ਪੁਨਰ-ਮੁਲਾਕਾਤਾਂ ਕਰਨ ਦੀ ਚੁਣੌਤੀ ਦਾ ਸਾਮ੍ਹਣਾ ਕਰਨਾ
1 ਖ਼ੁਸ਼ ਖ਼ਬਰੀ ਦੇ ਸੇਵਕਾਂ ਵਜੋਂ, ਸਾਨੂੰ ਚੇਲੇ ਬਣਾਉਣ ਦਾ ਹੁਕਮ ਦਿੱਤਾ ਗਿਆ ਹੈ। (ਮੱਤੀ 28:19, 20) ਇਸ ਵਿਚ ਪੁਨਰ-ਮੁਲਾਕਾਤਾਂ ਕਰਨ ਦੀ ਯੋਜਨਾ ਬਣਾਉਣੀ ਸ਼ਾਮਲ ਹੈ। ਪੁਨਰ-ਮੁਲਾਕਾਤਾਂ ਕਰਨ ਵਿਚ ਮਾਹਰ ਹੋਣਾ, ਇਕ ਪ੍ਰੇਰਣਾਦਾਇਕ ਚੁਣੌਤੀ ਸਿੱਧ ਹੋ ਸਕਦੀ ਹੈ। ਇਹ ਸ਼ਾਇਦ ਮੰਗ ਕਰੇ ਕਿ ਦੂਜਿਆਂ ਨਾਲ ਰਾਜ ਦੀ ਉਮੀਦ ਸਾਂਝੀ ਕਰਨ ਲਈ, ਸਾਨੂੰ ਕੁਝ ਹੱਦ ਤਕ ਆਪਣੇ ਨਿੱਜੀ ਆਰਾਮ ਨੂੰ ਇਕ ਪਾਸੇ ਰੱਖਣਾ ਪਵੇ। ਪੁਨਰ-ਮੁਲਾਕਾਤਾਂ ਕਰਨ ਨਾਲ, ਸਾਨੂੰ ਮੌਕਾ ਮਿਲਦਾ ਹੈ ਕਿ ਅਸੀਂ ਸੁਹਿਰਦ ਵਿਅਕਤੀਆਂ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰਨ ਵਿਚ ਮਦਦ ਕਰ ਸਕੀਏ।
2 ਰੁਚੀ ਦਿਖਾਉਣ ਵਾਲੇ ਸਾਰੇ ਲੋਕਾਂ ਨਾਲ ਪੁਨਰ-ਮੁਲਾਕਾਤ ਕਰੋ: ਉਨ੍ਹਾਂ ਸਾਰਿਆਂ ਨਾਲ ਪੁਨਰ-ਮੁਲਾਕਾਤਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜੋ ਰਾਜ ਦੇ ਸੰਦੇਸ਼ ਵਿਚ ਰੁਚੀ ਦਿਖਾਉਂਦੇ ਹਨ, ਭਾਵੇਂ ਕਿ ਉਨ੍ਹਾਂ ਵਿੱਚੋਂ ਕੁਝ ਲੋਕ ਸ਼ਾਇਦ ਸਾਡੇ ਪ੍ਰਕਾਸ਼ਨ ਸਵੀਕਾਰ ਨਾ ਕਰਨ। ਪਰ ਤੁਸੀਂ ਉਨ੍ਹਾਂ ਦੀ ਇਸ ਸੰਦੇਸ਼ ਵਿਚ ਰੁਚੀ ਕਿਵੇਂ ਜਗਾਓਗੇ? ਪਰਮੇਸ਼ੁਰ ਦੇ ਬਚਨ, ਬਾਈਬਲ ਨੂੰ ਇਸਤੇਮਾਲ ਕਰਨ ਦੁਆਰਾ। ਯਿਸੂ ਅਤੇ ਰਸੂਲਾਂ ਨੇ ਦਿਖਾਇਆ ਸੀ ਕਿ ਕਿਵੇਂ ਲੋਕਾਂ ਨਾਲ ਸਪੱਸ਼ਟ ਸ਼ਾਸਤਰ-ਸੰਬੰਧੀ ਚਰਚਾ ਕਰਨ ਦੁਆਰਾ ਰਾਜ ਦੇ ਸੰਦੇਸ਼ ਵਿਚ ਉਨ੍ਹਾਂ ਦੀ ਰੁਚੀ ਜਗਾਈ ਜਾ ਸਕਦੀ ਹੈ।—ਮਰ. 10:17-21; ਰਸੂ. 2:37-41.
3 ਪੁਨਰ-ਮੁਲਾਕਾਤ ਕਰਨ ਦਾ ਸਾਡਾ ਉਦੇਸ਼ ਬਾਈਬਲ ਅਧਿਐਨ ਸ਼ੁਰੂ ਕਰਨ ਦਾ ਹੋਣਾ ਚਾਹੀਦਾ ਹੈ। ਅਸੀਂ ਘਰ-ਸੁਆਮੀ ਨੂੰ ਦਿਖਾ ਸਕਦੇ ਹਾਂ ਕਿ ਗ੍ਰਹਿ ਬਾਈਬਲ ਅਧਿਐਨ ਕਿਵੇਂ ਕੀਤਾ ਜਾਂਦਾ ਹੈ। ਜਦੋਂ ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹੋ ਕਿ ਉਹ ਅਜਿਹੇ ਸੁਹਿਰਦ ਵਿਅਕਤੀ ਨੂੰ ਲੱਭਣ ਵਿਚ ਤੁਹਾਡੀ ਮਦਦ ਕਰੇ ਜਿਸ ਨੂੰ ਤੁਸੀਂ ਸਿਖਾ ਸਕੋ, ਤਾਂ ਤੁਸੀਂ ਯਕੀਨੀ ਹੋ ਸਕਦੇ ਹੋ ਕਿ ਯਹੋਵਾਹ ਤੁਹਾਡੀ ਸੁਣੇਗਾ। ਸੋ ਕਿਉਂ ਨਾ ਪੁਨਰ-ਮੁਲਾਕਾਤਾਂ ਕਰਨ ਤੋਂ ਪਹਿਲਾਂ, ਯਹੋਵਾਹ ਦੀ ਮਦਦ ਭਾਲੋ ਕਿ ਉਹ ਤੁਹਾਡੀਆਂ ਪੁਨਰ-ਮੁਲਾਕਾਤਾਂ ਨੂੰ ਬਾਈਬਲ ਅਧਿਐਨ ਵਿਚ ਬਦਲ ਦੇਵੇ? ਅਸੀਂ ਮੰਨਦੇ ਹਾਂ ਕਿ ਜਿਨ੍ਹਾਂ ਨਾਲ ਅਸੀਂ ਪੁਨਰ-ਮੁਲਾਕਾਤ ਕਰਦੇ ਹਾਂ, ਉਨ੍ਹਾਂ ਵਿੱਚੋਂ ਸਾਰੇ ਵਿਅਕਤੀ ਬਾਈਬਲ ਅਧਿਐਨ ਸਵੀਕਾਰ ਨਹੀਂ ਕਰਨਗੇ। ਪਰ ਪ੍ਰਾਰਥਨਾ ਦੁਆਰਾ, ਅਸੀਂ ਯਹੋਵਾਹ ਨੂੰ ਬੇਨਤੀ ਕਰ ਸਕਦੇ ਹਾਂ ਕਿ ਉਹ ਇਨ੍ਹਾਂ ਰੁਚੀ ਰੱਖਣ ਵਾਲਿਆਂ ਦੇ ਦਿਲਾਂ ਨੂੰ ਪ੍ਰੇਰਿਤ ਕਰੇ।
4 ਟ੍ਰੈਕਟਾਂ ਦੀ ਚੰਗੀ ਵਰਤੋਂ ਕਰੋ: ਪੁਨਰ-ਮੁਲਾਕਾਤਾਂ ਤੇ ਬਾਈਬਲ ਅਧਿਐਨ ਸ਼ੁਰੂ ਕਰਨ ਵਿਚ ਟ੍ਰੈਕਟਾਂ ਨੂੰ ਅਸਰਦਾਰ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ, ਖ਼ਾਸ ਕਰਕੇ ਜਦੋਂ ਘਰ-ਸੁਆਮੀ ਨੇ ਪਹਿਲਾਂ ਕੋਈ ਪ੍ਰਕਾਸ਼ਨ ਸਵੀਕਾਰ ਨਹੀਂ ਕੀਤਾ ਹੈ। ਕਈ ਪ੍ਰਕਾਸ਼ਕ ਟ੍ਰੈਕਟ ਦੇ ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਦੀ ਚਰਚਾ ਕਰਨ ਦੁਆਰਾ ਗੱਲ-ਬਾਤ ਸ਼ੁਰੂ ਕਰ ਸਕੇ ਹਨ। ਘਰ-ਸੁਆਮੀ ਨਾਲ ਪੈਰਿਆਂ ਨੂੰ ਇਕ-ਇਕ ਕਰ ਕੇ ਪੜ੍ਹੋ। ਜਦੋਂ ਕੋਈ ਸਵਾਲ ਪੁੱਛਿਆ ਜਾਂਦਾ ਹੈ, ਤਾਂ ਰੁਕੋ ਅਤੇ ਘਰ-ਸੁਆਮੀ ਦੀ ਰਾਇ ਪੁੱਛੋ। ਸ਼ਾਸਤਰਵਚਨਾਂ ਨੂੰ ਪੜ੍ਹੋ ਅਤੇ ਦਿਖਾਓ ਕਿ ਇਹ ਕਿਵੇਂ ਲਾਗੂ ਹੁੰਦੇ ਹਨ। ਫਿਰ ਗੱਲ-ਬਾਤ ਨੂੰ ਉਸ ਪ੍ਰਕਾਸ਼ਨ ਵੱਲ ਮੋੜਿਆ ਜਾ ਸਕਦਾ ਹੈ, ਜਿਸ ਵਿੱਚੋਂ ਅਧਿਐਨ ਕੀਤਾ ਜਾ ਸਕਦਾ ਹੈ।
5 ਚੁਣੌਤੀ ਦਾ ਸਫ਼ਲਤਾਪੂਰਵਕ ਸਾਮ੍ਹਣਾ ਕਰਨਾ: ਸਰਕਟ ਨਿਗਾਹਬਾਨ ਦੱਸਦੇ ਹਨ ਕਿ ਕੁਝ ਪ੍ਰਕਾਸ਼ਕ ਘਰ-ਸੁਆਮੀ ਨੂੰ ਕਹਿੰਦੇ ਹਨ, “ਜੇ ਤੁਹਾਡਾ ਹੋਰ ਕੋਈ ਸਵਾਲ ਹੋਵੇ, ਤਾਂ ਇਸ ਪ੍ਰਕਾਸ਼ਨ ਦੇ ਪਿੱਛੇ ਦਿੱਤੇ ਗਏ ਪਤੇ ਤੇ ਲਿਖੋ।” ਪਰੰਤੂ, ਉੱਪਰ ਦਿੱਤੇ ਗਏ ਸੁਝਾਵਾਂ ਨੂੰ ਚੇਤੇ ਰੱਖਦੇ ਹੋਏ ਅਤੇ ਮਾਰਚ 1997 ਦੀ ਸਾਡੀ ਰਾਜ ਸੇਵਕਾਈ ਵਿਚ “ਪੁਨਰ-ਮੁਲਾਕਾਤ ਕਰਨ ਲਈ ਦਲੇਰ ਹੋਵੋ” ਨਾਮਕ ਅੰਤਰ-ਪੱਤਰ ਉੱਤੇ ਧਿਆਨ ਨਾਲ ਦੁਬਾਰਾ ਵਿਚਾਰ ਕਰਨ ਦੁਆਰਾ, ਅਸੀਂ ਪੁਨਰ-ਮੁਲਾਕਾਤਾਂ ਕਰਨ ਦੀ ਚੁਣੌਤੀ ਨਾਲ ਅਸਰਦਾਰ ਤਰੀਕੇ ਨਾਲ ਨਿਭ ਸਕਦੇ ਹਾਂ।