ਬੁੱਢੇ ਪਰ ਅੱਡਰੇ ਨਹੀਂ
ਉਮਰ ਵਧਣ ਦੇ ਨਾਲ ਸਰੀਰ ਤੁਰਨ-ਫਿਰਨ ਤੋਂ ਜਵਾਬ ਦੇ ਜਾਂਦਾ ਹੈ ਤੇ ਇਨਸਾਨ ਦੂਸਰਿਆਂ ਤੋਂ ਟੁੱਟਿਆ-ਟੁੱਟਿਆ ਮਹਿਸੂਸ ਕਰਨ ਲੱਗਦਾ ਹੈ। ਪਰ ਜਨੀਵਾ, ਸਵਿਟਜ਼ਰਲੈਂਡ ਦੇ ਵਾਸੀ ਫਰਨਾਂ ਰੀਵਾਰੌਲ ਨਾਲ ਇਸ ਤਰ੍ਹਾਂ ਨਹੀਂ ਹੋਇਆ। ਮਰਨ ਵੇਲੇ ਉਹ 95 ਸਾਲਾਂ ਦਾ ਸੀ। ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ ਤੇ ਉਹ ਇਕੱਲਾ ਹੀ ਰਹਿੰਦਾ ਸੀ। ਉਸ ਦੀ ਬੇਟੀ ਆਪਣੇ ਸਹੁਰੇ ਘਰ ਰਹਿੰਦੀ ਸੀ। ਭਾਵੇਂ ਆਮ ਕਰਕੇ ਉਹ ਘਰੋਂ ਬਾਹਰ ਨਹੀਂ ਜਾਂਦਾ ਸੀ, ਪਰ ਉਸ ਨੇ ਕਦੇ ਇਕੱਲਾ ਮਹਿਸੂਸ ਨਹੀਂ ਕੀਤਾ। ਉਹ ਆਪਣੀ ਬੈਠਕ ਵਿਚ ਬੈਠ ਕੇ ਟੈਲੀਫ਼ੋਨ ਤੇ ਲੋਕਾਂ ਨਾਲ ਪਰਮੇਸ਼ੁਰ ਬਾਰੇ ਗੱਲਾਂ ਕਰਿਆ ਕਰਦਾ ਸੀ।
ਪਰ ਇਕ ਸਮਾਂ ਸੀ ਜਦ ਫਰਨਾਂ ਰੀਵਾਰੌਲ ਨੂੰ ਹੋਰਨਾਂ ਇਨਸਾਨਾਂ ਤੋਂ ਸੱਚ-ਮੁੱਚ ਅੱਡ ਕਰ ਦਿੱਤਾ ਗਿਆ ਸੀ। ਕਿਉਂ? ਜਦੋਂ 1939 ਵਿਚ ਫਰਨਾਂ ਰੀਵਾਰੌਲ ਤੇ ਉਸ ਦੀ ਪਤਨੀ ਯਹੋਵਾਹ ਦੇ ਗਵਾਹ ਬਣੇ ਸਨ, ਉਦੋਂ ਯੂਰਪ ਵਿਚ ਦੂਜੀ ਵਿਸ਼ਵ ਜੰਗ ਛਿੜ ਗਈ ਸੀ। ਫਰਨਾਂ ਰੀਵਾਰੌਲ ਆਪਣੇ ਫ਼ੈਸਲੇ ਤੇ ਪੱਕਾ ਰਿਹਾ ਕਿ ਉਹ ਨਾ ਤਾਂ ਫ਼ੌਜ ਵਿਚ ਭਰਤੀ ਹੋਵੇਗਾ ਤੇ ਨਾ ਹੀ ਕਿਸੇ ਤੇ ਵਾਰ ਕਰੇਗਾ। ਇਸ ਕਰਕੇ ਉਸ ਨੂੰ ਨੌਕਰੀਓਂ ਕੱਢ ਦਿੱਤਾ ਗਿਆ ਤੇ ਕਈ ਵਾਰ ਉਸ ਨੂੰ ਕੈਦ ਵੀ ਕੀਤਾ ਗਿਆ। ਕੁੱਲ ਮਿਲਾ ਕੇ ਉਸ ਨੇ ਸਾਢੇ ਪੰਜ ਸਾਲ ਕੈਦ ਕੱਟੀ ਜਿਨ੍ਹਾਂ ਦੌਰਾਨ ਉਹ ਆਪਣੀ ਪਤਨੀ ਤੇ ਛੋਟੀ ਬੱਚੀ ਤੋਂ ਵਿਛੜਿਆ ਰਿਹਾ।
ਉਸ ਸਮੇਂ ਨੂੰ ਯਾਦ ਕਰਦਿਆਂ ਫਰਨਾਂ ਰੀਵਾਰੌਲ ਨੇ ਕਿਹਾ: “ਕਈ ਲੋਕਾਂ ਨੇ ਕਿਹਾ ਕਿ ਮੈਂ ਚੰਗੀ-ਭਲੀ ਨੌਕਰੀ ਛੱਡ ਕੇ ਆਪਣੇ ਪਰਿਵਾਰ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਤੇ ਮਜਬੂਰ ਕਰ ਦਿੱਤਾ ਸੀ। ਲੋਕ ਮੈਨੂੰ ਅਪਰਾਧੀ ਸਮਝਦੇ ਸਨ ਤੇ ਮੇਰੇ ਨਾਲ ਨਫ਼ਰਤ ਕਰਦੇ ਸਨ। ਪਰ ਜਦ ਮੈਂ ਉਨ੍ਹਾਂ ਦਿਨਾਂ ਬਾਰੇ ਸੋਚਦਾ ਹਾਂ, ਤਾਂ ਮੈਨੂੰ ਯਾਦ ਆਉਂਦਾ ਹੈ ਕਿ ਯਹੋਵਾਹ ਨੇ ਕਿਵੇਂ ਮੈਨੂੰ ਸਹਾਰਾ ਦਿੱਤਾ ਤੇ ਮੇਰੀ ਮਦਦ ਕੀਤੀ ਸੀ। ਇੰਨੇ ਸਾਲਾਂ ਬਾਅਦ ਵੀ ਯਹੋਵਾਹ ਤੇ ਮੇਰਾ ਭਰੋਸਾ ਉੱਨਾ ਹੀ ਪੱਕਾ ਹੈ ਜਿੰਨਾ ਉਦੋਂ ਸੀ।”
ਇਸ ਭਰੋਸੇ ਕਾਰਨ ਫਰਨਾਂ ਰੀਵਾਰੌਲ ਲੋਕਾਂ ਨੂੰ ਟੈਲੀਫ਼ੋਨ ਤੇ ਬਾਈਬਲ ਵਿੱਚੋਂ ਖ਼ੁਸ਼ ਖ਼ਬਰੀ ਸੁਣਾਇਆ ਕਰਦਾ ਸੀ। ਜੇ ਕਿਸੇ ਨੂੰ ਉਸ ਦੀ ਗੱਲ ਚੰਗੀ ਲੱਗਦੀ ਸੀ, ਤਾਂ ਉਹ ਉਸ ਨੂੰ ਡਾਕ ਰਾਹੀਂ ਕੋਈ ਰਸਾਲਾ ਜਾਂ ਟ੍ਰੈਕਟ ਘੱਲ ਦਿੰਦਾ ਸੀ। ਬਾਅਦ ਵਿਚ ਉਹ ਫਿਰ ਟੈਲੀਫ਼ੋਨ ਕਰ ਕੇ ਪਤਾ ਕਰਦਾ ਸੀ ਕਿ ਉਸ ਵਿਅਕਤੀ ਨੂੰ ਰਸਾਲਾ ਜਾਂ ਟ੍ਰੈਕਟ ਕਿਵੇਂ ਲੱਗਾ। ਕਦੇ-ਕਦੇ ਲੋਕ ਚਿੱਠੀ ਲਿਖ ਕੇ ਉਸ ਦਾ ਧੰਨਵਾਦ ਕਰਦੇ ਸਨ ਤੇ ਚਿੱਠੀਆਂ ਪੜ੍ਹ ਕੇ ਉਹ ਬਹੁਤ ਹੀ ਖ਼ੁਸ਼ ਹੁੰਦਾ ਸੀ।
ਸ਼ਾਇਦ ਫਰਨਾਂ ਰੀਵਾਰੌਲ ਵਰਗਾ ਕੋਈ ਯਹੋਵਾਹ ਦਾ ਗਵਾਹ ਤੁਹਾਨੂੰ ਪਰਮੇਸ਼ੁਰ ਬਾਰੇ ਦੱਸੇ। ਜੇ ਤੁਸੀਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਉਸ ਦੀ ਗੱਲ ਸੁਣੋ, ਤਾਂ ਤੁਸੀਂ ਜਾਣ ਸਕੋਗੇ ਕਿ ਉਹ ਪਰਮੇਸ਼ੁਰ ਵਿਚ ਵਿਸ਼ਵਾਸ ਕਿਉਂ ਕਰਦਾ ਹੈ। ਯਹੋਵਾਹ ਦੇ ਗਵਾਹਾਂ ਨੂੰ ਤੁਹਾਡੇ ਨਾਲ ਆਪਣੀ ਉਮੀਦ ਸਾਂਝੀ ਕਰ ਕੇ ਬਹੁਤ ਖ਼ੁਸ਼ੀ ਹੋਵੇਗੀ।