ਗਲੀਲ ਦੀ ਸ਼ਾਨ—ਸਫੋਰਿਸ ਸ਼ਹਿਰ
ਯਿਸੂ ਦੇ ਜੱਦੀ ਪਿੰਡ ਨਾਸਰਤ ਤੋਂ ਲਗਭਗ ਸੱਤ ਕਿਲੋਮੀਟਰ ਉੱਤਰ-ਪੱਛਮ ਵੱਲ ਸਫੋਰਿਸ ਨਾਂ ਦਾ ਸ਼ਹਿਰ ਹੁੰਦਾ ਸੀ। ਇਹ ਸ਼ਹਿਰ ਗਲੀਲ ਦੇ ਇਲਾਕੇ ਵਿਚ ਪੈਂਦਾ ਸੀ। ਭਾਵੇਂ ਇਸ ਸ਼ਹਿਰ ਦਾ ਜ਼ਿਕਰ ਇੰਜੀਲਾਂ ਵਿਚ ਕਿਤੇ ਵੀ ਨਹੀਂ ਕੀਤਾ ਜਾਂਦਾ, ਪਰ ਪਹਿਲੀ ਸਦੀ ਦੇ ਇਕ ਇਤਿਹਾਸਕਾਰ ਅਨੁਸਾਰ ਸਫੋਰਿਸ ਸ਼ਹਿਰ “ਗਲੀਲ ਦੀ ਸ਼ਾਨ” ਮੰਨਿਆ ਜਾਂਦਾ ਸੀ। ਅੱਜ ਸਾਨੂੰ ਇਸ ਸ਼ਹਿਰ ਬਾਰੇ ਕੀ ਪਤਾ ਹੈ?
ਸੰਨ 1 ਈ. ਪੂ. ਵਿਚ ਰਾਜਾ ਹੇਰੋਦੇਸ ਦੀ ਮੌਤ ਤੋਂ ਬਾਅਦ, ਸਫੋਰਿਸ ਦੇ ਵਾਸੀਆਂ ਨੇ ਰੋਮ ਵਿਰੁੱਧ ਬਗਾਵਤ ਦਾ ਝੰਡਾ ਲਹਿਰਾਇਆ ਜਿਸ ਕਰਕੇ ਉਨ੍ਹਾਂ ਦਾ ਸ਼ਹਿਰ ਰੋਮੀਆਂ ਨੇ ਤਬਾਹ ਕਰ ਦਿੱਤਾ। ਹੇਰੋਦੇਸ ਦੇ ਪੁੱਤਰ ਅੰਤਿਪਾਸ ਨੂੰ ਵਿਰਾਸਤ ਵਿਚ ਗਲੀਲ ਅਤੇ ਪੀਰਿਆ ਇਲਾਕੇ ਮਿਲੇ ਅਤੇ ਉਸ ਨੇ ਸਫੋਰਿਸ ਨੂੰ ਆਪਣੀ ਰਾਜਧਾਨੀ ਬਣਾ ਲਿਆ। ਸਫੋਰਿਸ ਦੇ ਖੰਡਰਾਂ ਨੂੰ ਯੂਨਾਨੀ-ਰੋਮੀ ਨਿਰਮਾਣ ਕਲਾ ਨਾਲ ਉਸਾਰਿਆ ਗਿਆ ਸੀ, ਪਰ ਇਸ ਵਿਚ ਰਹਿਣ ਵਾਲੇ ਜ਼ਿਆਦਾਤਰ ਲੋਕ ਯਹੂਦੀ ਸਨ। ਪ੍ਰੋਫ਼ੈਸਰ ਰਿਚਰਡ ਏ. ਬੇਟੀ ਦੇ ਮੁਤਾਬਕ, “ਸਫੋਰਿਸ ਸ਼ਹਿਰ ਗਲੀਲ ਅਤੇ ਪੀਰਿਆ ਦੇ ਪ੍ਰਸ਼ਾਸਨ ਦਾ ਮੁੱਖ ਕੇਂਦਰ ਬਣਿਆ ਰਿਹਾ।” ਫਿਰ ਅੰਤਿਪਾਸ ਨੇ ਸੰਨ 21 ਈ. ਵਿਚ ਤਿਬਿਰਿਯਾਸ ਸ਼ਹਿਰ ਨੂੰ ਉਸਾਰ ਕੇ ਇਸ ਨੂੰ ਆਪਣੇ ਇਲਾਕੇ ਦੀ ਰਾਜਧਾਨੀ ਬਣਾ ਲਿਆ। ਇਸ ਸਮੇਂ ਦੌਰਾਨ ਯਿਸੂ ਇਸ ਸ਼ਹਿਰ ਦੇ ਲਾਗੇ ਹੀ ਰਹਿੰਦਾ ਸੀ।
ਪ੍ਰੋਫ਼ੈਸਰ ਜੇਮਜ਼ ਸਟ੍ਰੇਂਜ ਨੇ ਸਫੋਰਿਸ ਦੇ ਖੰਡਰਾਂ ਦੀ ਖੁਦਾਈ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਪੁਰਾਣੀਆਂ ਲਿਖਤਾਂ, ਖ਼ਜ਼ਾਨੇ ਅਤੇ ਅਸਲੇਖ਼ਾਨਿਆਂ ਤੋਂ ਇਲਾਵਾ ਬੈਂਕਾਂ ਤੇ ਸੋਹਣੀਆਂ ਇਮਾਰਤਾਂ ਵੀ ਹੁੰਦੀਆਂ ਸਨ। ਸ਼ਹਿਰ ਦੇ ਬਾਜ਼ਾਰਾਂ ਵਿਚ ਮਿੱਟੀ ਦੇ ਭਾਂਡੇ, ਕੱਚ ਤੇ ਲੋਹੇ ਦੀਆਂ ਬਣੀਆਂ ਚੀਜ਼ਾਂ, ਗਹਿਣੇ ਅਤੇ ਖਾਣ-ਪੀਣ ਦੀਆਂ ਭਾਂਤ-ਭਾਂਤ ਚੀਜ਼ਾਂ ਵਿਕਦੀਆਂ ਸਨ। ਇਸ ਤੋਂ ਇਲਾਵਾ ਕੱਪੜਾ, ਟੋਕਰੀਆਂ, ਮੇਜ਼-ਕੁਰਸੀਆਂ ਤੇ ਅਤਰ ਵਗੈਰਾ ਵੀ ਖ਼ਰੀਦਿਆ ਜਾ ਸਕਦਾ ਸੀ। ਅੰਦਾਜ਼ਾ ਲਗਾਇਆ ਗਿਆ ਹੈ ਕਿ ਸ਼ਹਿਰ ਵਿਚ ਕੁਝ 8,000 ਤੋਂ 12,000 ਲੋਕ ਰਹਿੰਦੇ ਸਨ। ਵਾਕਈ ਇਸ ਸ਼ਹਿਰ ਵਿਚ ਬਹੁਤ ਰੌਣਕ ਸੀ।
ਕੀ ਯਿਸੂ ਇਸ ਸ਼ਹਿਰ ਵਿਚ ਕਦੇ ਗਿਆ ਸੀ ਜੋ ਕਿ ਨਾਸਰਤ ਤੋਂ ਇਕ ਘੰਟੇ ਦਾ ਪੈਦਲ ਸਫ਼ਰ ਸੀ? ਇੰਜੀਲਾਂ ਵਿਚ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ। ਲੇਕਿਨ ਦੀ ਐਂਕਰ ਬਾਈਬਲ ਡਿਕਸ਼ਨਰੀ ਦੱਸਦੀ ਹੈ ਕਿ “ਗਲੀਲ ਦੇ ਕਾਨਾ ਪਿੰਡ ਤੋਂ ਨਾਸਰਤ ਨੂੰ ਆਉਣ-ਜਾਣ ਵਾਸਤੇ ਮੁਸਾਫ਼ਰਾਂ ਨੂੰ ਸਫੋਰਿਸ ਵਿੱਚੋਂ ਦੀ ਲੰਘਣਾ ਪੈਂਦਾ ਸੀ।” (ਯੂਹੰਨਾ 2:1; 4:46) ਸਫੋਰਿਸ 120 ਮੀਟਰ ਉੱਚੀ ਪਹਾੜੀ ਤੇ ਸਥਿਤ ਸੀ ਅਤੇ ਇਹ ਨਾਸਰਤ ਤੋਂ ਦੇਖਿਆ ਜਾ ਸਕਦਾ ਸੀ। ਕੁਝ ਲੋਕਾਂ ਦਾ ਮੰਨਣਾ ਹੈ ਕਿ ਯਿਸੂ ਨੇ ਸ਼ਾਇਦ ਆਪਣੇ ਇਕ ਦ੍ਰਿਸ਼ਟਾਂਤ ਵਿਚ ਇਸੇ ਸ਼ਹਿਰ ਬਾਰੇ ਗੱਲ ਕੀਤੀ ਸੀ ਜਦ ਉਸ ਨੇ ਕਿਹਾ: “ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਗੁੱਝਾ ਨਹੀਂ ਰਹਿ ਸੱਕਦਾ।”—ਮੱਤੀ 5:14.
ਸੰਨ 70 ਈ. ਵਿਚ ਯਰੂਸ਼ਲਮ ਸ਼ਹਿਰ ਦੀ ਤਬਾਹੀ ਤੋਂ ਬਾਅਦ ਸਫੋਰਿਸ ਯਹੂਦੀਆਂ ਲਈ ਗਲੀਲ ਦਾ ਮੁੱਖ ਸ਼ਹਿਰ ਬਣ ਗਿਆ। ਯਹੂਦੀ ਮਹਾਸਭਾ ਯਾਨੀ ਉੱਚ-ਅਦਾਲਤ ਵੀ ਇਸੇ ਸ਼ਹਿਰ ਵਿਚ ਸਥਾਪਿਤ ਕੀਤੀ ਗਈ ਸੀ। ਸਫੋਰਿਸ ਕੁਝ ਸਮੇਂ ਲਈ ਯਹੂਦੀਆਂ ਵਾਸਤੇ ਸਿੱਖਿਆ ਦਾ ਕੇਂਦਰ ਵੀ ਰਿਹਾ ਸੀ।
[ਸਫ਼ਾ 32 ਉੱਤੇ ਨਕਸ਼ਾ/ਤਸਵੀਰ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਗਲੀਲ ਦੀ ਝੀਲ
ਗਲੀਲ
ਕਾਨਾ
ਤਿਬਿਰਿਯਾਸ
ਸਫੋਰਿਸ
ਨਾਸਰਤ
ਪੀਰਿਆ
[ਸਫ਼ਾ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Pottery: Excavated by Wohl Archaeological Museum, Herodian Quarter, Jewish Quarter. Owned by Company for the Reconstruction of the Jewish Quarter in the Old City of Jerusalem, Ltd