1 ਬਾਈਬਲ ਦੀਆਂ ਗੱਲਾਂ ਉੱਤੇ ਯਕੀਨ ਕਰਨਾ ਸਿੱਖੋ
“ਸਾਰੀ ਲਿਖਤ ਪਰਮੇਸ਼ੁਰ . . . ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ।”—2 ਤਿਮੋਥਿਉਸ 3:16.
ਇਸ ਤਰ੍ਹਾਂ ਕਰਨਾ ਮੁਸ਼ਕਲ ਕਿਉਂ ਹੈ? ਕਈ ਲੋਕ ਮੰਨਦੇ ਹਨ ਕਿ ਬਾਈਬਲ ਵਿਚ ਸਿਰਫ਼ ਇਨਸਾਨਾਂ ਦੀਆਂ ਗੱਲਾਂ ਹਨ। ਕਈਆਂ ਦਾ ਕਹਿਣਾ ਹੈ ਕਿ ਇਸ ਵਿਚ ਗ਼ਲਤੀਆਂ ਹਨ। ਦੂਸਰੇ ਕਹਿੰਦੇ ਹਨ ਕਿ ਬਾਈਬਲ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਇਸ ਦੀ ਸਲਾਹ ਬਹੁਤ ਪੁਰਾਣੀ ਹੈ।
ਤੁਸੀਂ ਇਸ ਮੁਸ਼ਕਲ ਬਾਰੇ ਕੀ ਕਰ ਸਕਦੇ ਹੋ? ਕਈ ਵਾਰ ਜਿਹੜੇ ਲੋਕ ਬਾਈਬਲ ਉੱਤੇ ਸ਼ੱਕ ਕਰਦੇ ਹਨ ਉਨ੍ਹਾਂ ਨੇ ਆਪ ਬਾਈਬਲ ਪੜ੍ਹ ਕੇ ਦੇਖੀ ਨਹੀਂ ਹੁੰਦੀ। ਉਹ ਸੁਣੀਆਂ-ਸੁਣਾਈਆਂ ਗੱਲਾਂ ਹੀ ਮੰਨ ਲੈਂਦੇ ਹਨ। ਪਰ ਬਾਈਬਲ ਦਾ ਇਹ ਕਹਿਣਾ ਹੈ ਕਿ “ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ, ਪਰ ਸਿਆਣਾ ਵੇਖ ਭਾਲ ਕੇ ਚੱਲਦਾ ਹੈ।”—ਕਹਾਉਤਾਂ 14:15.
ਦੂਜਿਆਂ ਦੀਆਂ ਗੱਲਾਂ ਵਿਚ ਆਉਣ ਦੀ ਬਜਾਇ ਕਿਉਂ ਨਾ ਪਹਿਲੀ ਸਦੀ ਦੇ ਮਸੀਹੀਆਂ ਦੀ ਰੀਸ ਕਰੋ ਜੋ ਬਰਿਯਾ (ਅੱਜ ਉੱਤਰੀ ਯੂਨਾਨ) ਵਿਚ ਰਹਿੰਦੇ ਸਨ? ਉਨ੍ਹਾਂ ਨੇ ਸੁਣੀਆਂ-ਸੁਣਾਈਆਂ ਗੱਲਾਂ ਹੀ ਨਹੀਂ ਮੰਨ ਲਈਆਂ ਸਨ, ਪਰ ਉਹ “ਰੋਜ ਲਿਖਤਾਂ ਵਿੱਚ ਭਾਲ ਕਰਦੇ ਰਹੇ ਭਈ ਏਹ ਗੱਲਾਂ ਇਸੇ ਤਰਾਂ ਹਨ ਕਿ ਨਹੀਂ।” (ਰਸੂਲਾਂ ਦੇ ਕਰਤੱਬ 17:11) ਆਓ ਆਪਾਂ ਦੋ ਮਿਸਾਲਾਂ ਦੇਖੀਏ ਜਿਨ੍ਹਾਂ ਤੋਂ ਸਾਨੂੰ ਭਰੋਸਾ ਮਿਲੇਗਾ ਕਿ ਬਾਈਬਲ ਸੱਚ-ਮੁੱਚ ਪਰਮੇਸ਼ੁਰ ਤੋਂ ਹੈ।
ਬਾਈਬਲ ਇਤਿਹਾਸਕ ਤੌਰ ਤੇ ਸੋਲਾਂ ਆਨੇ ਸੱਚ ਹੈ। ਸਾਲਾਂ ਦੌਰਾਨ ਕਈ ਲੋਕ ਬਾਈਬਲ ਵਿਚ ਦੱਸੇ ਲੋਕਾਂ ਅਤੇ ਥਾਵਾਂ ਦੇ ਨਾਵਾਂ ਉੱਤੇ ਸ਼ੱਕ ਕਰਦੇ ਆਏ ਹਨ। ਪਰ ਵਾਰ-ਵਾਰ ਇਸ ਦਾ ਸਬੂਤ ਮਿਲਿਆ ਹੈ ਕਿ ਉਨ੍ਹਾਂ ਦੇ ਸ਼ੱਕ ਗ਼ਲਤ ਹਨ ਅਤੇ ਬਾਈਬਲ ਸਹੀ ਹੈ।
ਮਿਸਾਲ ਲਈ, ਯਸਾਯਾਹ 20:1 ਵਿਚ ਪਾਤਸ਼ਾਹ ਸਰਗੋਨ ਦਾ ਜ਼ਿਕਰ ਆਉਂਦਾ ਹੈ। ਪਰ ਅਜਿਹਾ ਸਮਾਂ ਹੁੰਦਾ ਸੀ ਜਦ ਵਿਦਵਾਨ ਕਹਿੰਦੇ ਸਨ ਕਿ ਅਜਿਹਾ ਕੋਈ ਰਾਜਾ ਹੀ ਨਹੀਂ ਸੀ। ਫਿਰ 1840 ਦੇ ਦਹਾਕੇ ਵਿਚ ਪੁਰਾਣੀਆਂ ਲੱਭਤਾਂ ਦੇ ਵਿਗਿਆਨੀ ਇਸ ਪਾਤਸ਼ਾਹ ਦਾ ਮਹਿਲ ਖੋਦਣ ਲੱਗੇ। ਹੁਣ ਸਰਗੋਨ ਅੱਸ਼ੂਰੀ ਰਾਜਿਆਂ ਵਿੱਚੋਂ ਬਹੁਤ ਮਸ਼ਹੂਰ ਹੈ।
ਆਲੋਚਕ ਸ਼ੱਕ ਕਰਦੇ ਸਨ ਕਿ ਪੁੰਤਿਯੁਸ ਪਿਲਾਤੁਸ ਨਾਂ ਦਾ ਕੋਈ ਰੋਮੀ ਹਾਕਮ ਸੀ ਜਿਸ ਨੇ ਯਿਸੂ ਨੂੰ ਮਰਵਾਉਣ ਦਾ ਹੁਕਮ ਦਿੱਤਾ ਸੀ। (ਮੱਤੀ 27:1, 22-24) ਪਰ 1961 ਵਿਚ ਇਸਰਾਈਲ ਦੇ ਸੀਸਰਿਯਾ ਸ਼ਹਿਰ ਵਿਚ ਇਕ ਪੱਥਰ ਲੱਭਿਆ ਗਿਆ ਜਿਸ ʼਤੇ ਪਿਲਾਤੁਸ ਦਾ ਨਾਂ ਅਤੇ ਉਸ ਦੀ ਪਦਵੀ ਦਾ ਜ਼ਿਕਰ ਸੀ।
ਬਾਈਬਲ ਦੇ ਇਤਿਹਾਸ ਬਾਰੇ 25 ਅਕਤੂਬਰ 1999 ਦੇ ਯੂ. ਐੱਸ. ਨਿਊਜ਼ ਐਂਡ ਵਰਲਡ ਰਿਪੋਰਟ ਨੇ ਕਿਹਾ: “ਖ਼ਾਸ ਤਰੀਕਿਆਂ ਵਿਚ ਪੁਰਾਣਿਆਂ ਲੱਭਤਾਂ ਦੇ ਵਿਗਿਆਨੀਆਂ ਨੇ ਬਾਈਬਲ ਦੇ ਪੁਰਾਣੇ ਤੇ ਨਵੇਂ ਨੇਮ ਦੇ ਇਤਿਹਾਸ ਨੂੰ ਸੱਚ ਸਾਬਤ ਕੀਤਾ ਹੈ। ਮਿਸਾਲ ਲਈ, ਉਨ੍ਹਾਂ ਨੇ ਇਸਰਾਏਲ ਦੇ ਵੱਡੇ-ਵਡੇਰਿਆਂ, ਮਿਸਰ ਵਿੱਚੋਂ ਇਸਰਾਏਲੀਆਂ ਦੇ ਨਿਕਲਣ, ਦਾਊਦ ਦੇ ਰਾਜ ਅਤੇ ਯਿਸੂ ਦੀ ਜ਼ਿੰਦਗੀ ਬਾਰੇ ਕਈ ਗੱਲਾਂ ਸਹੀ ਸਾਬਤ ਕੀਤੀਆਂ ਹਨ।” ਭਾਵੇਂ ਅਸੀਂ ਪੁਰਾਣੀਆਂ ਲੱਭਤਾਂ ਦੇ ਸਬੂਤ ਕਰਕੇ ਬਾਈਬਲ ʼਤੇ ਵਿਸ਼ਵਾਸ ਨਹੀਂ ਕਰਦੇ, ਪਰ ਸਾਨੂੰ ਕੋਈ ਹੈਰਾਨੀ ਨਹੀਂ ਹੁੰਦੀ ਕਿ ਪਰਮੇਸ਼ੁਰ ਵੱਲੋਂ ਹੋਣ ਕਰਕੇ ਬਾਈਬਲ ਇਤਿਹਾਸਕ ਤੌਰ ਤੇ ਹਮੇਸ਼ਾ ਸਹੀ ਹੁੰਦੀ ਹੈ।
ਹਰ ਸਭਿਆਚਾਰ ਦੇ ਲੋਕਾਂ ਨੂੰ ਬਾਈਬਲ ਵਿਚ ਪਾਈ ਜਾਂਦੀ ਸਲਾਹ ਤੋਂ ਫ਼ਾਇਦਾ ਹੁੰਦਾ ਹੈ। ਭਾਵੇਂ ਪਹਿਲਾਂ ਪਤਾ ਨਹੀਂ ਸੀ ਹੁੰਦਾ ਕਿ ਬੀਮਾਰੀਆਂ ਕਿੱਦਾਂ ਫੈਲਦੀਆਂ ਹਨ, ਪਰ ਸਫ਼ਾਈ ਰੱਖਣ ਦੇ ਸੰਬੰਧ ਵਿਚ ਬਾਈਬਲ ਦੀ ਚੰਗੀ ਸਲਾਹ ਅੱਜ ਵੀ ਫ਼ਾਇਦੇਮੰਦ ਹੈ। (ਲੇਵੀਆਂ 11:32-40; ਬਿਵਸਥਾ ਸਾਰ 23:12, 13) ਪਰਿਵਾਰ ਦੇ ਉਹ ਜੀਅ, ਜੋ ਬਾਈਬਲ ਦੀ ਸਲਾਹ ਨੂੰ ਅਪਣਾ ਕੇ ਇਕ-ਦੂਜੇ ਨਾਲ ਚੰਗੀ ਤਰ੍ਹਾਂ ਪੇਸ਼ ਆਉਂਦੇ ਹਨ, ਖ਼ੁਸ਼ ਹਨ। (ਅਫ਼ਸੀਆਂ 5:28–6:4) ਬਾਈਬਲ ਦੇ ਅਸੂਲਾਂ ʼਤੇ ਚੱਲਣ ਵਾਲਾ ਇਨਸਾਨ ਨੌਕਰੀ ਤੇ ਮਿਹਨਤੀ ਹੁੰਦਾ ਹੈ ਜਾਂ ਬਿਹਤਰ ਮਾਲਕ ਬਣਦਾ ਹੈ। (ਅਫ਼ਸੀਆਂ 4:28; 6:5-9) ਬਾਈਬਲ ਦੇ ਸਿਧਾਂਤਾਂ ਦਾ ਸਾਡੇ ਜਜ਼ਬਾਤਾਂ ʼਤੇ ਵੀ ਚੰਗਾ ਅਸਰ ਪੈਂਦਾ ਹੈ। (ਕਹਾਉਤਾਂ 14:30; ਅਫ਼ਸੀਆਂ 4:31, 32; ਕੁਲੁੱਸੀਆਂ 3:8-10) ਸਿਰਫ਼ ਪਰਮੇਸ਼ੁਰ ਤੋਂ ਹੀ ਅਜਿਹੀ ਵਧੀਆ ਸਲਾਹ ਮਿਲਦੀ ਹੈ।
ਇਸ ਦਾ ਫ਼ਾਇਦਾ ਕੀ ਹੈ? ਬਾਈਬਲ ਦੀ ਬੁੱਧ ਭੋਲੇ ਨੂੰ ਵੀ ਬੁੱਧਵਾਨ ਕਰ ਸਕਦੀ ਹੈ। (ਜ਼ਬੂਰਾਂ ਦੀ ਪੋਥੀ 19:7) ਇਸ ਤੋਂ ਇਲਾਵਾ ਜਦ ਅਸੀਂ ਬਾਈਬਲ ਦੀਆਂ ਗੱਲਾਂ ʼਤੇ ਯਕੀਨ ਕਰਨਾ ਸਿੱਖ ਲੈਂਦੇ ਹਾਂ, ਤਾਂ ਇਹ ਸਾਨੂੰ ਪਰਮੇਸ਼ੁਰ ਦਾ ਸਹੀ ਗਿਆਨ ਲੈਣ ਵਿਚ ਮਦਦ ਦੇ ਸਕਦੀ ਹੈ। ਇਸ ਤਰ੍ਹਾਂ ਸਾਡੀ ਨਿਹਚਾ ਹੋਰ ਵੀ ਪੱਕੀ ਹੋਵੇਗੀ। (w09 5/1)
ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਦੂਜਾ ਅਧਿਆਇ ਦੇਖੋ ਜਿਸ ਦਾ ਵਿਸ਼ਾ ਹੈ: “ਬਾਈਬਲ ਪਰਮੇਸ਼ੁਰ ਦਾ ਬਚਨ ਹੈ।”a
[ਫੁਟਨੋਟ]
a ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।