ਪਰਮੇਸ਼ੁਰ ਦੇ ਬਚਨ ਤੋਂ ਸਿੱਖੋ
ਨਿਆਂ ਦੇ ਦਿਨ ਕੀ ਹੋਵੇਗਾ?
ਇਸ ਲੇਖ ਵਿਚ ਉਨ੍ਹਾਂ ਸਵਾਲਾਂ ʼਤੇ ਚਰਚਾ ਕੀਤੀ ਗਈ ਹੈ ਜੋ ਸ਼ਾਇਦ ਤੁਸੀਂ ਪੁੱਛੇ ਹੋਣ। ਤੁਸੀਂ ਇਹ ਵੀ ਜਾਣੋਗੇ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿਚ ਕਿੱਥੇ ਮਿਲਦੇ ਹਨ। ਯਹੋਵਾਹ ਦੇ ਗਵਾਹ ਇਨ੍ਹਾਂ ਬਾਰੇ ਖ਼ੁਸ਼ੀ-ਖ਼ੁਸ਼ੀ ਤੁਹਾਡੇ ਨਾਲ ਗੱਲ ਕਰਨਗੇ।
1. ਨਿਆਂ ਦਾ ਦਿਨ ਕੀ ਹੈ?
ਜਿਵੇਂ ਸੱਜੇ ਪਾਸੇ ਦਿੱਤੀ ਤਸਵੀਰ ਵਿਚ ਦਿਖਾਇਆ ਗਿਆ ਹੈ, ਅੱਜ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਅਰਬਾਂ ਹੀ ਲੋਕਾਂ ਨੂੰ ਪਰਮੇਸ਼ੁਰ ਦੇ ਸਿੰਘਾਸਣ ਸਾਮ੍ਹਣੇ ਲਿਆਂਦਾ ਜਾਵੇਗਾ ਤਾਂਕਿ ਉਨ੍ਹਾਂ ਦੇ ਕੰਮਾਂ ਮੁਤਾਬਕ ਉਨ੍ਹਾਂ ਦਾ ਨਿਆਂ ਕੀਤਾ ਜਾ ਸਕੇ। ਕੁਝ ਲੋਕਾਂ ਨੂੰ ਸਵਰਗ ਵਿਚ ਜ਼ਿੰਦਗੀ ਮਿਲੇਗੀ ਤੇ ਬਾਕੀ ਲੋਕਾਂ ਨੂੰ ਨਰਕ ਵਿਚ ਤੜਫਾਇਆ ਜਾਵੇਗਾ। ਪਰ ਬਾਈਬਲ ਦੱਸਦੀ ਹੈ ਕਿ ਨਿਆਂ ਦੇ ਦਿਨ ਦਾ ਮਕਸਦ ਲੋਕਾਂ ਨੂੰ ਅਨਿਆਂ ਤੋਂ ਮੁਕਤੀ ਦਿਵਾਉਣਾ ਹੈ। (ਜ਼ਬੂਰ 96:13) ਪਰਮੇਸ਼ੁਰ ਨੇ ਯਿਸੂ ਨੂੰ ਨਿਆਂਕਾਰ ਨਿਯੁਕਤ ਕੀਤਾ ਹੈ ਜੋ ਇਨਸਾਨਾਂ ਨੂੰ ਨਿਆਂ ਦਿਵਾਏਗਾ।—ਯਸਾਯਾਹ 11:1-5; ਰਸੂਲਾਂ ਦੇ ਕੰਮ 17:31 ਪੜ੍ਹੋ।
2. ਨਿਆਂ ਦਾ ਦਿਨ ਕਿਵੇਂ ਨਿਆਂ ਨੂੰ ਦੁਬਾਰਾ ਕਾਇਮ ਕਰੇਗਾ?
ਜਦੋਂ ਪਹਿਲੇ ਇਨਸਾਨ ਆਦਮ ਨੇ ਜਾਣ-ਬੁੱਝ ਕੇ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕੀਤੀ ਸੀ, ਤਾਂ ਉਸ ਨੇ ਆਪਣੀ ਸਾਰੀ ਔਲਾਦ ਨੂੰ ਪਾਪ, ਦੁੱਖਾਂ ਅਤੇ ਮੌਤ ਦੇ ਗ਼ੁਲਾਮ ਬਣਾ ਦਿੱਤਾ। (ਰੋਮੀਆਂ 5:12) ਇਸ ਤਰ੍ਹਾਂ ਆਦਮ ਨੇ ਆਪਣੀ ਔਲਾਦ ਨਾਲ ਸਰਾਸਰ ਅਨਿਆਂ ਕੀਤਾ। ਇਸ ਅਨਿਆਂ ਤੋਂ ਛੁਟਕਾਰਾ ਦਿਵਾਉਣ ਲਈ ਯਿਸੂ ਅਰਬਾਂ ਹੀ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ। ਪ੍ਰਕਾਸ਼ ਦੀ ਕਿਤਾਬ ਤੋਂ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਯਿਸੂ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਹੋਵੇਗਾ।—ਪ੍ਰਕਾਸ਼ ਦੀ ਕਿਤਾਬ 20:4, 11, 12 ਪੜ੍ਹੋ।
ਬਾਈਬਲ ਵਿਚ ਦੱਸਿਆ ਹੈ ਕਿ “ਧਰਮੀ ਅਤੇ ਕੁਧਰਮੀ ਲੋਕਾਂ ਨੂੰ” ਦੁਬਾਰਾ ਜੀਉਂਦਾ ਕੀਤਾ ਜਾਵੇਗਾ। (ਰਸੂਲਾਂ ਦੇ ਕੰਮ 24:15 ਪੜ੍ਹੋ।) ਉਨ੍ਹਾਂ ਦਾ ਨਿਆਂ ਇਸ ਆਧਾਰ ʼਤੇ ਨਹੀਂ ਹੋਵੇਗਾ ਕਿ ਉਨ੍ਹਾਂ ਨੇ ਮਰਨ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਕੰਮ ਕੀਤੇ ਸਨ। (ਰੋਮੀਆਂ 6:7) ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 20 ਵਿਚ ਦੱਸਿਆ ਗਿਆ ਹੈ ਕਿ “ਕਿਤਾਬਾਂ” ਖੋਲ੍ਹੀਆਂ ਜਾਣਗੀਆਂ। ਉਨ੍ਹਾਂ ਲੋਕਾਂ ਨੂੰ ਇਨ੍ਹਾਂ ਕਿਤਾਬਾਂ ਵਿਚ ਲਿਖੀਆਂ ਗੱਲਾਂ ਮੁਤਾਬਕ ਪਰਮੇਸ਼ੁਰ ਬਾਰੇ ਜਾਣਨ ਦਾ ਮੌਕਾ ਮਿਲੇਗਾ। ਪਰਮੇਸ਼ੁਰ ਬਾਰੇ ਸਿੱਖਣ ਤੋਂ ਬਾਅਦ ਉਹ ਜਿਸ ਤਰ੍ਹਾਂ ਦੇ ਕੰਮ ਕਰਨਗੇ, ਉਨ੍ਹਾਂ ਦੇ ਆਧਾਰ ʼਤੇ ਉਨ੍ਹਾਂ ਲੋਕਾਂ ਦਾ ਨਿਆਂ ਹੋਵੇਗਾ।
3. ਨਿਆਂ ਦੇ ਦਿਨ ਕੀ-ਕੀ ਕੀਤਾ ਜਾਵੇਗਾ?
ਜਿਨ੍ਹਾਂ ਲੋਕਾਂ ਨੂੰ ਜੀਉਂਦੇ-ਜੀ ਪਰਮੇਸ਼ੁਰ ਬਾਰੇ ਜਾਣਨ ਜਾਂ ਉਸ ਦੀ ਸੇਵਾ ਕਰਨ ਦਾ ਮੌਕਾ ਨਹੀਂ ਮਿਲਿਆ, ਉਨ੍ਹਾਂ ਨੂੰ ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਆਪਣੇ ਆਪ ਨੂੰ ਬਦਲਣ ਅਤੇ ਚੰਗੀ ਜ਼ਿੰਦਗੀ ਜੀਉਣ ਦਾ ਮੌਕਾ ਮਿਲੇਗਾ। ਜੇ ਉਹ ਇਸ ਤਰ੍ਹਾਂ ਕਰਨਗੇ, ਤਾਂ “ਉਹ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ।” ਪਰ ਕੁਝ ਦੁਬਾਰਾ ਜੀਉਂਦੇ ਹੋਏ ਲੋਕ ਯਹੋਵਾਹ ਦੇ ਰਾਹਾਂ ਬਾਰੇ ਜਾਣਨ ਤੋਂ ਇਨਕਾਰ ਕਰ ਦੇਣਗੇ। ਉਨ੍ਹਾਂ ਨੂੰ “ਸਜ਼ਾ” ਦਿੱਤੀ ਜਾਵੇਗੀ।—ਯੂਹੰਨਾ 5:28, 29; ਯਸਾਯਾਹ 26:10; 65:20 ਪੜ੍ਹੋ।
ਹਜ਼ਾਰ ਸਾਲ ਦੇ ਨਿਆਂ ਦੇ ਦਿਨ ਦੇ ਅਖ਼ੀਰ ਵਿਚ ਧਰਤੀ ਉੱਤੇ ਹਾਲਾਤ ਅਦਨ ਦੇ ਬਾਗ਼ ਵਰਗੇ ਬਣ ਜਾਣਗੇ ਅਤੇ ਯਹੋਵਾਹ ਆਗਿਆਕਾਰ ਇਨਸਾਨਾਂ ਨੂੰ ਮੁਕੰਮਲ ਬਣਾ ਦੇਵੇਗਾ। (1 ਕੁਰਿੰਥੀਆਂ 15:24-28) ਵਾਕਈ, ਆਗਿਆਕਾਰ ਇਨਸਾਨਾਂ ਦਾ ਭਵਿੱਖ ਬਹੁਤ ਹੀ ਸੋਹਣਾ ਹੋਵੇਗਾ! ਫਿਰ ਇਨ੍ਹਾਂ ਇਨਸਾਨਾਂ ਦੀ ਆਖ਼ਰੀ ਪਰੀਖਿਆ ਹੋਵੇਗੀ ਜਦੋਂ ਪਰਮੇਸ਼ੁਰ ਹਜ਼ਾਰ ਸਾਲ ਬਾਅਦ ਅਥਾਹ ਕੁੰਡ ਵਿਚ ਕੈਦ ਸ਼ੈਤਾਨ ਨੂੰ ਆਜ਼ਾਦ ਕਰੇਗਾ। ਸ਼ੈਤਾਨ ਲੋਕਾਂ ਨੂੰ ਯਹੋਵਾਹ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੇਗਾ। ਜਿਹੜੇ ਲੋਕ ਸ਼ੈਤਾਨ ਦੀ ਸੁਣਨ ਤੋਂ ਇਨਕਾਰ ਕਰਨਗੇ, ਉਨ੍ਹਾਂ ਨੂੰ ਸੋਹਣੀ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।—ਯਸਾਯਾਹ 25:8; ਪ੍ਰਕਾਸ਼ ਦੀ ਕਿਤਾਬ 20:7-9 ਪੜ੍ਹੋ।
4. ਹੋਰ ਕਿਹੜੇ ਨਿਆਂ ਦੇ ਦਿਨ ਤੋਂ ਇਨਸਾਨਾਂ ਨੂੰ ਫ਼ਾਇਦਾ ਹੋਵੇਗਾ?
ਬਾਈਬਲ ਉਸ ਘਟਨਾ ਨੂੰ ਵੀ ‘ਨਿਆਂ ਦਾ ਦਿਨ’ ਕਹਿੰਦੀ ਹੈ ਜੋ ਇਸ ਦੁਨੀਆਂ ਦਾ ਅੰਤ ਕਰੇਗੀ। ਨਿਆਂ ਦਾ ਇਹ ਦਿਨ ਅਚਾਨਕ ਆਵੇਗਾ, ਜਿਵੇਂ ਨੂਹ ਦੇ ਜ਼ਮਾਨੇ ਵਿਚ ਜਲ-ਪਰਲੋ ਆਈ ਸੀ ਜੋ ਦੁਸ਼ਟ ਲੋਕਾਂ ਨੂੰ ਰੋੜ੍ਹ ਕੇ ਲੈ ਗਈ ਸੀ। ਖ਼ੁਸ਼ੀ ਦੀ ਗੱਲ ਹੈ ਕਿ ਆਉਣ ਵਾਲੇ ਸਮੇਂ ਵਿਚ “ਦੁਸ਼ਟ ਲੋਕਾਂ” ਦਾ ਨਾਸ਼ ਹੋਵੇਗਾ ਤੇ ਫਿਰ ਧਰਤੀ ਉੱਤੇ “ਹਮੇਸ਼ਾ ਧਾਰਮਿਕਤਾ ਰਹੇਗੀ।”—2 ਪਤਰਸ 3:6, 7, 13 ਪੜ੍ਹੋ।