ ਵਿੱਚ ਨਹੀਂ ਵੱਸਦਾ’
ਅਥੀਨਾ ਦੇ ਮੰਦਰਾਂ ਬਾਰੇ ਪੌਲੁਸ ਚੰਗੀ ਤਰ੍ਹਾਂ ਜਾਣਦਾ ਸੀ ਕਿਉਂਕਿ ਉਸ ਨੇ ਆਪਣੇ ਮਿਸ਼ਨਰੀ ਦੌਰਿਆਂ ਦੌਰਾਨ ਬਹੁਤ ਸਾਰੇ ਸ਼ਹਿਰਾਂ ਵਿਚ ਅਜਿਹੇ ਮੰਦਰ ਦੇਖੇ ਸਨ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਅਨੁਸਾਰ ਅਥੀਨਾ ਨੂੰ ਨਾ ਸਿਰਫ਼ ਯੁੱਧ ਤੇ ਬੁੱਧ ਦੀ ਦੇਵੀ ਮੰਨਿਆ ਜਾਂਦਾ ਸੀ, ਸਗੋਂ ਉਸ ਨੂੰ “ਕਲਾ ਤੇ ਹੁਨਰ ਦੀ ਦੇਵੀ ਵੀ ਮੰਨਿਆ ਜਾਂਦਾ ਸੀ।”
ਅਥੀਨਾ ਦਾ ਸਭ ਤੋਂ ਪ੍ਰਸਿੱਧ ਮੰਦਰ ਪਾਰਥਨੌਨ ਸੀ ਜੋ ਅਥੇਨੈ ਸ਼ਹਿਰ ਵਿਚ ਬਣਾਇਆ ਗਿਆ ਸੀ। ਇਸ ਸ਼ਹਿਰ ਦਾ ਨਾਂ ਇਸੇ ਦੇਵੀ ਦੇ ਨਾਂ ਤੇ ਅਥੇਨੈ ਰੱਖਿਆ ਗਿਆ ਸੀ। ਪੁਰਾਣੇ ਜ਼ਮਾਨੇ ਵਿਚ ਦੁਨੀਆਂ ਦੇ ਸਭ ਤੋਂ ਵੱਡੇ ਪਾਰਥਨੌਨ ਮੰਦਰ ਵਿਚ ਅਥੀਨਾ ਦੇਵੀ ਦਾ ਸੋਨੇ ਅਤੇ ਹਾਥੀ-ਦੰਦ ਦਾ ਬਣਿਆ 40 ਫੁੱਟ ਉੱਚਾ ਬੁੱਤ ਰੱਖਿਆ ਹੋਇਆ ਸੀ। ਜਦੋਂ ਪੌਲੁਸ ਅਥੇਨੈ ਗਿਆ ਸੀ, ਉਦੋਂ ਤਕ 500 ਸਾਲ ਪੁਰਾਣਾ ਚਿੱਟੇ ਸੰਗਮਰਮਰ ਦਾ ਬਣਿਆ ਇਹ ਮੰਦਰ ਸ਼ਹਿਰ ਦੀ ਸ਼ਾਨ ਬਣ ਚੁੱਕਾ ਸੀ।
ਪਾਰਥਨੌਨ ਮੰਦਰ ਦੇ ਨੇੜੇ ਪੌਲੁਸ ਨੇ ਕੁਝ ਅਥੇਨੀ ਲੋਕਾਂ ਨੂੰ ਉਸ ਪਰਮੇਸ਼ੁਰ ਬਾਰੇ ਦੱਸਿਆ ਜੋ ਹੱਥਾਂ ਦੇ ਬਣੇ ਮੰਦਰਾਂ ਵਿਚ ਨਹੀਂ ਵੱਸਦਾ। (ਰਸੂਲਾਂ ਦੇ ਕਰਤੱਬ 17:23, 24) ਪੌਲੁਸ ਦੀ ਗੱਲ ਸੁਣਨ ਵਾਲੇ ਕੁਝ ਲੋਕ ਸ਼ਾਇਦ ਅਥੀਨਾ ਦੇ ਮੰਦਰਾਂ ਦੀ ਸ਼ਾਨ ਜਾਂ ਉਸ ਦੇ ਬੁੱਤਾਂ ਦੀ ਚਮਕ-ਦਮਕ ਕਾਰਨ ਅਥੀਨਾ ਦੇਵੀ ਦਾ ਬਹੁਤ ਆਦਰ ਕਰਦੇ ਸਨ। ਸ਼ਾਇਦ ਇਸ ਕਰਕੇ ਉਹ ਦਿਖਾਈ ਨਾ ਦੇਣ ਵਾਲੇ ਪਰਮੇਸ਼ੁਰ ਤੋਂ ਜ਼ਿਆਦਾ ਪ੍ਰਭਾਵਿਤ ਨਹੀਂ ਹੋਏ ਜਿਸ ਨੂੰ ਉਹ ਨਹੀਂ ਜਾਣਦੇ ਸਨ। ਪਰ ਪੌਲੁਸ ਨੇ ਸਮਝਾਇਆ ਕਿ ਇਨਸਾਨਾਂ ਨੂੰ ਰਚਣ ਵਾਲੇ ਸਿਰਜਣਹਾਰ ਦੀ ਇਸ ਤਰ੍ਹਾਂ ਕਲਪਨਾ ਨਹੀਂ ਕਰਨੀ ਚਾਹੀਦੀ ਕਿ ਉਹ ‘ਸੋਨੇ ਚਾਂਦੀ ਯਾ ਪੱਥਰ ਵਰਗਾ ਹੈ ਜਿਹ ਨੂੰ ਮਨੁੱਖ ਨੇ ਘੜਿਆ ਹੈ।’—ਰਸੂਲਾਂ ਦੇ ਕਰਤੱਬ 17:29.
ਮੰਦਰਾਂ ਅਤੇ ਬੁੱਤਾਂ ਦੁਆਰਾ ਆਪਣੀ ਮਹਿਮਾ ਕਰਾਉਣ ਵਾਲੇ ਕਈ ਦੇਵੀ-ਦੇਵਤੇ ਆਏ ਤੇ ਚਲੇ ਗਏ। ਪੰਜਵੀਂ ਸਦੀ ਸਾ.ਯੁ. ਵਿਚ ਪਾਰਥਨੌਨ ਮੰਦਰ ਵਿੱਚੋਂ ਅਥੀਨਾ ਦਾ ਵਿਸ਼ਾਲ ਬੁੱਤ ਗਾਇਬ ਹੋ ਗਿਆ। ਅੱਜ ਅਥੀਨਾ ਦੇ ਕੁਝ ਮੰਦਰਾਂ ਦੇ ਸਿਰਫ਼ ਖੰਡਰਾਤ ਹੀ ਦੇਖਣ ਨੂੰ ਮਿਲਦੇ ਹਨ। ਅੱਜ-ਕੱਲ੍ਹ ਕੌਣ ਅਥੀਨਾ ਨੂੰ ਬੁੱਧ ਤੇ ਅਗਵਾਈ ਲਈ ਪ੍ਰਾਰਥਨਾ ਕਰਦਾ ਹੈ?
ਪਰ ਇਸ ਦੇ ਉਲਟ, ਯਹੋਵਾਹ “ਅਨਾਦੀ ਪਰਮੇਸ਼ੁਰ” ਹੈ ਜਿਸ ਨੂੰ ਕਦੇ ਕਿਸੇ ਇਨਸਾਨ ਨੇ ਨਹੀਂ ਦੇਖਿਆ। (ਰੋਮੀਆਂ 16:26; 1 ਯੂਹੰਨਾ 4:12) ਕੋਰਹ ਦੇ ਪੁੱਤਰਾਂ ਨੇ ਲਿਖਿਆ: “ਇਹੋ ਪਰਮੇਸ਼ੁਰ ਤਾਂ ਜੁੱਗੋ ਜੁੱਗ ਸਾਡਾ ਪਰਮੇਸ਼ੁਰ ਹੈ, ਮੌਤ ਤੀਕ ਵੀ ਉਹੋ ਸਾਡਾ ਆਗੂ ਰਹੇਗਾ!” (ਜ਼ਬੂਰਾਂ ਦੀ ਪੋਥੀ 48:14) ਅਸੀਂ ਯਹੋਵਾਹ ਦੇ ਬਚਨ ਬਾਈਬਲ ਨੂੰ ਪੜ੍ਹਨ ਅਤੇ ਇਸ ਦੀ ਸਲਾਹ ਲਾਗੂ ਕਰਨ ਦੁਆਰਾ ਉਸ ਦੀ ਅਗਵਾਈ ਵਿਚ ਚੱਲ ਸਕਦੇ ਹਾਂ।