ਕੀ ਤੁਸੀਂ ਡਰ-ਰਹਿਤ ਦੁਨੀਆਂ ਵਿਚ ਜੀਣ ਲਈ ਤਰਸਦੇ ਹੋ?
‘ਅਸੀਂ ਹਰ ਵੇਲੇ ਡਰ ਤੇ ਖ਼ੌਫ਼ ਦੇ ਸਾਏ ਹੇਠ ਜੀਉਂਦੇ ਹਾਂ ਕਿਉਂਕਿ ਕਿਸੇ ਵੀ ਪਲ ਕੋਈ ਖ਼ਤਰਾ ਅਚਾਨਕ ਸਾਨੂੰ ਆਪਣੀ ਲਪੇਟ ਵਿਚ ਲੈ ਸਕਦਾ ਹੈ।’
ਇਹ ਸ਼ਬਦ ਪਿਛਲੇ ਸਾਲ ਨਿਊਜ਼ਵੀਕ ਰਸਾਲੇ ਵਿਚ ਛਪੇ ਸਨ ਜੋ ਅੱਜ ਅਸ਼ਾਂਤ ਦੁਨੀਆਂ ਵਿਚ ਰਹਿੰਦੇ ਅਨੇਕ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਂਦੇ ਹਨ। ਯਿਸੂ ਮਸੀਹ ਨੇ ਦੱਸਿਆ ਸੀ ਕਿ ਇਹ ਖ਼ੌਫ਼ ਨੇੜਲੇ ਭਵਿੱਖ ਵਿਚ ਹੋਰ ਵੀ ਵਧ ਜਾਵੇਗਾ। ਉਸ ਨੇ ਕਿਹਾ ਸੀ ਕਿ ਇਕ ਅਜਿਹਾ ਸਮਾਂ ਆਵੇਗਾ ਜਦੋਂ ਕੌਮਾਂ ਨੂੰ ਕਸ਼ਟ ਤੇ ਘਬਰਾਹਟ ਹੋਵੇਗੀ ਅਤੇ ਦੁਨੀਆਂ ਉੱਤੇ ਕਹਿਰ ਢਾਹੁਣ ਵਾਲੀਆਂ ਘਟਨਾਵਾਂ ਦੇ ਡਰ ਕਾਰਨ ਲੋਕਾਂ ਦੇ ਜੀ ਡੁੱਬ ਜਾਣਗੇ। ਪਰ ਸਾਨੂੰ ਡਰਨ ਜਾਂ ਮਾਯੂਸ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਯਿਸੂ ਨੇ ਅੱਗੇ ਕਿਹਾ ਸੀ: “ਜਾਂ ਏਹ ਗੱਲਾਂ ਹੋਣ ਲੱਗਣਗੀਆਂ ਤਾਂ ਉਤਾਹਾਂ ਵੇਖੋ ਅਤੇ ਆਪਣੇ ਸਿਰ ਚੁੱਕੋ ਇਸ ਲਈ ਜੋ ਤੁਹਾਡਾ ਨਿਸਤਾਰਾ ਨੇੜੇ ਆਇਆ ਹੈ।”—ਲੂਕਾ 21:25-28.
ਦੁੱਖਾਂ ਤੋਂ ਨਿਸਤਾਰਾ ਮਿਲਣ ਤੋਂ ਬਾਅਦ ਧਰਤੀ ਦੇ ਹਾਲਾਤਾਂ ਬਾਰੇ ਯਹੋਵਾਹ ਪਰਮੇਸ਼ੁਰ ਕਹਿੰਦਾ ਹੈ: “ਮੇਰੀ ਪਰਜਾ ਸ਼ਾਂਤੀ ਦੇ ਭਵਨਾਂ ਵਿੱਚ, ਅਮਨ ਦੇ ਵਾਸਾਂ ਵਿੱਚ, ਅਰਾਮ ਤੇ ਚੈਨ ਦੇ ਅਸਥਾਨਾਂ ਵਿੱਚ ਵੱਸੇਗੀ।” (ਯਸਾਯਾਹ 32:18) ਉਸ ਨੇ ਆਪਣੇ ਨਬੀ ਮੀਕਾਹ ਰਾਹੀਂ ਕਿਹਾ: “ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ।”—ਮੀਕਾਹ 4:4.
ਉਹ ਜ਼ਿੰਦਗੀ ਅੱਜ ਦੀ ਜ਼ਿੰਦਗੀ ਨਾਲੋਂ ਕਿੰਨੀ ਹੀ ਵੱਖਰੀ ਹੋਵੇਗੀ! ਲੋਕਾਂ ਨੂੰ ਕਿਸੇ ਕਿਸਮ ਦਾ ਖ਼ਤਰਾ ਨਹੀਂ ਹੋਵੇਗਾ। ਡਰ ਅਤੇ ਖ਼ੌਫ਼ ਦੇ ਸਾਏ ਹੇਠ ਜੀਣ ਦੀ ਬਜਾਇ ਲੋਕ ਸ਼ਾਂਤੀ ਤੇ ਖ਼ੁਸ਼ੀ ਨਾਲ ਜੀਣਗੇ।