ਜੀਵਨੀ
ਸਾਨੂੰ “ਬਹੁਤ ਕੀਮਤੀ ਮੋਤੀ” ਮਿਲਿਆ
ਵਿੰਸਟਨ ਅਤੇ ਪੈਮੀਲਾ (ਪੈਮ) ਦੋਨੋਂ ਜਣੇ ਆਸਟ੍ਰਾਲੇਸ਼ੀਆ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਦੇ ਹਨ। ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਖ਼ੁਸ਼ੀਆਂ ਦੇ ਨਾਲ-ਨਾਲ ਕਈ ਅਜ਼ਮਾਇਸ਼ਾਂ ਦਾ ਵੀ ਸਾਮ੍ਹਣਾ ਕਰਨਾ ਪਿਆ, ਜਿਵੇਂ ਉਨ੍ਹਾਂ ਨੂੰ ਅਲੱਗ-ਅਲੱਗ ਸਭਿਆਚਾਰ ਮੁਤਾਬਕ ਢਲ਼ਣਾ ਪਿਆ ਅਤੇ ਉਨ੍ਹਾਂ ਦਾ ਬੱਚਾ ਪੈਦਾ ਹੋਣ ਤੋਂ ਪਹਿਲਾਂ ਹੀ ਦਮ ਤੋੜ ਗਿਆ। ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਯਹੋਵਾਹ ਅਤੇ ਉਸ ਦੇ ਲੋਕਾਂ ਲਈ ਪਿਆਰ ਬਣਾਈ ਰੱਖਿਆ ਅਤੇ ਸੇਵਾ ਦਾ ਕੰਮ ਖ਼ੁਸ਼ੀ-ਖ਼ੁਸ਼ੀ ਕਰਦੇ ਰਹੇ। ਇਸ ਇੰਟਰਵਿਊ ਦੇ ਜ਼ਰੀਏ ਅਸੀਂ ਉਨ੍ਹਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਕੁਝ ਤਜਰਬੇ ਸਾਡੇ ਨਾਲ ਸਾਂਝੇ ਕਰਨ।
ਭਰਾ ਵਿੰਸਟਨ ਦੱਸੋ ਕਿ ਤੁਸੀਂ ਰੱਬ ਦੀ ਭਾਲ ਕਿਵੇਂ ਕੀਤੀ।
ਮੇਰੀ ਪਰਵਰਿਸ਼ ਐਸੇ ਪਰਿਵਾਰ ਵਿਚ ਹੋਈ ਸੀ ਜੋ ਕਿਸੇ ਧਰਮ ਨੂੰ ਨਹੀਂ ਸੀ ਮੰਨਦਾ। ਅਸੀਂ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਪ੍ਰਾਂਤ ਦੇ ਇਕ ਦੂਰ-ਦੁਰਾਡੇ ਇਲਾਕੇ ਵਿਚ ਰਹਿੰਦੇ ਸੀ ਜਿਸ ਕਰਕੇ ਆਪਣੇ ਪਰਿਵਾਰ ਤੋਂ ਇਲਾਵਾ ਮੇਰਾ ਕਿਸੇ ਨਾਲ ਬਹੁਤਾ ਮਿਲਣਾ-ਜੁਲਣਾ ਨਹੀਂ ਸੀ ਹੁੰਦਾ। ਲਗਭਗ 12 ਸਾਲਾਂ ਦੀ ਉਮਰ ਵਿਚ ਮੈਂ ਰੱਬ ਦੀ ਭਾਲ ਕਰਨੀ ਸ਼ੁਰੂ ਕੀਤੀ। ਮੈਂ ਰੱਬ ਨੂੰ ਪ੍ਰਾਰਥਨਾ ਕਰਦਾ ਸੀ ਅਤੇ ਉਸ ਨੂੰ ਆਪਣੇ ਬਾਰੇ ਸੱਚਾਈ ਦੱਸਣ ਲਈ ਕਹਿੰਦਾ ਸੀ। ਮੈਂ ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਵਿਚ ਕੰਮ ਕਰਨ ਚਲਾ ਗਿਆ। 21 ਸਾਲ ਦੀ ਉਮਰ ਵਿਚ ਮੈਂ ਪੈਮ ਨੂੰ ਮਿਲਿਆ ਜਦੋਂ ਮੈ ਸਿਡਨੀ ਛੁੱਟੀਆਂ ਮਨਾਉਣ ਆਇਆ ਸੀ। ਉਸ ਨੇ ਮੈਨੂੰ ਬ੍ਰਿਟਿਸ਼-ਇਜ਼ਰਾਈਲ ਨਾਂ ਦੇ ਗਰੁੱਪ ਬਾਰੇ ਦੱਸਿਆ ਜੋ ਦਾਅਵਾ ਕਰਦੇ ਸਨ ਕਿ ਬ੍ਰਿਟਿਸ਼ ਲੋਕ ਇਜ਼ਰਾਈਲ ਦੇ ਗੋਤਾਂ ਵਿੱਚੋਂ ਹਨ। ਉਹ ਗਰੁੱਪ ਕਹਿੰਦਾ ਹੈ ਕਿ ਇਹ ਉੱਤਰੀ ਰਾਜ ਦੇ ਉਹ ਦਸ ਗੋਤ ਸਨ ਜੋ 8ਵੀਂ ਸਦੀ ਈਸਵੀ ਪੂਰਵ ਵਿਚ ਗ਼ੁਲਾਮੀ ਵਿਚ ਚਲੇ ਗਏ ਸਨ ਅਤੇ ਜਿਨ੍ਹਾਂ ਦਾ ਹੁਣ ਕੋਈ ਨਾਮੋ-ਨਿਸ਼ਾਨ ਨਹੀਂ ਹੈ। ਸੋ ਐਡੀਲੇਡ ਵਾਪਸ ਆਉਣ ਤੋਂ ਬਾਅਦ ਮੈਂ ਕੰਮ ʼਤੇ ਇਕ ਸਾਥੀ ਨਾਲ ਇਸ ਵਿਸ਼ੇ ʼਤੇ ਚਰਚਾ ਕੀਤੀ। ਉਸ ਆਦਮੀ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ ਸੀ। ਮੈਂ ਉਸ ਨਾਲ ਕੁਝ ਘੰਟੇ ਹੀ ਗੱਲ ਕੀਤੀ ਅਤੇ ਅਸੀਂ ਜ਼ਿਆਦਾਤਰ ਗਵਾਹਾਂ ਦੇ ਵਿਸ਼ਵਾਸਾਂ ਬਾਰੇ ਗੱਲ ਕੀਤੀ। ਗੱਲ ਕਰਨ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਮੇਰੇ ਬਚਪਨ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲ ਰਿਹਾ ਸੀ। ਮੈਂ ਆਪਣੇ ਸਿਰਜਣਹਾਰ ਅਤੇ ਉਸ ਦੇ ਰਾਜ ਬਾਰੇ ਸੱਚਾਈ ਸਿੱਖ ਰਿਹਾ ਸੀ! ਮੈਨੂੰ “ਬਹੁਤ ਕੀਮਤੀ ਮੋਤੀ” ਮਿਲ ਗਿਆ।—ਮੱਤੀ 13:45, 46.
ਪੈਮ, ਤੁਸੀਂ ਵੀ ਛੋਟੀ ਉਮਰੇ ਇਸ ਮੋਤੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ। ਤੁਹਾਨੂੰ ਇਹ ਮੋਤੀ ਕਿਵੇਂ ਮਿਲਿਆ?
ਅਸੀਂ ਨਿਊ ਸਾਊਥ ਵੇਲਜ਼ ਪ੍ਰਾਂਤ ਦੇ ਕਾਫ਼ਸ ਹਾਰਬਰ ਸ਼ਹਿਰ ਵਿਚ ਰਹਿੰਦੇ ਸੀ। ਮੇਰਾ ਪਰਿਵਾਰ ਰੱਬ ਵਿਚ ਵਿਸ਼ਵਾਸ ਰੱਖਦਾ ਸੀ। ਮੇਰੇ ਮਾਪੇ ਅਤੇ ਨਾਨਕੇ ਬ੍ਰਿਟਿਸ਼-ਇਜ਼ਰਾਈਲ ਨਾਂ ਦੇ ਗਰੁੱਪ ਦੀਆਂ ਸਿੱਖਿਆਵਾਂ ʼਤੇ ਯਕੀਨ ਕਰਦੇ ਸਨ। ਮੈਨੂੰ, ਮੇਰੇ ਛੋਟੇ ਭਰਾ, ਵੱਡੀ ਭੈਣ ਅਤੇ ਸਾਡੇ ਰਿਸ਼ਤੇਦਾਰਾਂ ਵਿੱਚੋਂ ਹੋਰ ਨਿਆਣਿਆਂ ਨੂੰ ਛੋਟੇ ਹੁੰਦਿਆਂ ਨੂੰ ਇਹੀ ਸਿਖਾਇਆ ਗਿਆ ਸੀ ਕਿ ਰੱਬ ਦੀ ਮਿਹਰ ਉਨ੍ਹਾਂ ਲੋਕਾਂ ʼਤੇ ਹੈ ਜਿਨ੍ਹਾਂ ਦੇ ਪੂਰਵਜ ਬ੍ਰਿਟਿਸ਼ ਸਨ। ਮੈਨੂੰ ਇਸ ਸਿੱਖਿਆ ʼਤੇ ਕੋਈ ਯਕੀਨ ਨਹੀਂ ਸੀ ਅਤੇ ਮੈਂ ਇਸ ਕਰਕੇ ਰੱਬ ਦੇ ਨੇੜੇ ਮਹਿਸੂਸ ਨਹੀਂ ਸੀ ਕਰਦੀ। 14 ਸਾਲ ਦੀ ਉਮਰ ਵਿਚ ਮੈਂ ਆਪਣੇ ਇਲਾਕੇ ਦੇ ਅਲੱਗ-ਅਲੱਗ ਚਰਚਾਂ ਵਿਚ ਗਈ। ਪਰ ਇਨ੍ਹਾਂ ਚਰਚਾਂ ਨੇ ਰੱਬ ਬਾਰੇ ਜਾਣਨ ਵਿਚ ਮੇਰੀ ਕੋਈ ਮਦਦ ਨਹੀਂ ਕੀਤੀ।
ਬਾਅਦ ਵਿਚ ਮੇਰਾ ਪਰਿਵਾਰ ਸਿਡਨੀ ਰਹਿਣ ਚਲਾ ਗਿਆ। ਉੱਥੇ ਮੈਂ ਵਿੰਸਟਨ ਨੂੰ ਮਿਲੀ ਜੋ ਉੱਥੇ ਛੁੱਟੀਆਂ ਬਿਤਾਉਣ ਆਇਆ ਸੀ। ਜਿੱਦਾਂ ਵਿੰਸਟਨ ਨੇ ਪਹਿਲਾਂ ਹੀ ਦੱਸਿਆ, ਧਰਮਾਂ ਬਾਰੇ ਹੋਈ ਸਾਡੀ ਗੱਲਬਾਤ ਕਰਕੇ ਉਹ ਗਵਾਹਾਂ ਨਾਲ ਸਟੱਡੀ ਕਰਨ ਲੱਗਾ। ਵਿੰਸਟਨ ਆਪਣੀਆਂ ਚਿੱਠੀਆਂ ਵਿਚ ਮੈਨੂੰ ਕਈ ਹਵਾਲੇ ਲਿਖ ਕੇ ਭੇਜਦਾ ਸੀ। ਸੱਚ ਦੱਸਾਂ ਤਾਂ ਪਹਿਲਾਂ ਤਾਂ ਮੈਨੂੰ ਚਿੰਤਾ ਹੁੰਦੀ ਸੀ ਤੇ ਇੱਥੋਂ ਤਕ ਕਿ ਗੁੱਸਾ ਵੀ ਆਉਂਦਾ ਸੀ। ਪਰ ਹੌਲੀ-ਹੌਲੀ ਮੈਨੂੰ ਪਤਾ ਲੱਗ ਗਿਆ ਕਿ ਇਹੀ ਸੱਚਾਈ ਹੈ।
ਵਿੰਸਟਨ ਦੇ ਹੋਰ ਨਜ਼ਦੀਕ ਰਹਿਣ ਲਈ ਮੈਂ 1962 ਵਿਚ ਐਡੀਲੇਡ ਸ਼ਹਿਰ ਚਲੀ ਗਈ। ਉਸ ਨੇ ਇਕ ਜੋੜੇ ਟੌਮਸ ਤੇ ਜੇਨਿਸ ਸਲੋਮਨ ਦੇ ਘਰ ਮੇਰੇ ਰਹਿਣ ਦਾ ਪ੍ਰਬੰਧ ਕੀਤਾ ਜੋ ਗਵਾਹ ਸਨ। ਉਨ੍ਹਾਂ ਨੇ ਪਾਪੂਆ ਨਿਊ ਗਿਨੀ ਵਿਚ ਮਿਸ਼ਨਰੀਆਂ ਵਜੋਂ ਸੇਵਾ ਕੀਤੀ ਸੀ। ਉਨ੍ਹਾਂ ਨੇ ਮੈਨੂੰ ਬਹੁਤ ਪਿਆਰ ਦਿਖਾਇਆ। ਮੈਂ ਉਦੋਂ ਸਿਰਫ਼ 18 ਸਾਲਾਂ ਦੀ ਸੀ ਅਤੇ ਉਨ੍ਹਾਂ ਨੇ ਯਹੋਵਾਹ ਬਾਰੇ ਜਾਣਨ ਵਿਚ ਮੇਰੀ ਮਦਦ ਕੀਤੀ। ਇਸ ਲਈ ਮੈਂ ਵੀ ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਲਦੀ ਹੀ ਮੈਨੂੰ ਯਕੀਨ ਹੋ ਗਿਆ ਕਿ ਮੈਨੂੰ ਸੱਚਾਈ ਮਿਲ ਗਈ ਹੈ। ਵਿੰਸਟਨ ਨਾਲ ਵਿਆਹ ਕਰਾਉਣ ਤੋਂ ਬਾਅਦ ਹੀ ਅਸੀਂ ਇਕੱਠਿਆਂ ਨੇ ਯਹੋਵਾਹ ਦੀ ਸੇਵਾ ਕਰਨ ਵਿਚ ਪੂਰੀ ਵਾਹ ਲਾਈ। ਸਾਨੂੰ ਬਹੁਤ ਖ਼ੁਸ਼ੀ ਮਿਲੀ ਅਤੇ ਅਜ਼ਮਾਇਸ਼ਾਂ ਦੇ ਬਾਵਜੂਦ ਸਾਡੇ ਦਿਲਾਂ ਵਿਚ ਇਸ ਕੀਮਤੀ ਮੋਤੀ ਦੀ ਕਦਰ ਹੋਰ ਵਧਦੀ ਚਲੀ ਗਈ।
ਵਿੰਸਟਨ, ਯਹੋਵਾਹ ਦੀ ਸੇਵਾ ਵਿਚ ਆਪਣੇ ਸ਼ੁਰੂ-ਸ਼ੁਰੂ ਦੇ ਸਾਲਾਂ ਬਾਰੇ ਦੱਸੋ।
ੳ. ਉਸ ਇਲਾਕੇ ਦਾ ਨਕਸ਼ਾ ਜਿੱਥੇ ਅਸੀਂ ਸਰਕਟ ਕੰਮ ਕੀਤਾ
ਅ. ਕੁਝ ਟਾਪੂਆਂ ਦੀਆਂ ਡਾਕ ਟਿਕਟਾਂ। ਕਿਰੀਬਤੀ ਅਤੇ ਟੂਵਾਲੂ ਟਾਪੂਆਂ ਨੂੰ ਪਹਿਲਾਂ ਗਿਲਬਰਟ ਅਤੇ ਐਲਿਸ ਟਾਪੂ ਕਿਹਾ ਜਾਂਦਾ ਸੀ
ੲ. ਟੂਵਾਲੂ ਵਿਚ ਫੁਨਾਫੁਟੀ ਨਾਂ ਦਾ ਸੋਹਣਾ ਟਾਪੂ। ਮਿਸ਼ਨਰੀਆਂ ਦੇ ਭੇਜੇ ਜਾਣ ਤੋਂ ਪਹਿਲਾਂ ਅਸੀਂ ਇਸ ਟਾਪੂ ਵਿਚ ਗਏ ਸੀ
ਸਾਡੇ ਵਿਆਹ ਤੋਂ ਜਲਦੀ ਬਾਅਦ, ਯਹੋਵਾਹ ਨੇ ਸਾਨੂੰ ਉਸ ਦੀ ਸੇਵਾ ਵਿਚ ਤਰੱਕੀ ਕਰਨ ਦੇ ਬਹੁਤ ਸਾਰੇ ਮੌਕੇ ਦਿੱਤੇ। (1 ਕੁਰਿੰ. 16:9) ਪਹਿਲੇ ਮੌਕੇ ਦਾ ਅਹਿਸਾਸ ਸਾਨੂੰ ਭਰਾ ਜੈਕ ਪੋਰਟਰ ਦੀ ਗੱਲ ਤੋਂ ਹੋਇਆ ਜੋ ਸਾਡੀ ਛੋਟੀ ਜਿਹੀ ਮੰਡਲੀ ਦੇ ਸਰਕਟ ਓਵਰਸੀਅਰ ਸਨ। (ਹੁਣ ਉਹ ਆਸਟ੍ਰਾਲੇਸ਼ੀਆ ਬ੍ਰਾਂਚ ਕਮੇਟੀ ਦੇ ਮੈਂਬਰ ਹਨ।) ਜੈਕ ਤੇ ਉਨ੍ਹਾਂ ਦੀ ਪਤਨੀ ਰੋਸਲਿਨ ਨੇ ਸਾਨੂੰ ਰੈਗੂਲਰ ਪਾਇਨੀਅਰਿੰਗ ਕਰਨ ਦੀ ਹੱਲਾਸ਼ੇਰੀ ਦਿੱਤੀ। ਅਸੀਂ ਪੰਜ ਸਾਲ ਪਾਇਨੀਅਰਿੰਗ ਕੀਤੀ। ਜਦੋਂ ਮੈਂ 29 ਸਾਲਾਂ ਦਾ ਸੀ, ਤਾਂ ਸਾਨੂੰ ਦੱਖਣੀ ਸ਼ਾਂਤ ਮਹਾਂਸਾਗਰ ਦੇ ਟਾਪੂਆਂ ʼਤੇ ਸਰਕਟ ਕੰਮ ਕਰਨ ਦੀ ਜ਼ਿੰਮੇਵਾਰੀ ਮਿਲੀ ਜੋ ਉਸ ਸਮੇਂ ਫਿਜੀ ਬ੍ਰਾਂਚ ਦੀ ਨਿਗਰਾਨੀ ਅਧੀਨ ਸਨ। ਇਹ ਟਾਪੂ ਸਨ ਅਮਰੀਕਨ ਸਮੋਆ, ਸਮੋਆ, ਕਿਰੀਬਤੀ, ਟੂਵਾਲੂ, ਟੋਕਲਾਓ, ਟੋਂਗਾ ਨਾਉਰੂ, ਨਿਊਏ ਅਤੇ ਵਨਾਵਟੂ।
ਉਨ੍ਹਾਂ ਦਿਨਾਂ ਵਿਚ ਦੂਰ-ਦੁਰਾਡੇ ਦੇ ਕੁਝ ਟਾਪੂਆਂ ਦੇ ਲੋਕ ਯਹੋਵਾਹ ਦੇ ਗਵਾਹਾਂ ਬਾਰੇ ਸ਼ੱਕੀ ਨਜ਼ਰੀਆ ਰੱਖਦੇ ਸਨ। ਇਸ ਲਈ ਸਾਨੂੰ ਸਾਵਧਾਨ ਰਹਿਣ ਅਤੇ ਸਮਝਦਾਰੀ ਦਿਖਾਉਣ ਦੀ ਲੋੜ ਪੈਂਦੀ ਸੀ। (ਮੱਤੀ 10:16) ਮੰਡਲੀਆਂ ਬਹੁਤ ਛੋਟੀਆਂ ਹੁੰਦੀਆਂ ਸਨ ਜਿਸ ਕਰਕੇ ਕੁਝ ਮੰਡਲੀਆਂ ਭੈਣਾਂ-ਭਰਾਵਾਂ ਨਾਲ ਰਹਿਣ ਦਾ ਸਾਡਾ ਇੰਤਜ਼ਾਮ ਨਹੀਂ ਕਰ ਸਕੀਆਂ। ਇਸ ਲਈ ਅਸੀਂ ਪਿੰਡ ਦੇ ਲੋਕਾਂ ਨੂੰ ਪੁੱਛਦੇ ਸੀ ਅਤੇ ਉਹ ਬੜੇ ਪਿਆਰ ਨਾਲ ਸਾਨੂੰ ਆਪਣੇ ਘਰ ਰੱਖ ਲੈਂਦੇ ਸਨ।
ਵਿੰਸਟਨ, ਤੁਹਾਨੂੰ ਅਨੁਵਾਦ ਦੇ ਕੰਮ ਵਿਚ ਬਹੁਤ ਦਿਲਚਸਪੀ ਹੈ। ਇਹ ਦਿਲਚਸਪੀ ਕਿਵੇਂ ਪੈਦਾ ਹੋਈ?
ਸਮੋਆ ਵਿਚ ਬਜ਼ੁਰਗਾਂ ਦਾ ਸਕੂਲ ਚਲਾਉਂਦਾ ਹੋਇਆ
ਇਕ ਸਮੇਂ ʼਤੇ ਟੋਂਗਾ ਪ੍ਰਾਂਤ ਦੇ ਭੈਣਾਂ-ਭਰਾਵਾਂ ਕੋਲ ਤੋਂਗਨ ਭਾਸ਼ਾ ਵਿਚ ਸਿਰਫ਼ ਕੁਝ ਹੀ ਪਰਚੇ ਅਤੇ ਪੁਸਤਿਕਾਵਾਂ ਸਨ। ਉਹ ਲੋਕਾਂ ਨਾਲ ਅੰਗ੍ਰੇਜ਼ੀ ਕਿਤਾਬ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ ਤੋਂ ਸਟੱਡੀ ਕਰਾਉਂਦੇ ਸਨ। ਸੋ ਚਾਰ ਹਫ਼ਤਿਆਂ ਦੇ ਬਜ਼ੁਰਗਾਂ ਦੇ ਸਕੂਲ ਦੌਰਾਨ ਤਿੰਨ ਬਜ਼ੁਰਗ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ ਕਿਤਾਬ ਦਾ ਤੋਂਗਨ ਭਾਸ਼ਾ ਵਿਚ ਅਨੁਵਾਦ ਕਰਨ ਲਈ ਮੰਨ ਗਏ। ਫਿਰ ਪੈਮ ਨੇ ਸਾਰੀ ਜਾਣਕਾਰੀ ਟਾਈਪ ਕੀਤੀ ਅਤੇ ਅਸੀਂ ਇਸ ਨੂੰ ਛਪਾਈ ਲਈ ਅਮਰੀਕਾ ਬ੍ਰਾਂਚ ਨੂੰ ਭੇਜ ਦਿੱਤਾ। ਇਸ ਕੰਮ ਨੂੰ ਲਗਭਗ ਅੱਠ ਹਫ਼ਤੇ ਲੱਗੇ। ਉਨ੍ਹਾਂ ਭਰਾਵਾਂ ਨੂੰ ਥੋੜ੍ਹੀ-ਬਹੁਤੀ ਹੀ ਅੰਗ੍ਰੇਜ਼ੀ ਆਉਂਦੀ ਸੀ ਅਤੇ ਇਸ ਕਿਤਾਬ ਦਾ ਅਨੁਵਾਦ ਇੰਨਾ ਵਧੀਆ ਨਹੀਂ ਹੋਇਆ, ਪਰ ਇਸ ਕਿਤਾਬ ਕਰਕੇ ਤੋਂਗਨ ਭਾਸ਼ਾ ਬੋਲਣ ਵਾਲੇ ਬਹੁਤ ਸਾਰੇ ਲੋਕ ਸੱਚਾਈ ਸਿੱਖ ਸਕੇ। ਮੈਂ ਤੇ ਪੈਮ ਅਨੁਵਾਦਕ ਨਹੀਂ ਹਾਂ, ਪਰ ਇਸ ਤਜਰਬੇ ਕਰਕੇ ਸਾਡੇ ਵਿਚ ਇਸ ਕੰਮ ਲਈ ਇੱਛਾ ਪੈਦਾ ਹੋਈ।
ਪੈਮ, ਆਸਟ੍ਰੇਲੀਆ ਦੇ ਮੁਕਾਬਲੇ ਟਾਪੂਆਂ ʼਤੇ ਜ਼ਿੰਦਗੀ ਕਿਹੋ ਜਿਹੀ ਸੀ?
ਸਰਕਟ ਦੇ ਕੰਮ ਵਿਚ ਸਾਡੇ ਠਹਿਰਨ ਦੀ ਇਕ ਜਗ੍ਹਾ
ਜ਼ਿੰਦਗੀ ਬਹੁਤ ਵੱਖਰੀ ਸੀ! ਅਲੱਗ-ਅਲੱਗ ਥਾਵਾਂ ਵਿਚ ਸਾਨੂੰ ਅਲੱਗ-ਅਲੱਗ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਜਿਵੇਂ ਕਿ ਮੱਛਰਾਂ ਦੇ ਝੁੰਡ, ਬੇਹੱਦ ਗਰਮੀ ਤੇ ਹੁੰਮ, ਚੂਹੇ ਅਤੇ ਬੀਮਾਰੀਆਂ ਅਤੇ ਕਈ ਵਾਰ ਤਾਂ ਖਾਣੇ ਦੀ ਕਮੀ ਵੀ ਝੱਲਣੀ ਪਈ। ਪਰ ਦੂਜੇ ਪਾਸੇ, ਹਰ ਰੋਜ਼ ਸ਼ਾਮ ਨੂੰ ਆਪਣੀ ਝੌਂਪੜੀ ਜਾਂ “ਫੇਲ” ਵਿੱਚੋਂ ਸਮੁੰਦਰ ਨੂੰ ਦੇਖ ਕੇ ਸਾਨੂੰ ਚੈਨ ਤੇ ਸ਼ਾਂਤੀ ਮਿਲਦੀ ਸੀ। ਸਾਮੋਆ ਭਾਸ਼ਾ ਵਿਚ ਘਰਾਂ ਨੂੰ “ਫੇਲ” ਕਿਹਾ ਜਾਂਦਾ ਹੈ, ਇਨ੍ਹਾਂ ਘਰਾਂ ਦੀ ਛੱਤ ਘਾਹ-ਫੂਸ ਦੀ ਹੁੰਦੀ ਹੈ ਅਤੇ ਇਨ੍ਹਾਂ ਦੀਆਂ ਕੰਧਾਂ ਨਹੀਂ ਹੁੰਦੀਆਂ। ਚਾਨਣੀਆਂ ਰਾਤਾਂ ਵਿਚ ਅਸੀਂ ਖਜੂਰ ਦੇ ਦਰਖ਼ਤ ਦੇਖ ਸਕਦੇ ਸੀ ਅਤੇ ਚੰਨ ਦੀ ਚਾਨਣੀ ਸਮੁੰਦਰ ʼਤੇ ਪੈਂਦੀ ਸੀ। ਇਸ ਤਰ੍ਹਾਂ ਦੇ ਅਨਮੋਲ ਪਲਾਂ ਕਰਕੇ ਅਸੀਂ ਸੋਚ-ਵਿਚਾਰ ਕਰਨ, ਪ੍ਰਾਰਥਨਾ ਕਰਨ ਅਤੇ ਆਪਣਾ ਧਿਆਨ ਨਿਰਾਸ਼ ਕਰਨ ਵਾਲੀਆਂ ਗੱਲਾਂ ʼਤੇ ਲਾਉਣ ਦੀ ਬਜਾਇ ਸਹੀ ਗੱਲਾਂ ʼਤੇ ਲਾਉਣ ਲਈ ਪ੍ਰੇਰਿਤ ਹੁੰਦੇ ਸੀ।
ਸਾਡਾ ਬੱਚਿਆਂ ਨਾਲ ਪਿਆਰ ਪੈ ਗਿਆ। ਬੱਚੇ ਬਹੁਤ ਹਾਸਾ-ਮਜ਼ਾਕ ਕਰਦੇ ਸਨ ਅਤੇ ਗੋਰਿਆਂ ਨੂੰ ਦੇਖ ਕੇ ਬਹੁਤ ਉਤਸੁਕ ਹੋ ਜਾਂਦੇ ਸਨ। ਨਿਊਏ ਵਿਚ ਦੌਰੇ ਦੌਰਾਨ ਇਕ ਛੋਟੇ ਮੁੰਡੇ ਨੇ ਵਿੰਸਟਨ ਦੀ ਬਾਂਹ ʼਤੇ ਹੱਥ ਫੇਰਦਿਆਂ ਕਿਹਾ, “ਤੇਰੇ ਖੰਭ ਬਹੁਤ ਸੋਹਣੇ ਆ।” ਲੱਗਦਾ ਕਿ ਉਸ ਨੇ ਬਾਂਹ ʼਤੇ ਕਦੇ ਇੰਨੇ ਵਾਲ਼ ਨਹੀਂ ਦੇਖੇ ਹੋਣੇ।
ਉੱਥੋਂ ਦੇ ਲੋਕ ਬਹੁਤ ਗ਼ਰੀਬ ਸਨ ਅਤੇ ਉਨ੍ਹਾਂ ਲਈ ਗੁਜ਼ਾਰਾ ਤੋਰਨਾ ਬੜਾ ਔਖਾ ਸੀ। ਇਹ ਦੇਖ ਕੇ ਸਾਡਾ ਦਿਲ ਬਹੁਤ ਦੁਖੀ ਹੋਇਆ। ਉੱਥੇ ਕੁਦਰਤੀ ਸੁੰਦਰਤਾ ਬਹੁਤ ਸੀ, ਪਰ ਸਿਹਤ ਸਹੂਲਤਾਂ ਨਹੀਂ ਸਨ ਅਤੇ ਪੀਣ ਲਈ ਪਾਣੀ ਵੀ ਬਹੁਤ ਥੋੜ੍ਹਾ ਹੁੰਦਾ ਸੀ। ਫਿਰ ਵੀ ਸਾਡੇ ਭੈਣਾਂ-ਭਰਾਵਾਂ ਦੇ ਚਿਹਰਿਆਂ ʼਤੇ ਕੋਈ ਚਿੰਤਾ ਨਹੀਂ ਸੀ ਹੁੰਦੀ। ਇਹੀ ਉਨ੍ਹਾਂ ਦੀ ਜ਼ਿੰਦਗੀ ਸੀ। ਉਹ ਖ਼ੁਸ਼ ਸਨ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨਾਲ ਸੀ, ਉਨ੍ਹਾਂ ਕੋਲ ਭਗਤੀ ਕਰਨ ਲਈ ਥਾਂ ਸੀ ਅਤੇ ਉਨ੍ਹਾਂ ਕੋਲ ਯਹੋਵਾਹ ਦੀ ਮਹਿਮਾ ਕਰਨ ਦਾ ਸਨਮਾਨ ਸੀ। ਉਨ੍ਹਾਂ ਦੀ ਮਿਸਾਲ ਕਰਕੇ ਅਸੀਂ ਜ਼ਿਆਦਾ ਜ਼ਰੂਰੀ ਗੱਲਾਂ ʼਤੇ ਆਪਣਾ ਧਿਆਨ ਲਾਈ ਰੱਖ ਸਕੇ ਅਤੇ ਆਪਣੀ ਜ਼ਿੰਦਗੀ ਸਾਦੀ ਬਣਾਈ ਰੱਖ ਸਕੇ।
ਪੈਮ, ਕਈ ਵਾਰ ਤੁਹਾਨੂੰ ਨਵੇਂ ਹਾਲਾਤਾਂ ਵਿਚ ਪਾਣੀ ਲਿਆਉਣਾ ਪੈਂਦਾ ਸੀ ਅਤੇ ਖਾਣਾ ਬਣਾਉਣਾ ਪੈਂਦਾ ਸੀ। ਤੁਸੀਂ ਇਹ ਸਭ ਕਿਵੇਂ ਕਰ ਪਾਏ?
ਟੋਂਗਾ ਵਿਚ ਪੈਮ ਕੱਪੜੇ ਧੋਂਦੀ ਹੋਈ
ਮੈਂ ਆਪਣੇ ਪਿਤਾ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਕਈ ਕੰਮ ਕਰਨੇ ਸਿਖਾਏ, ਜਿਵੇਂ ਅੱਗ ਕਿਵੇਂ ਬਾਲ਼ਣੀ ਹੈ, ਉਸ ʼਤੇ ਖਾਣਾ ਕਿਵੇਂ ਬਣਾਉਣਾ ਹੈ ਅਤੇ ਥੋੜ੍ਹੀਆਂ ਚੀਜ਼ਾਂ ਨਾਲ ਗੁਜ਼ਾਰਾ ਕਿਵੇਂ ਕਰਨਾ ਹੈ। ਕਿਰੀਬਤੀ ਟਾਪੂ ʼਤੇ ਇਕ ਦੌਰੇ ਦੌਰਾਨ ਅਸੀਂ ਇਕ ਛੋਟੇ ਜਿਹੇ ਘਰ ਵਿਚ ਰੁਕੇ ਜਿਸ ਦੀ ਛੱਤ ਘਾਹ-ਫੂਸ ਦੀ ਤੇ ਕੰਧਾਂ ਬਾਂਸ ਦੀਆਂ ਬਣੀਆਂ ਹੋਈਆਂ ਸਨ ਅਤੇ ਮੂੰਗੇ ਦਾ ਪੱਕਾ ਫ਼ਰਸ਼ ਲੱਗਾ ਸੀ। ਖਾਣਾ ਬਣਾਉਣ ਲਈ ਮੈਂ ਜ਼ਮੀਨ ਵਿਚ ਛੋਟਾ ਜਿਹਾ ਟੋਆ ਪੁੱਟਿਆ ਅਤੇ ਅੱਗ ਬਾਲ਼ਣ ਲਈ ਉਸ ਵਿਚ ਨਾਰੀਅਲ ਦੇ ਛਿਲਕੇ ਪਾਏ। ਖੂਹ ਤੋਂ ਪਾਣੀ ਭਰਨ ਲਈ ਮੈਂ ਆਪਣੀ ਵਾਰੀ ਦੀ ਉਡੀਕ ਕਰਦੀ ਸੀ। ਜਦੋਂ ਮੇਰੀ ਵਾਰੀ ਆਈ, ਤਾਂ ਮੈਂ ਕਈ ਵਾਰੀ ਬਾਲਟੀ ਖੂਹ ਵਿਚ ਸੁੱਟੀ, ਪਰ ਹਰ ਵਾਰੀ ਬਾਲਟੀ ਪਾਣੀ ਉੱਤੇ ਤੈਰਨ ਲੱਗ ਜਾਂਦੀ। ਸਾਰੀਆਂ ਜਣੀਆਂ ਹੱਸਣ ਲੱਗ ਪਈਆਂ, ਪਰ ਫਿਰ ਇਕ ਔਰਤ ਨੇ ਮੇਰੀ ਮਦਦ ਕੀਤੀ। ਉੱਥੋਂ ਦੇ ਲੋਕ ਹਮੇਸ਼ਾ ਮਦਦ ਕਰਦੇ ਸਨ ਅਤੇ ਬਹੁਤ ਪਿਆਰ ਕਰਦੇ ਸਨ।
ਤੁਹਾਨੂੰ ਦੋਨਾਂ ਨੂੰ ਟਾਪੂਆਂ ʼਤੇ ਸੇਵਾ ਕਰਨੀ ਬਹੁਤ ਪਸੰਦ ਸੀ। ਕੀ ਤੁਸੀਂ ਸਾਡੇ ਨਾਲ ਆਪਣੀਆਂ ਕੁਝ ਮਿੱਠੀਆਂ ਯਾਦਾਂ ਸਾਂਝੀਆਂ ਕਰ ਸਕਦੇ ਹੋ?
ਵਿੰਸਟਨ: ਸਾਨੂੰ ਕੁਝ ਰਿਵਾਜ ਸਮਝਣ ਵਿਚ ਸਮਾਂ ਲੱਗਾ। ਮਿਸਾਲ ਲਈ, ਜਦੋਂ ਭੈਣ-ਭਰਾ ਸਾਨੂੰ ਖਾਣੇ ʼਤੇ ਬੁਲਾਉਂਦੇ ਸਨ, ਤਾਂ ਉਹ ਸਾਰਾ ਖਾਣਾ ਸਾਡੇ ਸਾਮ੍ਹਣੇ ਰੱਖ ਦਿੰਦੇ ਸਨ। ਪਹਿਲਾਂ-ਪਹਿਲ ਤਾਂ ਸਾਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਲਈ ਵੀ ਕੁਝ ਖਾਣਾ ਛੱਡਣਾ ਹੁੰਦਾ ਸੀ। ਅਸੀਂ ਸਭ ਕੁਝ ਖਾ ਜਾਂਦੇ ਸੀ। ਬਾਅਦ ਵਿਚ ਜਦੋਂ ਸਾਨੂੰ ਪਤਾ ਲੱਗਾ, ਤਾਂ ਅਸੀਂ ਉਨ੍ਹਾਂ ਲਈ ਖਾਣਾ ਛੱਡ ਦਿੰਦੇ ਸੀ। ਸਾਡੀਆਂ ਗ਼ਲਤੀਆਂ ਦੇ ਬਾਵਜੂਦ ਵੀ ਸਾਡੇ ਭੈਣ-ਭਰਾ ਸਾਡੀ ਕਦਰ ਕਰਦੇ ਸਨ। ਜਦੋਂ ਅਸੀਂ ਛੇ ਮਹੀਨੇ ਬਾਅਦ ਉਨ੍ਹਾਂ ਦੀ ਮੰਡਲੀ ਦਾ ਦੌਰਾ ਕਰਨ ਜਾਂਦੇ ਸੀ, ਤਾਂ ਉਹ ਸਾਨੂੰ ਦੇਖ ਕੇ ਖ਼ੁਸ਼ ਹੁੰਦੇ ਸੀ। ਸਾਡੇ ਤੋਂ ਇਲਾਵਾ ਉਨ੍ਹਾਂ ਦੀ ਮੰਡਲੀ ਵਿਚ ਹੋਰ ਕੋਈ ਵੀ ਭੈਣ-ਭਰਾ ਨਹੀਂ ਸੀ ਆਉਂਦਾ।
ਨਿਊਏ ਟਾਪੂ ʼਤੇ ਪ੍ਰਚਾਰ ਦੀ ਅਗਵਾਈ ਕਰਦਾ ਹੋਇਆ
ਸਾਡੇ ਉੱਥੇ ਜਾਣ ਨਾਲ ਇਲਾਕੇ ਦੇ ਲੋਕਾਂ ਨੂੰ ਚੰਗੀ ਗਵਾਹੀ ਮਿਲਦੀ ਸੀ। ਪਿੰਡ ਦੇ ਬਹੁਤ ਸਾਰੇ ਲੋਕ ਸੋਚਦੇ ਸਨ ਕਿ ਗਵਾਹਾਂ ਨੇ ਆਪਣਾ ਧਰਮ ਸ਼ੁਰੂ ਕੀਤਾ ਸੀ। ਇਸ ਲਈ ਜਦੋਂ ਅਸੀਂ ਬਾਹਰਲੇ ਦੇਸ਼ੋਂ ਆਏ, ਤਾਂ ਉੱਥੋਂ ਦੇ ਲੋਕ ਹੈਰਾਨ ਹੁੰਦੇ ਸੀ ਅਤੇ ਉਨ੍ਹਾਂ ਨੂੰ ਗਵਾਹੀ ਵੀ ਮਿਲਦੀ ਸੀ ਕਿ ਸਾਡਾ ਦੁਨੀਆਂ ਭਰ ਵਿਚ ਸੰਗਠਨ ਹੈ।
ਪੈਮ: ਮੇਰੀ ਕਿਰੀਬਤੀ ਦੀ ਇਕ ਮਿੱਠੀ ਯਾਦ ਹੈ। ਉਦੋਂ ਉੱਥੇ ਇੱਕੋ ਮੰਡਲੀ ਸੀ ਅਤੇ ਥੋੜ੍ਹੇ ਜਿਹੇ ਭੈਣ-ਭਰਾ। ਉਸ ਮੰਡਲੀ ਵਿਚ ਸਿਰਫ਼ ਇੱਕੋ ਬਜ਼ੁਰਗ ਸੀ, ਸਿਨੇਕਾਈ ਮਟੇਰਾ। ਉਸ ਨੇ ਸਾਡੀ ਬਹੁਤ ਦੇਖ-ਭਾਲ ਕੀਤੀ। ਇਕ ਦਿਨ ਉਹ ਇਕ ਟੋਕਰੀ ਲੈ ਕੇ ਆਇਆ ਜਿਸ ਵਿਚ ਇੱਕੋ ਆਂਡਾ ਸੀ। ਉਸ ਨੇ ਕਿਹਾ, “ਇਹ ਤੁਹਾਡੇ ਲਈ ਹੈ।” ਉਸ ਵੇਲੇ ਮੁਰਗੀ ਦਾ ਆਂਡਾ ਬਹੁਤ ਘੱਟ ਹੀ ਖਾਣ ਨੂੰ ਮਿਲਦਾ ਸੀ। ਇਹ ਛੋਟੀ ਜਿਹੀ ਗੱਲ ਸੀ, ਪਰ ਉਸ ਵੱਲੋਂ ਦਿਖਾਈ ਖੁੱਲ੍ਹ-ਦਿਲੀ ਮੇਰੇ ਦਿਲ ਨੂੰ ਛੂਹ ਗਈ।
ਪੈਮ, ਕੁਝ ਸਾਲਾਂ ਬਾਅਦ ਤੁਹਾਡੇ ਅਣਜੰਮੇ ਬੱਚੇ ਦੀ ਮੌਤ ਹੋ ਗਈ। ਕਿਸ ਗੱਲ ਨੇ ਇਹ ਦੁੱਖ ਸਹਿਣ ਵਿਚ ਤੁਹਾਡੀ ਮਦਦ ਕੀਤੀ?
ਮੈਂ 1973 ਵਿਚ ਗਰਭਵਤੀ ਹੋਈ ਜਦੋਂ ਆਪਾਂ ਦੱਖਣੀ ਸ਼ਾਂਤ ਮਹਾਂਸਾਗਰ ਵਿਚ ਸੀ। ਅਸੀਂ ਆਸਟ੍ਰੇਲੀਆ ਵਾਪਸ ਚਲੇ ਗਏ ਜਿੱਥੇ ਚਾਰ ਮਹੀਨਿਆਂ ਬਾਅਦ ਸਾਡੇ ਬੱਚੇ ਦੀ ਮੌਤ ਹੋ ਗਈ। ਆਪਣੇ ਬੱਚੇ ਨੂੰ ਗੁਆਉਣ ਕਰਕੇ ਵਿੰਸਟਨ ਵੀ ਬਹੁਤ ਉਦਾਸ ਸੀ। ਸਮੇਂ ਦੇ ਬੀਤਣ ਨਾਲ ਮੇਰਾ ਦੁੱਖ ਘੱਟ ਗਿਆ, ਪਰ ਮੈਨੂੰ ਪੂਰੀ ਤਰ੍ਹਾਂ ਰਾਹਤ ਉਦੋਂ ਮਿਲੀ ਜਦੋਂ ਸਾਨੂੰ 15 ਅਪ੍ਰੈਲ 2009 ਦਾ ਪਹਿਰਾਬੁਰਜ ਮਿਲਿਆ। ਉਸ ਵਿਚ “ਪਾਠਕਾਂ ਵੱਲੋਂ ਸਵਾਲ” ਸੀ, “ਜੇ ਬੱਚਾ ਮਾਂ ਦੀ ਕੁੱਖ ਵਿਚ ਹੀ ਮਰ ਜਾਵੇ, ਤਾਂ ਕੀ ਪਰਮੇਸ਼ੁਰ ਉਸ ਨੂੰ ਦੁਬਾਰਾ ਜ਼ਿੰਦਾ ਕਰੇਗਾ?” ਇਸ ਲੇਖ ਤੋਂ ਸਾਨੂੰ ਹੌਸਲਾ ਮਿਲਿਆ ਕਿ ਯਹੋਵਾਹ ਫ਼ੈਸਲਾ ਕਰੇਗਾ ਕਿ ਉਸ ਨੇ ਕੀ ਕਰਨਾ ਹੈ ਅਤੇ ਉਹ ਹਮੇਸ਼ਾ ਸਹੀ ਫ਼ੈਸਲਾ ਹੀ ਕਰਦਾ ਹੈ। ਉਹ ਆਪਣੇ ਪੁੱਤਰ ਦੇ ਜ਼ਰੀਏ “ਸ਼ੈਤਾਨ ਦੇ ਕੰਮਾਂ ਨੂੰ ਨਾਸ਼” ਕਰੇਗਾ ਜਿਨ੍ਹਾਂ ਕਰਕੇ ਸਾਨੂੰ ਇਸ ਦੁਸ਼ਟ ਦੁਨੀਆਂ ਵਿਚ ਬਹੁਤ ਸਾਰੇ ਦੁੱਖਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। (1 ਯੂਹੰ. 3:8) ਇਸ ਲੇਖ ਨਾਲ ਸਾਡੀ ਇਸ ਗੱਲ ਲਈ ਵੀ ਕਦਰ ਵਧੀ ਕਿ ਯਹੋਵਾਹ ਦੇ ਲੋਕਾਂ ਵਜੋਂ ਸਾਡੇ ਕੋਲ ਕਿੰਨਾ ਹੀ ਕੀਮਤੀ “ਮੋਤੀ” ਹੈ! ਜੇ ਸਾਡੇ ਕੋਲ ਉਮੀਦ ਨਾ ਹੁੰਦੀ, ਤਾਂ ਅਸੀਂ ਪਤਾ ਨਹੀਂ ਕਿੱਥੇ ਹੋਣਾ ਸੀ!
ਕੁਝ ਸਮੇਂ ਬਾਅਦ ਅਸੀਂ ਫਿਰ ਤੋਂ ਪੂਰੇ ਸਮੇਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਕੁਝ ਮਹੀਨਿਆਂ ਲਈ ਆਸਟ੍ਰੇਲੀਆ ਦੇ ਬ੍ਰਾਂਚ ਆਫ਼ਿਸ ਵਿਚ ਕੰਮ ਕੀਤਾ ਅਤੇ ਫਿਰ ਅਸੀਂ ਦੁਬਾਰਾ ਤੋਂ ਸਰਕਟ ਕੰਮ ਕਰਨ ਲੱਗ ਪਏ। ਨਿਊ ਸਾਊਥ ਵੇਲਜ਼ ਅਤੇ ਸਿਡਨੀ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਚਾਰ ਸਾਲ ਸੇਵਾ ਕਰਨ ਤੋਂ ਬਾਅਦ 1981 ਵਿਚ ਸਾਨੂੰ ਆਸਟ੍ਰੇਲੀਆ ਦੇ ਬ੍ਰਾਂਚ ਆਫ਼ਿਸ (ਹੁਣ ਆਸਟ੍ਰਾਲੇਸ਼ੀਆ ਦਾ ਬ੍ਰਾਂਚ ਆਫ਼ਿਸ) ਬੁਲਾ ਲਿਆ ਗਿਆ ਅਤੇ ਅਸੀਂ ਅੱਜ ਵੀ ਉੱਥੇ ਹੀ ਸੇਵਾ ਕਰ ਰਹੇ ਹਾਂ।
ਵਿੰਸਟਨ, ਕੀ ਦੱਖਣੀ ਸ਼ਾਂਤ ਮਹਾਂਸਾਗਰ ਵਿਚ ਤੁਹਾਡੇ ਤਜਰਬੇ ਕਰਕੇ ਆਸਟ੍ਰਾਲੇਸ਼ੀਆ ਬ੍ਰਾਂਚ ਕਮੇਟੀ ਦੇ ਮੈਂਬਰ ਵਜੋਂ ਸੇਵਾ ਕਰਨ ਵਿਚ ਤੁਹਾਡੀ ਮਦਦ ਹੋਈ?
ਜੀ ਹਾਂ, ਕਈ ਤਰੀਕਿਆਂ ਨਾਲ ਮਦਦ ਹੋਈ। ਪਹਿਲਾਂ ਅਮਰੀਕਨ ਸਮੋਆ ਅਤੇ ਸਮੋਆ ਆਸਟ੍ਰੇਲੀਆ ਬ੍ਰਾਂਚ ਦੀ ਨਿਗਰਾਨੀ ਅਧੀਨ ਸਨ। ਫਿਰ ਨਿਊਜ਼ੀਲੈਂਡ ਦੀ ਬ੍ਰਾਂਚ ਨੂੰ ਆਸਟ੍ਰੇਲੀਆ ਦੀ ਬ੍ਰਾਂਚ ਨਾਲ ਮਿਲਾ ਦਿੱਤਾ ਗਿਆ। ਹੁਣ ਆਸਟ੍ਰਾਲੇਸ਼ੀਆ ਦੀ ਬ੍ਰਾਂਚ ਅਧੀਨ ਅਮਰੀਕਨ ਸਮੋਆ ਤੇ ਸਮੋਆ, ਆਸਟ੍ਰੇਲੀਆ, ਕੁਕ ਦੀਪ-ਸਮੂਹ, ਟਿਮੋਰ-ਲੇਸਤ, ਟੋਕਲਾਓ, ਟੋਂਗਾ, ਨਿਊਏ ਅਤੇ ਨਿਊਜ਼ੀਲੈਂਡ ਆਉਂਦੇ ਹਨ। ਇਨ੍ਹਾਂ ਵਿੱਚੋਂ ਕਈ ਥਾਵਾਂ ʼਤੇ ਮੈਨੂੰ ਬ੍ਰਾਂਚ ਵੱਲੋਂ ਘੱਲਿਆ ਗਿਆ। ਟਾਪੂਆਂ ʼਤੇ ਵਫ਼ਾਦਾਰ ਭੈਣਾਂ-ਭਰਾਵਾਂ ਨਾਲ ਕੰਮ ਕਰਨ ਕਰਕੇ ਮੇਰੀ ਬਹੁਤ ਮਦਦ ਹੋਈ ਜਿਸ ਕਰਕੇ ਹੁਣ ਮੈਂ ਬ੍ਰਾਂਚ ਕਮੇਟੀ ਦੇ ਮੈਂਬਰ ਵਜੋਂ ਉਨ੍ਹਾਂ ਦੀ ਸੇਵਾ ਕਰ ਪਾ ਰਿਹਾ ਹਾਂ।
ਆਸਟ੍ਰੇਲੀਸ਼ੀਆ ਬ੍ਰਾਂਚ ਵਿਚ ਵਿੰਸਟਨ ਤੇ ਪੈਮ
ਅਖ਼ੀਰ ਵਿਚ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਆਪਣੇ ਖ਼ੁਦ ਦੇ ਤਜਰਬੇ ਤੋਂ ਦੇਖਿਆ ਹੈ ਕਿ ਸਿਰਫ਼ ਵੱਡੀ ਉਮਰ ਦੇ ਲੋਕ ਹੀ ਰੱਬ ਦੀ ਭਾਲ ਨਹੀਂ ਕਰਦੇ। ਨਿਆਣੇ ਵੀ ਇਹ “ਬਹੁਤ ਕੀਮਤੀ ਮੋਤੀ” ਲੈਣਾ ਚਾਹੁੰਦੇ ਹਨ, ਚਾਹੇ ਉਨ੍ਹਾਂ ਦੇ ਘਰ ਦੇ ਜੀਆਂ ਨੂੰ ਇਸ ਵਿਚ ਕੋਈ ਦਿਲਚਸਪੀ ਨਾ ਵੀ ਹੋਵੇ, ਜਿੱਦਾਂ ਸਾਡੇ ਘਰਦਿਆਂ ਵਾਂਗ। (2 ਰਾਜ. 5:2, 3; 2 ਇਤ. 34:1-3) ਕੋਈ ਸ਼ੱਕ ਨਹੀਂ ਕਿ ਯਹੋਵਾਹ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ ਜੋ ਚਾਹੁੰਦਾ ਹੈ ਕਿ ਨਿਆਣੇ-ਸਿਆਣੇ, ਸਾਰੇ ਜਣੇ ਜ਼ਿੰਦਗੀ ਪਾਉਣ।
50 ਤੋਂ ਜ਼ਿਆਦਾ ਸਾਲ ਪਹਿਲਾਂ ਜਦੋਂ ਮੈਂ ਤੇ ਪੈਮ ਨੇ ਰੱਬ ਦੀ ਭਾਲ ਕਰਨੀ ਸ਼ੁਰੂ ਕੀਤੀ ਸੀ, ਤਾਂ ਸਾਨੂੰ ਨਹੀਂ ਸੀ ਪਤਾ ਕਿ ਇਹ ਭਾਲ ਸਾਨੂੰ ਕਿੱਧਰ ਲੈ ਜਾਵੇਗੀ। ਰਾਜ ਦੀ ਸੱਚਾਈ ਸੱਚ-ਮੁੱਚ ਇਕ ਬੇਸ਼ਕੀਮਤੀ ਮੋਤੀ ਹੈ! ਅਸੀਂ ਪੱਕਾ ਇਰਾਦਾ ਕੀਤਾ ਹੈ ਕਿ ਅਸੀਂ ਇਸ ਬੇਸ਼ਕੀਮਤੀ ਮੋਤੀ ਨੂੰ ਪੂਰੇ ਜ਼ੋਰ ਨਾਲ ਘੁੱਟ ਕੇ ਫੜੀ ਰੱਖਾਂਗੇ!