ਪਾਠਕਾਂ ਦੇ ਸਵਾਲ
ਕੀ ਸਾਰਿਆਂ ਨੂੰ ਪਰਮੇਸ਼ੁਰ ਨੂੰ ਜਾਣਨ ਦਾ ਬਰਾਬਰ ਹੱਕ ਹੈ?
▪ ਜਦੋਂ ਯਿਸੂ ਨੂੰ ਪੁੱਛਿਆ ਗਿਆ ਕਿ ਸਭ ਤੋਂ ਜ਼ਰੂਰੀ ਹੁਕਮ ਕੀ ਹੈ, ਤਾਂ ਉਸ ਨੇ ਜਵਾਬ ਦਿੱਤਾ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ।” (ਮੱਤੀ 22:37) ਪਰਮੇਸ਼ੁਰ ਨੂੰ ਪਿਆਰ ਕਰਨ ਤੋਂ ਪਹਿਲਾਂ ਲੋਕਾਂ ਨੂੰ ਉਸ ਬਾਰੇ ਸਹੀ ਗਿਆਨ ਲੈਣ ਦੀ ਲੋੜ ਹੈ। (ਯੂਹੰਨਾ 17:3) ਪਰ ਕੀ ਸਾਰਿਆਂ ਨੂੰ ਪਰਮੇਸ਼ੁਰ ਨੂੰ ਜਾਣਨ ਦਾ ਬਰਾਬਰ ਹੱਕ ਦਿੱਤਾ ਜਾਵੇਗਾ?
ਬਾਈਬਲ ਇਕ ਅਜਿਹੀ ਕਿਤਾਬ ਹੈ ਜਿਸ ਤੋਂ ਪਰਮੇਸ਼ੁਰ ਨੂੰ ਜਾਣਿਆ ਜਾ ਸਕਦਾ ਹੈ। (2 ਤਿਮੋਥਿਉਸ 3:16) ਕਈ ਦੇਸ਼ਾਂ ਵਿਚ ਲੋਕਾਂ ਨੂੰ ਬੜੀ ਆਸਾਨੀ ਨਾਲ ਬਾਈਬਲ ਮਿਲ ਜਾਂਦੀ ਹੈ। ਯਹੋਵਾਹ ਦੇ ਗਵਾਹ ਇਨ੍ਹਾਂ ਲੋਕਾਂ ਨੂੰ ਵਾਰ-ਵਾਰ ਬਾਈਬਲ ਦੀ ਸਟੱਡੀ ਕਰਨ ਦਾ ਸੱਦਾ ਦਿੰਦੇ ਹਨ ਤਾਂਕਿ ਉਹ ਪਰਮੇਸ਼ੁਰ ਦੇ ਗਿਆਨ ਨੂੰ ਲੈ ਸਕਣ। (ਮੱਤੀ 28:19) ਕਈਆਂ ਦੀ ਪਰਵਰਿਸ਼ ਮਸੀਹੀ ਮਾਪੇ ਕਰਦੇ ਹਨ ਜੋ ਹਰ ਰੋਜ਼ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਬਾਰੇ ਸਿਖਾਉਂਦੇ ਹਨ।—ਬਿਵਸਥਾ ਸਾਰ 6:6, 7; ਅਫ਼ਸੀਆਂ 6:4.
ਇਸ ਦੇ ਉਲਟ ਕਈ ਮਾੜੇ ਹਾਲਾਤਾਂ ਵਿਚ ਰਹਿੰਦੇ ਹਨ। ਕੁਝ ਲੋਕਾਂ ਦੇ ਘਰਾਂ ਵਿਚ ਲੜਾਈ-ਝਗੜੇ ਹੁੰਦੇ ਰਹਿੰਦੇ ਹਨ ਜਿਸ ਕਰਕੇ ਮਾਂ-ਬਾਪ ਆਪਣੇ ਬੱਚਿਆਂ ਨਾਲ ਪਿਆਰ ਨਹੀਂ ਕਰਦੇ। (2 ਤਿਮੋਥਿਉਸ 3:1-5) ਜਿਨ੍ਹਾਂ ਦੀ ਪਰਵਰਿਸ਼ ਅਜਿਹੇ ਘਰਾਂ ਵਿਚ ਹੁੰਦੀ ਹੈ ਉਨ੍ਹਾਂ ਲਈ ਸ਼ਾਇਦ ਇਹ ਮੰਨਣਾ ਔਖਾ ਹੋਵੇ ਕਿ ਪਰਮੇਸ਼ੁਰ ਉਨ੍ਹਾਂ ਨੂੰ ਪਿਆਰ ਕਰਦਾ ਹੈ। ਕਈਆਂ ਦੀ ਪੜ੍ਹਾਈ ਵਿਚੇ ਹੀ ਰਹਿ ਜਾਂਦੀ ਹੈ ਜਿਸ ਕਰਕੇ ਉਹ ਬਾਈਬਲ ਚੰਗੀ ਤਰ੍ਹਾਂ ਨਹੀਂ ਪੜ੍ਹ ਪਾਉਂਦੇ। ਕਈਆਂ ਨੂੰ ਪਰਮੇਸ਼ੁਰ ਬਾਰੇ ਗ਼ਲਤ ਸਿੱਖਿਆ ਮਿਲੀ ਹੈ ਜਾਂ ਉਹ ਉਨ੍ਹਾਂ ਪਰਿਵਾਰਾਂ, ਤਬਕਿਆਂ ਜਾਂ ਦੇਸ਼ਾਂ ਵਿਚ ਰਹਿੰਦੇ ਹਨ ਜਿੱਥੇ ਬਾਈਬਲ ਦਾ ਵਿਰੋਧ ਕੀਤਾ ਜਾਂਦਾ ਹੈ। (2 ਕੁਰਿੰਥੀਆਂ 4:4) ਕੀ ਅਜਿਹੇ ਹਾਲਾਤਾਂ ਕਰਕੇ ਲੋਕਾਂ ਨੂੰ ਰੱਬ ਨੂੰ ਜਾਣਨ ਤੇ ਉਸ ਨੂੰ ਪਿਆਰ ਕਰਨ ਦਾ ਹੱਕ ਨਹੀਂ ਮਿਲਣਾ ਚਾਹੀਦਾ?
ਯਿਸੂ ਜਾਣਦਾ ਸੀ ਕਿ ਲੋਕਾਂ ਦੇ ਵੱਖੋ-ਵੱਖਰੇ ਹਾਲਾਤਾਂ ਕਰਕੇ ਉਨ੍ਹਾਂ ਲਈ ਪਰਮੇਸ਼ੁਰ ਨੂੰ ਪਿਆਰ ਕਰਨਾ ਅਤੇ ਉਸ ਦੇ ਹੁਕਮਾਂ ਨੂੰ ਮੰਨਣਾ ਔਖਾ ਹੋ ਸਕਦਾ ਹੈ। (ਮੱਤੀ 19:23, 24) ਯਿਸੂ ਨੇ ਆਪਣੇ ਚੇਲਿਆਂ ਨੂੰ ਯਾਦ ਕਰਾਇਆ ਕਿ ਭਾਵੇਂ ਕੁਝ ਮੁਸ਼ਕਲਾਂ ਪਹਾੜ ਜਿੱਡੀਆਂ ਲੱਗਣ, ਪਰ “ਪਰਮੇਸ਼ੁਰ ਤੋਂ ਸੱਭੋ ਕੁਝ ਹੋ ਸੱਕਦਾ ਹੈ।”—ਮੱਤੀ 19:25, 26.
ਜ਼ਰਾ ਇਸ ਗੱਲ ʼਤੇ ਧਿਆਨ ਦਿਓ: ਬਾਈਬਲ ਦੁਨੀਆਂ ਦੀ ਸਭ ਤੋਂ ਜ਼ਿਆਦਾ ਵੰਡੀ ਜਾਣ ਵਾਲੀ ਕਿਤਾਬ ਹੈ ਅਤੇ ਇਸ ਦੇ ਪਿੱਛੇ ਪਰਮੇਸ਼ੁਰ ਦਾ ਹੱਥ ਹੈ। ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ “ਸਾਰੀ ਦੁਨੀਆ ਵਿੱਚ” ਖੁਸ਼ ਖ਼ਬਰੀ ਸੁਣਾਈ ਜਾਵੇਗੀ। (ਮੱਤੀ 24:14) ਅੱਜ ਤਕਰੀਬਨ 230 ਦੇਸ਼ਾਂ ਵਿਚ ਯਹੋਵਾਹ ਦੇ ਗਵਾਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ ਅਤੇ ਲਗਭਗ 500 ਤੋਂ ਜ਼ਿਆਦਾ ਬੋਲੀਆਂ ਵਿਚ ਬਾਈਬਲ ਆਧਾਰਿਤ ਸਾਹਿੱਤ ਛਾਪਦੇ ਹਨ। ਦੂਜੇ ਪਾਸੇ, ਜਿਨ੍ਹਾਂ ਕੋਲ ਬਾਈਬਲ ਨਹੀਂ ਹੈ ਉਹ ਵੀ ਪਰਮੇਸ਼ੁਰ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਧਿਆਨ ਨਾਲ ਦੇਖ ਕੇ ਉਸ ਬਾਰੇ ਬਹੁਤ ਕੁਝ ਸਿੱਖ ਸਕਦੇ ਹਨ।—ਰੋਮੀਆਂ 1:20.
ਇਸ ਦੇ ਨਾਲ-ਨਾਲ ਬਾਈਬਲ ਦੱਸਦੀ ਹੈ: “ਯਹੋਵਾਹ ਸਾਰਿਆਂ ਮਨਾਂ ਦੀ ਪਰੀਛਾ ਕਰਦਾ ਹੈ ਅਰ ਧਿਆਨ ਦੇ ਸਾਰੇ ਫੁਰਨਿਆਂ ਦਾ ਗਿਆਤਾ ਹੈ। ਜੇ ਤੂੰ ਉਸ ਨੂੰ ਖੋਜੇਂਗਾ ਤਾਂ ਉਹ ਤੈਥੋਂ ਲਭਿਆ ਜਾਏਗਾ।” (1 ਇਤਹਾਸ 28:9) ਭਾਵੇਂ ਪਰਮੇਸ਼ੁਰ ਇਹ ਵਾਅਦਾ ਨਹੀਂ ਕਰਦਾ ਕਿ ਸਾਰਿਆਂ ਨੂੰ ਉਸ ਨੂੰ ਜਾਣਨ ਦਾ ਇੱਕੋ ਜਿਹਾ ਮੌਕਾ ਮਿਲੇਗਾ, ਪਰ ਉਹ ਨੇਕਦਿਲ ਲੋਕਾਂ ਲਈ ਰਸਤੇ ਜ਼ਰੂਰ ਖੋਲ੍ਹਦਾ ਹੈ ਤਾਂਕਿ ਉਹ ਉਸ ਨੂੰ ਜਾਣ ਸਕਣ। ਜਿਹੜੇ ਉਸ ਨੂੰ ਜਾਣਨ ਤੋਂ ਪਹਿਲਾਂ ਹੀ ਮੌਤ ਦੀ ਨੀਂਦ ਸੌਂ ਗਏ ਹਨ ਉਨ੍ਹਾਂ ਲਈ ਵੀ ਪਰਮੇਸ਼ੁਰ ਨੇ ਇੰਤਜ਼ਾਮ ਕੀਤਾ ਹੈ। ਉਹ ਉਨ੍ਹਾਂ ਨੂੰ ਨਵੀਂ ਦੁਨੀਆਂ ਵਿਚ ਜ਼ਿੰਦਾ ਕਰੇਗਾ ਤਾਂਕਿ ਉਹ ਉਸ ਬਾਰੇ ਸਿੱਖ ਸਕਣ।—ਰਸੂਲਾਂ ਦੇ ਕਰਤੱਬ 24:15. (w10-E 08/01)