ਯਹੋਵਾਹ ਦੀ ਆਤਮਾ ਸਾਡੇ ਨਾਲ ਹੈ
1 ਯਹੋਵਾਹ ਦੇ ਗਵਾਹ ਹੋਣ ਦੇ ਨਾਤੇ, ਸਾਡੇ ਕੋਲ ਇਕ ਬਹੁਤ ਵੱਡੀ ਕਾਰਜ-ਨਿਯੁਕਤੀ ਹੈ। ਯਿਸੂ ਨੇ ਕਿਹਾ: “ਜ਼ਰੂਰ ਹੈ ਜੋ ਪਹਿਲਾਂ ਸਾਰੀਆਂ ਕੌਮਾਂ ਦੇ ਅੱਗੇ ਖੁਸ਼ ਖਬਰੀ ਦਾ ਪਰਚਾਰ ਕੀਤਾ ਜਾਏ।” (ਮਰ. 13:10) ਮਾਨਵੀ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਏ, ਤਾਂ ਇਹ ਨਾਮੁਮਕਿਨ ਜਾਪਦਾ ਹੈ, ਪਰ ਹੈ ਨਹੀਂ। ਵਿਸ਼ਵ ਦੀ ਸਭ ਤੋਂ ਤਾਕਤਵਰ ਸ਼ਕਤੀ ਸਾਨੂੰ ਸਮਰਥਨ ਦੇ ਰਹੀ ਹੈ—ਪਰਮੇਸ਼ੁਰ ਦੀ ਆਤਮਾ।—ਮੱਤੀ 19:26.
2 ਪਹਿਲੀ ਸਦੀ ਵਿਚ ਸਬੂਤ: ਯਸਾਯਾਹ ਦੀ ਭਵਿੱਖਬਾਣੀ ਨੂੰ ਆਪਣੇ ਉੱਤੇ ਲਾਗੂ ਕਰਦੇ ਹੋਏ, ਯਿਸੂ ਨੇ ਕਿਹਾ: ‘ਪ੍ਰਭੁ ਦਾ ਆਤਮਾ ਮੇਰੇ ਉੱਤੇ ਹੈ ਭਈ ਖੁਸ਼ ਖਬਰੀ ਸੁਣਾਵਾਂ।’ (ਲੂਕਾ 4:17, 18) ਸਵਰਗ ਨੂੰ ਚੜ੍ਹਨ ਤੋਂ ਪਹਿਲਾਂ, ਉਸ ਨੇ ਆਪਣੇ ਰਸੂਲਾਂ ਨੂੰ ਕਿਹਾ ਸੀ ਕਿ ਇਸੇ ਤਰ੍ਹਾਂ ਉਹ ਵੀ “ਧਰਤੀ ਦੇ ਬੰਨੇ ਤੀਕੁਰ” ਗਵਾਹੀ ਦੇਣ ਲਈ ਪਵਿੱਤਰ ਆਤਮਾ ਦੁਆਰਾ ਸ਼ਕਤੀ ਪਾਉਣਗੇ। ਇਸ ਤੋਂ ਬਾਅਦ, ਪਵਿੱਤਰ ਆਤਮਾ ਨੇ ਫ਼ਿਲਿੱਪੁਸ ਨੂੰ ਹਬਸ਼ੀ ਖੋਜੇ ਨੂੰ ਪ੍ਰਚਾਰ ਕਰਨ ਲਈ ਨਿਰਦੇਸ਼ਿਤ ਕੀਤਾ, ਆਤਮਾ ਨੇ ਪਤਰਸ ਨੂੰ ਇਕ ਰੋਮੀ ਸੰਤੂਰੀਅਨ ਕੋਲ ਭੇਜਿਆ, ਅਤੇ ਆਤਮਾ ਨੇ ਪੌਲੁਸ ਅਤੇ ਬਰਨਬਾਸ ਨੂੰ ਗ਼ੈਰ-ਯਹੂਦੀ ਕੌਮਾਂ ਨੂੰ ਪ੍ਰਚਾਰ ਕਰਨ ਲਈ ਘੱਲਿਆ। ਕਿਸ ਨੇ ਸੋਚਿਆ ਸੀ ਕਿ ਅਜਿਹੇ ਪਿਛੋਕੜਾਂ ਵਾਲੇ ਲੋਕ ਸੱਚਾਈ ਨੂੰ ਕਬੂਲ ਕਰਨਗੇ? ਪਰ ਇਨ੍ਹਾਂ ਨੇ ਕਬੂਲ ਕੀਤਾ।—ਰਸੂ. 1:8; 8:29-38; 10:19, 20, 44-48; 13:2-4, 46-48.
3 ਆਧੁਨਿਕ ਦਿਨ ਵਿਚ ਸਬੂਤ: ਅੱਜ ਦੇ ਪ੍ਰਚਾਰ ਕੰਮ ਵਿਚ ਪਵਿੱਤਰ ਆਤਮਾ ਦਾ ਹੱਥ ਹੈ, ਇਸ ਗੱਲ ਉੱਤੇ ਪਰਕਾਸ਼ ਦੀ ਪੋਥੀ ਜ਼ੋਰ ਦਿੰਦੀ ਹੋਈ ਕਹਿੰਦੀ ਹੈ: “ਆਤਮਾ ਅਤੇ ਲਾੜੀ ਆਖਦੀ ਹੈ, ਆਓ! . . . ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।” (ਪਰ. 22:17) ਆਤਮਾ ਨੇ ਮਸੀਹ ਦੇ ਲਾੜੀ ਵਰਗ ਨੂੰ ਅਤੇ ਉਨ੍ਹਾਂ ਦੇ ‘ਹੋਰ ਭੇਡਾਂ’ ਸਾਥੀਆਂ ਨੂੰ ਪ੍ਰੇਰਿਤ ਕੀਤਾ ਹੈ ਕਿ ਉਹ ਸਾਰੇ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ। (ਯੂਹੰ. 10:16) ਸਾਨੂੰ ਆਪਣੇ ਪ੍ਰਚਾਰ ਕੰਮ ਵਿਚ ਦਲੇਰ ਹੋਣਾ ਚਾਹੀਦਾ ਹੈ, ਅਤੇ ਹਰ ਪ੍ਰਕਾਰ ਦੇ ਲੋਕਾਂ ਨੂੰ ਪ੍ਰਚਾਰ ਕਰਨ ਵਿਚ ਕਦੀ ਵੀ ਹਿਚਕਿਚਾਉਣਾ ਨਹੀਂ ਚਾਹੀਦਾ ਹੈ, ਇਹ ਭਰੋਸਾ ਰੱਖਦੇ ਹੋਏ ਕਿ ਪਰਮੇਸ਼ੁਰ ਦੀ ਆਤਮਾ ਸਾਡੀ ਮਦਦ ਕਰੇਗੀ। 1998 ਯੀਅਰ ਬੁੱਕ ਯਕੀਨੀ ਸਬੂਤ ਪੇਸ਼ ਕਰਦੀ ਹੈ ਕਿ ਪਰਮੇਸ਼ੁਰ ਦੀ ਆਤਮਾ ਉਸ ਦੇ ਸੇਵਕਾਂ ਨਾਲ ਅਜੇ ਵੀ ਮੌਜੂਦ ਹੈ। ਸਿੱਟੇ ਵੱਲ ਦੇਖੋ! ਪਿਛਲੇ ਦੋ ਸੇਵਾ ਸਾਲਾਂ ਦੌਰਾਨ, ਹਰ ਦਿਨ ਔਸਤਨ 1,000 ਤੋਂ ਵੱਧ ਲੋਕਾਂ ਨੇ ਬਪਤਿਸਮਾ ਲਿਆ ਹੈ।
4 ਭਰੋਸਾ ਰੱਖੋ ਕਿ ਜਿਉਂ-ਜਿਉਂ ਅਸੀਂ ਰਾਜ ਦੇ ਸੰਦੇਸ਼ ਨੂੰ ਉਸ ਹੱਦ ਤਕ ਪ੍ਰਚਾਰ ਕਰਦੇ ਹਾਂ ਜਿਸ ਹੱਦ ਤਕ ਪਰਮੇਸ਼ੁਰ ਦੀ ਇੱਛਾ ਹੈ, ਤਾਂ ਪਰਮੇਸ਼ੁਰ ਦੀ ਆਤਮਾ ਸਾਡੇ ਨਾਲ ਰਹੇਗੀ। ਇਸ ਗਿਆਨ ਤੋਂ ਸਾਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਹੋਣਾ ਚਾਹੀਦਾ ਹੈ ਕਿ ਅਸੀਂ ਅਤਿ-ਮਹੱਤਵਪੂਰਣ ਰਾਜ ਕਾਰਜ ਵਿਚ ਪੂਰਾ ਜਤਨ ਕਰਦੇ ਰਹੀਏ।—1 ਤਿਮੋ. 4:10.