“ਆਪਣੇ ਧਰਮ ਦੇ ਕਾਰਨ ਸਤਾਇਆ ਗਿਆ”
ਇਟਲੀ ਦੇ ਉੱਤਰ ਵਿਚ ਚੈਰਨੋਬਿਓ ਸ਼ਹਿਰ ਦੇ ਇਕ ਪਾਰਕ ਵਿਚ ਇਕ ਸਮਾਰਕ ਸਥਾਪਿਤ ਕੀਤਾ ਗਿਆ ਹੈ। ਇਹ ਉਨ੍ਹਾਂ ਵਿਅਕਤੀਆਂ ਦੀ ਯਾਦ ਵਿਚ ਹੈ ਜੋ ਮਨੁੱਖੀ ਅਤਿਆਚਾਰਾਂ ਦੇ ਸ਼ਿਕਾਰ ਹੋਏ ਸਨ। ਇਕ ਸਮਾਰਕ ਨਾਰਸੀਸੋ ਰੀਟ ਦੀ ਹੈ। ਉਸ ਦਾ ਜਨਮ ਜਰਮਨੀ ਵਿਚ ਹੋਇਆ ਸੀ, ਪਰ ਉਸ ਦੇ ਮਾਂ-ਬਾਪ ਇਟਲੀ ਤੋਂ ਸਨ। ਨਾਰਸੀਸੋ ਰੀਟ 1930 ਦੇ ਦਹਾਕੇ ਵਿਚ ਯਹੋਵਾਹ ਦਾ ਗਵਾਹ ਬਣਿਆ ਸੀ। ਹਿਟਲਰ ਦੇ ਰਾਜ ਦੌਰਾਨ ਯਹੋਵਾਹ ਦੇ ਗਵਾਹਾਂ ਨੇ ਬਹੁਤ ਜ਼ੁਲਮ ਸਹੇ ਕਿਉਂਕਿ ਉਨ੍ਹਾਂ ਨੇ ਯਹੋਵਾਹ ਨੂੰ ਛੱਡ ਕੇ ਹਿਟਲਰ ਤੇ ਵਿਸ਼ਵਾਸ ਕਰਨ ਤੋਂ ਇਨਕਾਰ ਕੀਤਾ ਸੀ।
ਜਦੋਂ ਜਰਮਨੀ ਦੀ ਖੁਫੀਆ ਪੁਲਸ (ਗਸਤਾਪੋ) ਨੂੰ ਪਤਾ ਚਲਿਆ ਕਿ ਕੈਂਪਾਂ ਵਿਚ ਪਹਿਰਾਬੁਰਜ ਰਸਾਲੇ ਲਿਆਉਣ ਵਿਚ ਨਾਰਸੀਸੋ ਰੀਟ ਦਾ ਵੀ ਹੱਥ ਸੀ, ਤਾਂ ਉਸ ਨੂੰ ਆਪਣੀ ਜਾਨ ਬਚਾ ਕੇ ਚੈਰਨੋਬਿਓ ਭੱਜਣਾ ਪਿਆ। ਉੱਥੇ ਉਸ ਨੂੰ ਇਤਾਲਵੀ ਭਾਸ਼ਾ ਵਿਚ ਪਹਿਰਾਬੁਰਜ ਦਾ ਤਰਜਮਾ ਕਰ ਕੇ ਵੰਡਣ ਲਈ ਕਿਹਾ ਗਿਆ। ਉਸ ਦੇ ਕੰਮ ਪੁਲਸ ਦੀਆਂ ਨਜ਼ਰਾਂ ਤੋਂ ਬਹੁਤੀ ਦੇਰ ਲੁਕੇ ਨਹੀਂ ਰਹੇ। ਇਕ ਦਿਨ ਹਿਟਲਰ ਦੇ ਸਿਪਾਹੀਆਂ ਨੇ ਅਚਾਨਕ ਨਾਰਸੀਸੋ ਰੀਟ ਦੇ ਘਰ ਛਾਪਾ ਮਾਰ ਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਅਪਰਾਧ ਦੇ ਸਬੂਤ ਵਜੋਂ ਉਨ੍ਹਾਂ ਨੇ ਦੋ ਬਾਈਬਲਾਂ ਅਤੇ ਕੁਝ ਚਿੱਠੀਆਂ ਵੀ ਜ਼ਬਤ ਕਰ ਲਈਆਂ! ਨਾਰਸੀਸੋ ਰੀਟ ਨੂੰ ਜ਼ਬਰਦਸਤੀ ਇਟਲੀ ਵਿੱਚੋਂ ਕੱਢ ਦਿੱਤਾ ਗਿਆ ਅਤੇ ਉਹ ਜਰਮਨੀ ਦੇ ਡਾਖਾਓ ਕੈਂਪ ਵਿਚ ਕੈਦ ਕੀਤਾ ਗਿਆ। ਦੂਜੇ ਵਿਸ਼ਵ ਯੁੱਧ ਦੇ ਖ਼ਤਮ ਹੋਣ ਤੋਂ ਕੁਝ ਸਮਾਂ ਪਹਿਲਾਂ ਉਸ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ ਸੀ। ਚੈਰਨੋਬਿਓ ਵਿਚ ਉਸ ਦੇ ਯਾਦਗਾਰ ਪੱਥਰ ਤੇ ਲਿਖਿਆ ਹੈ ਕਿ ਉਹ “ਆਪਣੇ ਧਰਮ ਦੇ ਕਾਰਨ ਸਤਾਇਆ ਗਿਆ” ਸੀ।
ਨਾਰਸੀਸੋ ਰੀਟ ਵਾਂਗ ਯਹੋਵਾਹ ਦੇ ਬਹੁਤ ਸਾਰੇ ਗਵਾਹਾਂ ਨੇ ਨਾਜ਼ੀਆਂ ਦੇ ਹੱਥੋਂ ਸਿਤਮ ਸਹੇ ਹਨ। ਉਨ੍ਹਾਂ ਦੀ ਮਜ਼ਬੂਤ ਨਿਹਚਾ ਤੋਂ ਅੱਜ ਸਾਨੂੰ ਹੌਸਲਾ ਮਿਲਦਾ ਕਿ ਅਸੀਂ ਵੀ ਯਹੋਵਾਹ ਨੂੰ ਵਫ਼ਾਦਾਰ ਰਹਿ ਸਕਦੇ ਹਾਂ ਕਿਉਂਕਿ ਸਿਰਫ਼ ਉਹੀ ਸਾਡੀ ਭਗਤੀ ਦੇ ਯੋਗ ਹੈ। (ਪਰਕਾਸ਼ ਦੀ ਪੋਥੀ 4:11) ਯਿਸੂ ਮਸੀਹ ਨੇ ਕਿਹਾ ਸੀ: “ਧੰਨ ਓਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਹਨ ਕਿਉਂ ਜੋ ਸੁਰਗ ਦਾ ਰਾਜ ਉਨ੍ਹਾਂ ਦਾ ਹੈ।” ਪਰਮੇਸ਼ੁਰ ਉਨ੍ਹਾਂ ਦੇ ਕੰਮਾਂ ਨੂੰ ਭੁੱਲੇਗਾ ਨਹੀਂ ਅਤੇ ਉਨ੍ਹਾਂ ਨੂੰ ਆਪਣੀ ਕਰਨੀ ਦਾ ਮਿੱਠਾ ਫਲ ਜ਼ਰੂਰ ਦੇਵੇਗਾ।—ਮੱਤੀ 5:10; ਇਬਰਾਨੀਆਂ 6:10.