ਮਸੀਹ ਦੀ ਮੌਤ ਦੀ ਸੰਸਾਰ ਭਰ ਵਿਚ ਯਾਦਗਾਰੀ
1 ਯਹੋਵਾਹ ਨੇ ਸਾਨੂੰ ਬਹੁਤ ਸਾਰੇ ਦਾਨ ਬਖ਼ਸ਼ੇ ਹਨ। ਉਸ ਦੀ ਸਾਰੀ ਭਲਿਆਈ ਅਤੇ ਪ੍ਰੇਮਪੂਰਣ-ਦਿਆਲਗੀ ਦਾ ਸਪੱਸ਼ਟ ਰੂਪ ਵਿਚ ਇਸ ਤਰ੍ਹਾਂ ਵਰਣਨ ਕੀਤਾ ਗਿਆ ਹੈ, ‘ਉਹ ਦਾ ਦਾਨ ਜਿਹੜਾ ਕਹਿਣ ਤੋਂ ਬਾਹਰ ਹੈ।’ ਜੀ ਹਾਂ, “ਪਰਮੇਸ਼ੁਰ ਦੀ ਅੱਤ ਕਿਰਪਾ [“ਅਯੋਗ ਦਿਆਲਗੀ,” ਨਿ ਵ]” ਇੰਨੀ ਅਦਭੁਤ ਹੈ ਕਿ ਅਸੀਂ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ।—2 ਕੁਰਿੰ. 9:14, 15.
2 ਉਸ ਦਾ ਸਭ ਤੋਂ ਵੱਡਾ ਦਾਨ: ਯਿਸੂ ਮਸੀਹ, ਮਨੁੱਖਜਾਤੀ ਦਾ ਰਿਹਾਈ-ਦਾਤਾ ਹੋਣ ਦੇ ਨਾਤੇ, ਸਭ ਤੋਂ ਵੱਡਾ ਦਾਨ ਹੈ। ਜਗਤ, ਅਰਥਾਤ ਮਨੁੱਖਜਾਤੀ ਲਈ ਆਪਣਾ ਮਹਾਨ ਪਿਆਰ ਪ੍ਰਗਟ ਕਰਦੇ ਹੋਏ, ਯਹੋਵਾਹ ਨੇ ਆਪਣਾ ਪਿਆਰਾ ਅਤੇ ਇਕਲੌਤਾ ਪੁੱਤਰ ਦੇ ਦਿੱਤਾ। (ਯੂਹੰ. 3:16) ਪਰਮੇਸ਼ੁਰ ਵੱਲੋਂ ਅਜਿਹੀ ਅਯੋਗ ਬਰਕਤ ਦੀ ਸੰਸਾਰ ਭਰ ਵਿਚ ਯਾਦਗਾਰੀ ਮਨਾਈ ਜਾਣੀ ਚਾਹੀਦੀ ਹੈ। ਕਦੋਂ ਅਤੇ ਕਿਸ ਤਰ੍ਹਾਂ? ਸੰਸਾਰ ਭਰ ਵਿਚ ਮਸੀਹੀ ਲੋਕ ਵੀਰਵਾਰ, 1 ਅਪ੍ਰੈਲ, 1999 ਦੀ ਸ਼ਾਮ ਨੂੰ ਸਭ ਤੋਂ ਵੱਡੇ ਬਲੀਦਾਨ ਦੀ ਯਾਦ ਵਿਚ, ਪ੍ਰਭੂ ਦੇ ਸੰਧਿਆ ਭੋਜਨ ਦੀ ਯਾਦਗਾਰੀ ਮਨਾਉਣਗੇ।—1 ਕੁਰਿੰ. 11:20, 23-26.
3 ਮਸੀਹ ਸਾਡੇ ਲਈ ਉਦੋਂ ਮਰਿਆ, ਜਦੋਂ “ਅਸੀਂ ਅਜੇ ਪਾਪੀ ਹੀ ਸਾਂ,” ਅਤੇ ਅਸੀਂ ਉਸ ਦੀ ਮੌਤ ਦਾ ਸਮਾਰਕ ਮਨਾਉਣ ਦੁਆਰਾ ਅਤੇ ਦੂਜਿਆਂ ਨੂੰ ਇਸ ਸਭ ਤੋਂ ਮਹੱਤਵਪੂਰਣ ਮੌਕੇ ਤੇ ਆਪਣੇ ਨਾਲ ਹਾਜ਼ਰ ਹੋਣ ਲਈ ਸੱਦਾ ਦੇਣ ਦੁਆਰਾ ਨਿੱਜੀ ਤੌਰ ਤੇ ਉਸ ਦਾ ਧੰਨਵਾਦ ਕਰ ਸਕਦੇ ਹਾਂ।—ਰੋਮੀ. 5:8.
4 ਸਭ ਤੋਂ ਮਹੱਤਵਪੂਰਣ ਘਟਨਾ: ਮਸੀਹ ਦੀ ਮੌਤ ਦਾ ਸਮਾਰਕ ਸਮਾਰੋਹ ਮੁੱਖ ਰੂਪ ਵਿਚ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਉਸ ਨੇ ਪਰਮੇਸ਼ੁਰ ਦੀ ਸਰਬਸੱਤਾ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕੀਤਾ। ਇਹ ਸਾਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਅਸੀਂ ਯਿਸੂ ਦੇ ਬਲੀਦਾਨ ਵਿਚ ਨਿਹਚਾ ਰੱਖਣ ਦੁਆਰਾ ਯਹੋਵਾਹ ਦੇ ਅੱਗੇ ਇਕ ਸ਼ੁੱਧ ਸਥਿਤੀ ਦਾ ਆਨੰਦ ਮਾਣ ਸਕਦੇ ਹਾਂ, ਅਤੇ ਇਸ ਤਰ੍ਹਾਂ ਆਪਣੀ ਮੁਕਤੀ ਨੂੰ ਯਕੀਨੀ ਬਣਾ ਸਕਦੇ ਹਾਂ। (ਰਸੂ. 4:12) ਸੱਚ-ਮੁੱਚ, ਇਹ ਸਮਾਰਕ ਸਮਾਰੋਹ ਇਸ ਸਾਲ ਦੀ ਸਭ ਤੋਂ ਮਹੱਤਵਪੂਰਣ ਘਟਨਾ ਹੈ!
5 ਗੁਆਂਢੀਆਂ ਲਈ ਸਾਡਾ ਪ੍ਰੇਮ, ਉਨ੍ਹਾਂ ਨੂੰ ਸਾਡੇ ਨਾਲ ਪ੍ਰਭੂ ਦਾ ਸੰਧਿਆ ਭੋਜਨ ਮਨਾਉਣ ਲਈ ਸੱਦਾ ਦੇਣ ਦੁਆਰਾ ਪ੍ਰਗਟ ਹੁੰਦਾ ਹੈ। ਉਨ੍ਹਾਂ ਲੱਖਾਂ ਹੀ ਲੋਕਾਂ ਲਈ ਅਜੇ ਵੀ ਰਿਹਾਈ-ਕੀਮਤ ਦੇ ਫ਼ਾਇਦੇ ਉਪਲਬਧ ਹਨ, ਜੋ ਇਸ ਦੀ ਉੱਤਮਤਾਈ ਦੇ ਬਾਰੇ ਸਿੱਖਦੇ ਹਨ। (ਫ਼ਿਲਿ. 3:8) ਮਸੀਹ ਦੇ ਬਲੀਦਾਨ ਵਿਚ ਨਿਹਚਾ ਰੱਖਣ ਵਾਲੇ ਲੋਕ ਸਦੀਪਕ ਜੀਵਨ ਦੀ ਪੱਕੀ ਉਮੀਦ ਪ੍ਰਾਪਤ ਕਰ ਸਕਦੇ ਹਨ।—ਯੂਹੰ. 17:3.
6 ਸਮਾਰਕ ਰੁੱਤ ਸਾਨੂੰ ਪਰਮੇਸ਼ੁਰ ਦੀ ਸ੍ਰੇਸ਼ਟ ਅਯੋਗ ਦਿਆਲਗੀ ਪ੍ਰਤੀ ਕਦਰਦਾਨੀ ਦਿਖਾਉਣ ਲਈ ਖ਼ਾਸ ਮੌਕੇ ਪ੍ਰਦਾਨ ਕਰਦੀ ਹੈ। ਇਹ ਇਕ ਵਧੀਆ ਸਮਾਂ ਹੈ ਜਿਸ ਦੌਰਾਨ ਅਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਪੂਰੇ ਜੋਸ਼ ਨਾਲ ਹਿੱਸਾ ਲੈ ਸਕਦੇ ਹਾਂ। ਜਿਹੜੇ ਪ੍ਰਾਰਥਨਾਪੂਰਣ ਢੰਗ ਨਾਲ ਯਹੋਵਾਹ ਦੇ ਉੱਤਮ ਦਾਨ ਉੱਤੇ ਵਿਚਾਰ ਕਰਦੇ ਹਨ ਅਤੇ ਇਸ ਸਾਲ ਪ੍ਰਭੂ ਦੇ ਸੰਧਿਆ ਭੋਜਨ ਦੇ ਸਮਾਰੋਹ ਵਿਚ ਹਾਜ਼ਰ ਹੋਣ ਦਾ ਪ੍ਰਬੰਧ ਕਰਦੇ ਹਨ, ਉਨ੍ਹਾਂ ਸਾਰਿਆਂ ਨੂੰ ਬਹੁਤ ਸਾਰੇ ਫ਼ਾਇਦੇ ਮਿਲਣਗੇ!