ਉਸ ਦੀ ਨਿਹਚਾ ਤੋਂ ਦੂਜਿਆਂ ਨੂੰ ਬਲ ਮਿਲਦਾ ਹੈ
ਸਿਲਵੀਆ ਦਾ ਜਨਮ ਦਸੰਬਰ 1992 ਵਿਚ ਹੋਇਆ ਸੀ ਤੇ ਉਹ ਬਿਲਕੁਲ ਤੰਦਰੁਸਤ ਲੱਗਦੀ ਸੀ। ਪਰ ਦੋ ਸਾਲਾਂ ਬਾਅਦ ਡਾਕਟਰੀ ਜਾਂਚ ਤੋਂ ਪਤਾ ਲੱਗਾ ਕਿ ਉਸ ਨੂੰ ਸਿਸਟਿੱਕ ਫਾਈਬ੍ਰੋਸਿਸ (cystic fibrosis) ਦੀ ਬੀਮਾਰੀ ਹੈ ਜੋ ਲਾਇਲਾਜ ਹੈ। ਇਸ ਬੀਮਾਰੀ ਕਰਕੇ ਰੋਗੀ ਲਈ ਸਾਹ ਲੈਣਾ ਬਹੁਤ ਮੁਸ਼ਕਲ ਹੁੰਦਾ ਹੈ ਅਤੇ ਪਾਚਨ-ਪ੍ਰਣਾਲੀ ਵਿਚ ਵੀ ਕਈ ਗੰਭੀਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਸਿਲਵੀਆ ਇਸ ਬੀਮਾਰੀ ਨਾਲ ਨਜਿੱਠਣ ਲਈ ਹਰ ਰੋਜ਼ 36 ਗੋਲੀਆਂ ਲੈਣ ਦੇ ਨਾਲ-ਨਾਲ ਏਰੋਸੋਲ ਇਨਹੇਲਰ (aerosol inhaler) ਦੇ ਪੱਫ਼ ਵੀ ਲੈਂਦੀ ਹੈ ਅਤੇ ਉਸ ਨੂੰ ਕਸਰਤ ਵਾਸਤੇ ਫ਼ਿਜ਼ੀਕਲ ਥੈਰਾਪਿਸਟ ਕੋਲ ਵੀ ਜਾਣਾ ਪੈਂਦਾ ਹੈ। ਸਿਲਵੀਆ ਦੇ ਫੇਫੜਿਆਂ ਦਾ ਕੇਵਲ ਇਕ-ਚੁਥਾਈ ਹਿੱਸਾ ਹੀ ਕੰਮ ਕਰਦਾ ਹੈ। ਇਸ ਲਈ ਉਹ ਆਕਸੀਜਨ ਸਲਿੰਡਰ ਦੇ ਸਹਾਰੇ ਹੀ ਸਾਹ ਲੈਂਦੀ ਹੈ। ਬਾਹਰ ਕਿਤੇ ਜਾਣ ਵੇਲੇ ਵੀ ਇਹ ਸਲਿੰਡਰ ਉਸ ਨੂੰ ਨਾਲ ਰੱਖਣੀ ਪੈਂਦੀ ਹੈ।
ਸਿਲਵੀਆ ਦੀ ਮਾਂ ਟਰੇਸਾ ਦੱਸਦੀ ਹੈ: “ਮੈਂ ਹੈਰਾਨ ਰਹਿ ਜਾਂਦੀ ਹਾਂ ਜਦ ਮੈਂ ਦੇਖਦੀ ਹਾਂ ਕਿ ਸਿਲਵੀਆ ਇਸ ਬੀਮਾਰੀ ਦਾ ਕਿਸ ਤਰ੍ਹਾਂ ਸਾਮ੍ਹਣਾ ਕਰਦੀ ਹੈ। ਬਾਈਬਲ ਦਾ ਗਿਆਨ ਲੈਂਦੇ ਰਹਿਣ ਨਾਲ ਉਸ ਦੀ ਨਿਹਚਾ ਪੱਕੀ ਹੋਈ ਹੈ। ਇਸ ਨਿਹਚਾ ਸਦਕਾ ਹੀ ਉਹ ਇਸ ਬੀਮਾਰੀ ਨਾਲ ਜੁੜੇ ਹਰ ਦੁੱਖ-ਦਰਦ ਨੂੰ ਸਹਿ ਪਾਈ ਹੈ। ਇਸ ਤੋਂ ਇਲਾਵਾ, ਉਹ ਯਹੋਵਾਹ ਦੇ ਨਵੇਂ ਸੰਸਾਰ ਦੇ ਵਾਅਦੇ ਨੂੰ ਕਦੇ ਨਹੀਂ ਭੁੱਲਦੀ ਜਦ ਸਾਰੇ ਰੋਗੀ ਰਾਜ਼ੀ ਹੋ ਜਾਣਗੇ।” ਜਦ ਕਦੇ ਸਿਲਵੀਆ ਦੇ ਮਾਤਾ-ਪਿਤਾ ਅਤੇ ਉਸ ਦਾ ਭਰਾ ਉਦਾਸ ਹੋ ਜਾਂਦੇ ਹਨ, ਤਾਂ ਸਿਲਵੀਆ ਦੀ ਇਕ ਮੁਸਕਾਨ ਉਨ੍ਹਾਂ ਦੀ ਉਦਾਸੀ ਨੂੰ ਖ਼ੁਸ਼ੀ ਵਿਚ ਬਦਲ ਦਿੰਦੀ ਹੈ। ਫਿਰ ਉਹ ਉਨ੍ਹਾਂ ਨੂੰ ਕਹਿੰਦੀ ਹੈ: “ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਇਹ ਸਭ ਦੁਖਦਾਈ ਗੱਲਾਂ ਅਤੀਤ ਬਣ ਕੇ ਰਹਿ ਜਾਣਗੀਆਂ।”
ਸਿਲਵੀਆ ਬਾਕਾਇਦਾ ਕਨੇਰੀ ਟਾਪੂ ਦੇ ਵਸਨੀਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੀ ਹੈ। ਲੋਕ ਸਿਲਵੀਆ ਨਾਲ ਗੱਲ ਕਰਦੇ ਵਕਤ ਦੇਖਦੇ ਹਨ ਕਿ ਉਸ ਦਾ ਚਿਹਰਾ ਖ਼ੁਸ਼ੀ ਨਾਲ ਖਿੜਿਆ ਹੁੰਦਾ ਹੈ। ਹੋਰ ਤਾਂ ਹੋਰ ਉੱਥੇ ਦੀ ਮਸੀਹੀ ਕਲੀਸਿਯਾ ਦੇ ਭੈਣ-ਭਰਾ ਵੀ ਸਭਾਵਾਂ ਵਿਚ ਸਿਲਵੀਆ ਦੀਆਂ ਟਿੱਪਣੀਆਂ ਸੁਣ ਕੇ ਬੜੇ ਖ਼ੁਸ਼ ਹੁੰਦੇ ਹਨ। ਹਰ ਸਭਾ ਤੋਂ ਬਾਅਦ, ਸਿਲਵੀਆ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਮਿਲਦੀ-ਗਿਲਦੀ ਹੈ। ਉਸ ਦਾ ਖ਼ੁਸ਼-ਮਿਜ਼ਾਜ ਸੁਭਾਅ ਦੇਖ ਕੇ ਕਲੀਸਿਯਾ ਵਿਚ ਸਾਰੇ ਜਣੇ ਉਸ ਵੱਲ ਖਿੱਚੇ ਜਾਂਦੇ ਹਨ।
“ਸਿਲਵੀਆ ਤੋਂ ਅਸੀਂ ਸਾਰੇ ਇਕ ਅਹਿਮ ਸਬਕ ਸਿੱਖਦੇ ਹਾਂ,” ਉਸ ਦਾ ਪਿਤਾ ਐਨਟੋਨਿਓ ਦੱਸਦਾ ਹੈ। “ਜ਼ਿੰਦਗੀ ਵਿਚ ਭਾਵੇਂ ਸਾਨੂੰ ਦੁੱਖ ਝੱਲਣੇ ਪੈਂਦੇ ਹਨ, ਪਰ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜੀਵਨ ਪਰਮੇਸ਼ੁਰ ਵੱਲੋਂ ਇਕ ਵਰਦਾਨ ਹੈ ਅਤੇ ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ।” ਸਿਲਵੀਆ ਵਾਂਗ ਯਹੋਵਾਹ ਦੇ ਸਾਰੇ ਸੇਵਕ ਉਸ ਸਮੇਂ ਦੀ ਉਤਸੁਕਤਾ ਨਾਲ ਉਡੀਕ ਕਰਦੇ ਹਨ ਜਦੋਂ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”—ਯਸਾਯਾਹ 33:24.
[ਸਫ਼ਾ 31 ਉੱਤੇ ਤਸਵੀਰ]
ਸਿਲਵੀਆ ਦੀ ਮਾਂ ਹੱਥ ਵਿਚ ਆਕਸੀਜਨ ਸਲਿੰਡਰ ਫੜੀ ਜਦ ਕਿ ਸਿਲਵੀਆ ਬਾਈਬਲ ਵਿੱਚੋਂ ਇਕ ਹਵਾਲਾ ਪੜ੍ਹ ਕੇ ਸੁਣਾਉਂਦੀ ਹੈ