ਸਾਡੀ ਸੇਵਕਾਈ—ਸੱਚੇ ਪ੍ਰੇਮ ਦਾ ਪ੍ਰਗਟਾਵਾ
1 ਆਪਣੀ ਸੇਵਕਾਈ ਦੁਆਰਾ ਅਸੀਂ ਦੋ ਸਭ ਤੋਂ ਵੱਡੇ ਹੁਕਮਾਂ ਪ੍ਰਤੀ ਆਪਣੀ ਆਗਿਆਕਾਰਤਾ ਪ੍ਰਦਰਸ਼ਿਤ ਕਰਦੇ ਹਾਂ। (ਮੱਤੀ 22:37-39) ਯਹੋਵਾਹ ਪ੍ਰਤੀ ਸਾਡਾ ਪ੍ਰੇਮ ਸਾਨੂੰ ਉਸ ਬਾਰੇ ਚੰਗੀਆਂ ਗੱਲਾਂ ਕਰਨ ਲਈ ਪ੍ਰੇਰਦਾ ਹੈ। ਆਪਣੇ ਗੁਆਂਢੀਆਂ ਪ੍ਰਤੀ ਸਾਡਾ ਪ੍ਰੇਮ ਸਾਨੂੰ ਪ੍ਰੇਰਦਾ ਹੈ ਕਿ ਅਸੀਂ ਉਨ੍ਹਾਂ ਨੂੰ ਪਰਮੇਸ਼ੁਰ ਦੀ ਇੱਛਾ ਅਤੇ ਮਕਸਦਾਂ ਦਾ ਗਿਆਨ ਲੈਣ ਲਈ ਉਤਸ਼ਾਹਿਤ ਕਰੀਏ ਤਾਂਕਿ, ਸਾਡੇ ਵਾਂਗ, ਉਹ ਵੀ ਯਹੋਵਾਹ ਨੂੰ ਪ੍ਰੇਮ ਕਰ ਸਕਣ ਅਤੇ ਸਦੀਪਕ ਜੀਵਨ ਦੇ ਇਨਾਮ ਨੂੰ ਹਾਸਲ ਕਰਨ ਦੀ ਸਥਿਤੀ ਵਿਚ ਹੋ ਸਕਣ। ਤਾਂ ਫਿਰ, ਅਸੀਂ ਆਪਣੀ ਸੇਵਕਾਈ ਦੁਆਰਾ ਯਹੋਵਾਹ ਦੇ ਨਾਂ ਦਾ ਮਾਣ ਕਰਦੇ ਹਾਂ ਅਤੇ ਆਪਣੇ ਗੁਆਂਢੀਆਂ ਨਾਲ ਰਾਜ ਦੀ ਅਣਮੋਲ ਉਮੀਦ ਸਾਂਝੀ ਕਰਦੇ ਹਾਂ। ਜੀ ਹਾਂ, ਸਾਡੀ ਸੇਵਕਾਈ ਪਰਮੇਸ਼ੁਰ ਪ੍ਰਤੀ ਅਤੇ ਮਨੁੱਖ ਪ੍ਰਤੀ ਸੱਚੇ ਪ੍ਰੇਮ ਦਾ ਪ੍ਰਗਟਾਵਾ ਹੈ।
2 ਸਾਡਾ ਪ੍ਰੇਮ ਸਾਨੂੰ ਹਰ ਪ੍ਰਕਾਰ ਦੀਆਂ ਪਰਿਸਥਿਤੀਆਂ ਵਿਚ ਹਰ ਤਰ੍ਹਾਂ ਦੇ ਲੋਕਾਂ ਨਾਲ ਗੱਲ ਕਰਨ ਲਈ ਪ੍ਰੇਰਦਾ ਹੈ। (1 ਕੁਰਿੰ. 9:21-23) ਮਿਸਾਲ ਲਈ: ਇਕ ਹਵਾਈ-ਜਹਾਜ਼ ਵਿਚ, ਇਕ ਮਸੀਹੀ ਬਜ਼ੁਰਗ ਇਕ ਰੋਮਨ ਕੈਥੋਲਿਕ ਪਾਦਰੀ ਦੇ ਨਾਲ ਬੈਠਾ ਹੋਇਆ ਸੀ। ਬਜ਼ੁਰਗ ਨੇ ਸੋਚ-ਸਮਝ ਕੇ ਕੁਝ ਸਵਾਲ ਪੁੱਛਣ ਦੁਆਰਾ ਪਾਦਰੀ ਨਾਲ ਗੱਲ-ਬਾਤ ਸ਼ੁਰੂ ਕੀਤੀ ਅਤੇ ਫਿਰ ਗੱਲ ਨੂੰ ਰਾਜ ਦੇ ਵਿਸ਼ੇ ਵੱਲ ਲੈ ਗਿਆ। ਜਦੋਂ ਪਾਦਰੀ ਹਵਾਈ-ਜਹਾਜ਼ ਤੋਂ ਉੱਤਰਿਆ, ਤਾਂ ਉਸ ਨੇ ਸਾਡੀਆਂ ਦੋ ਪੁਸਤਕਾਂ ਸਵੀਕਾਰ ਕਰ ਲਈਆਂ ਸਨ। ਉਸ ਬਜ਼ੁਰਗ ਵੱਲੋਂ ਆਪਣੇ ਗੁਆਂਢੀ ਪ੍ਰਤੀ ਸੱਚੇ ਪ੍ਰੇਮ ਦੇ ਪ੍ਰਗਟਾਵੇ ਦਾ ਕਿੰਨਾ ਵਧੀਆ ਸਿੱਟਾ!
3 ਸੱਚਾ ਪ੍ਰੇਮ ਸਾਨੂੰ ਪ੍ਰਚਾਰ ਕਰਨ ਲਈ ਪ੍ਰੇਰਦਾ ਹੈ: ਜਿਹੜੇ ਭੈਣ-ਭਰਾ ਸਹਿਯੋਗੀ ਪਾਇਨੀਅਰੀ ਅਤੇ ਪੂਰਣ-ਕਾਲੀ ਪਾਇਨੀਅਰੀ ਕਰ ਰਹੇ ਹਨ, ਉਹ ਨਿਸ਼ਚੇ ਹੀ ਪਰਮੇਸ਼ੁਰ ਪ੍ਰਤੀ ਅਤੇ ਗੁਆਂਢੀ ਪ੍ਰਤੀ ਸੱਚਾ ਪ੍ਰੇਮ ਪ੍ਰਗਟ ਕਰ ਰਹੇ ਹਨ। ਪਾਇਨੀਅਰ ਦੂਜਿਆਂ ਦੀ ਅਧਿਆਤਮਿਕ ਤੌਰ ਤੇ ਮਦਦ ਕਰਨ ਲਈ ਲਗਾਤਾਰ ਆਪਣਾ ਸਮਾਂ ਅਤੇ ਤਾਕਤ ਲਗਾਉਂਦੇ ਹਨ। ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਲਈ ਕਿਹੜੀ ਚੀਜ਼ ਪ੍ਰੇਰਦੀ ਹੈ? ਇਕ ਪਾਇਨੀਅਰ ਨੇ ਕਿਹਾ: “ਮੈਂ ਜਾਣਦੀ ਹਾਂ ਕਿ ਪ੍ਰੇਮ ਪਰਮੇਸ਼ੁਰ ਦੀ ਆਤਮਾ ਦਾ ਇਕ ਫਲ ਹੈ। ਇਸ ਤੋਂ ਬਿਨਾਂ, ਮੈਂ ਸੱਚਾਈ ਵਿਚ ਹੀ ਨਾ ਹੁੰਦੀ, ਪਾਇਨੀਅਰ ਵਜੋਂ ਸਫ਼ਲ ਹੋਣ ਦੀ ਤਾਂ ਗੱਲ ਹੀ ਇਕ ਪਾਸੇ ਰਹੀ। ਪ੍ਰੇਮ ਦੇ ਕਾਰਨ ਮੈਂ ਲੋਕਾਂ ਵਿਚ ਦਿਲਚਸਪੀ ਲੈਂਦੀ ਹਾਂ, ਉਨ੍ਹਾਂ ਦੀਆਂ ਲੋੜਾਂ ਨੂੰ ਮਹਿਸੂਸ ਕਰਦੀ ਹਾਂ, ਅਤੇ ਮੈਨੂੰ ਅਹਿਸਾਸ ਹੋਇਆ ਹੈ ਕਿ ਲੋਕ ਪ੍ਰੇਮ ਦੇ ਪ੍ਰਤੀ ਚੰਗੀ ਪ੍ਰਤਿਕ੍ਰਿਆ ਦਿਖਾਉਂਦੇ ਹਨ।” ਯਿਸੂ ਨੇ ਲੋਕਾਂ ਪ੍ਰਤੀ ਅਜਿਹਾ ਪ੍ਰੇਮ ਪ੍ਰਦਰਸ਼ਿਤ ਕੀਤਾ ਸੀ। ਇਕ ਵਾਰ ਜਦੋਂ ਉਹ ਅਤੇ ਉਸ ਦੇ ਥੱਕੇ-ਟੁੱਟੇ ਚੇਲੇ ‘ਰਤੀ ਕੁ ਸਸਤਾਉਣ’ ਲਈ ਕਿਧਰੇ ਜਾ ਰਹੇ ਸਨ, ਤਾਂ ਲੋਕਾਂ ਦੀ ਭੀੜ ਉਨ੍ਹਾਂ ਤੋਂ ਪਹਿਲਾਂ ਹੀ ਉੱਥੇ ਪਹੁੰਚ ਗਈ। ਯਿਸੂ ਨੇ ਕੀ ਕੀਤਾ? ‘ਉਨ੍ਹਾਂ ਤੇ ਤਰਸ ਖਾ ਕੇ,’ ਉਸ ਨੇ ਆਪਣੀਆਂ ਨਿੱਜੀ ਲੋੜਾਂ ਨੂੰ ਇਕ ਪਾਸੇ ਰੱਖਿਆ ਅਤੇ ‘ਉਨ੍ਹਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦਿੱਤਾ।’—ਮਰ. 6:30-34.
4 ਜਦੋਂ ਲੋਕ ਸਾਡੇ ਵੱਲੋਂ ਪੇਸ਼ ਕੀਤੀ ਖ਼ੁਸ਼ ਖ਼ਬਰੀ ਨੂੰ ਠੁਕਰਾਉਂਦੇ ਹਨ, ਉਦੋਂ ਵੀ ਅਸੀਂ ਇਕ ਅੰਦਰੂਨੀ ਖ਼ੁਸ਼ੀ ਮਹਿਸੂਸ ਕਰਦੇ ਹਾਂ, ਇਹ ਜਾਣਦੇ ਹੋਏ ਕਿ ਪ੍ਰੇਮ ਤੋਂ ਪ੍ਰੇਰਿਤ ਹੋ ਕੇ ਅਸੀਂ ਮੁਕਤੀ ਹਾਸਲ ਕਰਨ ਵਿਚ ਉਨ੍ਹਾਂ ਦੀ ਮਦਦ ਕਰਨ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ। ਜਦੋਂ ਮਸੀਹ ਆਖ਼ਰਕਾਰ ਸਾਡੇ ਸਾਰਿਆਂ ਦਾ ਨਿਆਉਂ ਕਰੇਗਾ, ਤਾਂ ਅਸੀਂ ਬਹੁਤ ਖ਼ੁਸ਼ ਹੋਵਾਂਗੇ ਕਿ ਅਸੀਂ ‘ਆਪਣੀ ਸੇਵਕਾਈ ਨੂੰ ਪੂਰਿਆਂ ਕਰਨ’ ਦੁਆਰਾ ਸੱਚਾ ਪ੍ਰੇਮ ਪ੍ਰਦਰਸ਼ਿਤ ਕੀਤਾ ਹੈ।—2 ਤਿਮੋ. 4:5.