ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ
1 ਯਿਸੂ ਨੇ ਆਪਣੇ ਚੇਲਿਆਂ ਦੇ ਮਨ ਵਿਚ ਇਹ ਗੱਲ ਬਿਠਾਈ ਕਿ ਉਨ੍ਹਾਂ ਨੂੰ ਆਪਣੀ ਸੇਵਕਾਈ ਵਿਚ ਯਹੋਵਾਹ ਦੀ ਅਸੀਸ ਦੀ ਲੋੜ ਹੈ। (ਮੱਤੀ 9:37, 38) ਵਡਿਆਈ ਅਤੇ ਧੰਨਵਾਦ ਦੀਆਂ ਦਿਲੀ ਪ੍ਰਾਰਥਨਾਵਾਂ ਦੇ ਨਾਲ-ਨਾਲ ਸਾਡੀਆਂ ਅਰਦਾਸਾਂ ਅਤੇ ਬੇਨਤੀਆਂ ਦਿਖਾਉਂਦੀਆਂ ਹਨ ਕਿ ਅਸੀਂ ਯਹੋਵਾਹ ਦੀ ਮਦਦ ਲਈ ਉਸ ਉੱਤੇ ਪੂਰਾ ਭਰੋਸਾ ਕਰਦੇ ਹਾਂ। (ਫ਼ਿਲਿ. 4:6, 7) ਸ਼ਾਸਤਰਵਚਨ ਸਾਨੂੰ “ਸਾਰੀ ਪ੍ਰਾਰਥਨਾ ਅਤੇ ਬੇਨਤੀ” ਵਿਚ ਲੱਗੇ ਰਹਿਣ ਲਈ ਪ੍ਰੇਰਿਤ ਕਰਦੇ ਹਨ ਅਤੇ ਇਹ ਗੱਲ ਸੇਵਕਾਈ ਲਈ ਕੀਤੀਆਂ ਜਾਣ ਵਾਲੀਆਂ ਪ੍ਰਾਰਥਨਾਵਾਂ ਉੱਤੇ ਵੀ ਲਾਗੂ ਹੁੰਦੀ ਹੈ।—ਅਫ਼. 6:18.
2 ਅਸੀਂ ਪ੍ਰਾਰਥਨਾ ਵਿਚ ਯਹੋਵਾਹ ਦੇ ਬੇਮਿਸਾਲ ਗੁਣਾਂ ਅਤੇ ਕੰਮਾਂ ਦੀ ਵਡਿਆਈ ਕਰਦੇ ਹਾਂ। ਅਸੀਂ ਉਸ ਦੀ ਇਸ ਕਰਕੇ ਵੀ ਵਡਿਆਈ ਕਰਦੇ ਹਾਂ ਕਿਉਂਕਿ ਉਸ ਨੇ ਸਾਨੂੰ ਖ਼ੁਸ਼ ਖ਼ਬਰੀ ਦਿੱਤੀ ਹੈ ਜਿਸ ਦਾ ਅਸੀਂ ਪ੍ਰਚਾਰ ਕਰਦੇ ਹਾਂ। ਉਹ ਸਾਡੇ ਕੋਲੋਂ ਵਡਿਆਈ ਲੈਣ ਦੇ ਯੋਗ ਹੈ ਕਿਉਂਕਿ ਸਿਰਫ਼ ਉਹ ਹੀ ਸਾਡੀ ਸੇਵਕਾਈ ਨੂੰ ਸਫ਼ਲ ਬਣਾਉਂਦਾ ਹੈ।—ਜ਼ਬੂ. 127:1.
3 ਅਸੀਂ ਧੰਨਵਾਦ ਦੀਆਂ ਜਿਹੜੀਆਂ ਪ੍ਰਾਰਥਨਾਵਾਂ ਕਰਦੇ ਹਾਂ ਉਹ ਇਸ ਗੱਲ ਲਈ ਕਦਰ ਦਿਖਾਉਂਦੀਆਂ ਹਨ ਕਿ ਯਹੋਵਾਹ ਨੇ ਸਾਨੂੰ ਆਪਣੀ ਇੱਛਾ ਅਤੇ ਮਕਸਦ ਬਾਰੇ ਸਮਝ ਪ੍ਰਦਾਨ ਕੀਤੀ ਹੈ। ਕੀ ਦੂਜਿਆਂ ਨਾਲ ਰਾਜ ਦੀਆਂ ਸੱਚਾਈਆਂ ਸਾਂਝੀਆਂ ਕਰਨੀਆਂ ਇਕ ਵਿਸ਼ੇਸ਼-ਸਨਮਾਨ ਨਹੀਂ ਹੈ? ਅਸੀਂ ਸੇਵਕਾਈ ਵਿਚ ਜੋ ਕੁਝ ਵੀ ਕਰਦੇ ਹਾਂ, ਉਸ ਲਈ ਅਸੀਂ ਯਹੋਵਾਹ ਦਾ ਧੰਨਵਾਦ ਕਰਦੇ ਹਾਂ।—ਜ਼ਬੂ. 107:8; ਅਫ਼. 5:20.
4 ਉਚਿਤ ਤੌਰ ਤੇ, ਅਸੀਂ ਉਨ੍ਹਾਂ ਲੋਕਾਂ ਨੂੰ ਲੱਭਣ ਲਈ ਯਹੋਵਾਹ ਤੋਂ ਮਦਦ ਮੰਗਦੇ ਹਾਂ ਜੋ ਬਾਈਬਲ ਅਧਿਐਨ ਕਰਨ ਦੀ ਸਾਡੀ ਪੇਸ਼ਕਸ਼ ਨੂੰ ਸਵੀਕਾਰ ਕਰਨਗੇ। ਅਸੀਂ ਇਸ ਲਈ ਵੀ ਮਦਦ ਮੰਗਦੇ ਹਾਂ ਕਿ ਅਸੀਂ ਸੱਚਾਈ ਨੂੰ ਉਨ੍ਹਾਂ ਦੇ ਦਿਲਾਂ ਵਿਚ ਬਿਠਾ ਸਕੀਏ। ਅਜਿਹੀਆਂ ਬੇਨਤੀਆਂ ਕਰਨ ਦੁਆਰਾ ਅਸੀਂ ਕਬੂਲ ਕਰਦੇ ਹਾਂ ਕਿ ਸੇਵਕਾਈ ਵਿਚ ਸਾਡੇ ਕੰਮਾਂ ਨੂੰ ਸਿਰਫ਼ ਪਰਮੇਸ਼ੁਰ ਹੀ ਫਲਦਾਇਕ ਬਣਾ ਸਕਦਾ ਹੈ।—1 ਕੁਰਿੰ. 3:5-7.
5 ਇਕ ਭੈਣ ਬਾਕਾਇਦਾ ਇਕ ਤੀਵੀਂ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਦਿੰਦੀ ਸੀ, ਪਰ ਉਸ ਭੈਣ ਨੇ ਮਹਿਸੂਸ ਕੀਤਾ ਕਿ ਉਹ ਤੀਵੀਂ ਰਸਾਲੇ ਨਹੀਂ ਪੜ੍ਹਦੀ ਸੀ। ਇਹ ਭੈਣ ਨਹੀਂ ਚਾਹੁੰਦੀ ਸੀ ਕਿ ਇਹ ਕੀਮਤੀ ਰਸਾਲੇ ਵਿਅਰਥ ਜਾਣ, ਇਸ ਲਈ ਉਸ ਨੇ ਯਹੋਵਾਹ ਨੂੰ ਬੇਨਤੀ ਕੀਤੀ ਕਿ ਜੇਕਰ ਇਹ ਤੀਵੀਂ ਰਸਾਲੇ ਨਹੀਂ ਪੜ੍ਹਦੀ, ਤਾਂ ਉਹ ਇਨ੍ਹਾਂ ਨੂੰ ਲੈਣ ਤੋਂ ਇਨਕਾਰ ਕਰ ਦੇਵੇ। ਜਦੋਂ ਭੈਣ ਅਗਲੀ ਵਾਰ ਉਸ ਨੂੰ ਮਿਲਣ ਗਈ, ਤਾਂ ਉਸ ਤੀਵੀਂ ਦੇ ਪਤੀ ਨੇ ਕਿਹਾ: “ਇਨ੍ਹਾਂ ਰਸਾਲਿਆਂ ਨੂੰ ਨਿਯਮਿਤ ਤੌਰ ਤੇ ਦੇਣ ਲਈ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ। ਮੈਂ ਇਨ੍ਹਾਂ ਨੂੰ ਪੜ੍ਹ ਰਿਹਾ ਹਾਂ ਅਤੇ ਮੈਨੂੰ ਇਹ ਰਸਾਲੇ ਸੱਚ-ਮੁੱਚ ਬਹੁਤ ਚੰਗੇ ਲੱਗਦੇ ਹਨ।”
6 ਅਸੀਂ ਨਿਮਰਤਾ ਨਾਲ ਅਤੇ ਦਿਲੋਂ ਯਹੋਵਾਹ ਨੂੰ ਬੇਨਤੀ ਕਰ ਸਕਦੇ ਹਾਂ ਕਿ ਉਹ ਲੋਕਾਂ ਦੀ ਅਰੁਚੀ ਅਤੇ ਉਨ੍ਹਾਂ ਦੇ ਮਖੌਲ ਦਾ ਸਾਮ੍ਹਣਾ ਕਰਨ ਵਿਚ ਅਤੇ ਦੂਜਿਆਂ ਨੂੰ ਦਲੇਰੀ ਨਾਲ ਗਵਾਹੀ ਦਿੰਦੇ ਰਹਿਣ ਲਈ ਮਨੁੱਖਾਂ ਦੇ ਡਰ ਉੱਤੇ ਕਾਬੂ ਪਾਉਣ ਵਿਚ ਸਾਡੀ ਮਦਦ ਕਰੇ। (ਰਸੂ. 4:31) ਜੇਕਰ ਅਸੀਂ ਆਗਿਆਕਾਰਤਾ ਨਾਲ ਆਪਣੀ ਪਵਿੱਤਰ ਸੇਵਾ ਕਰਦੇ ਹੋਏ ਲਗਾਤਾਰ “ਸਾਰੀ ਪ੍ਰਾਰਥਨਾ ਅਤੇ ਬੇਨਤੀ” ਵਿਚ ਲੱਗੇ ਰਹਿੰਦੇ ਹਾਂ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਯਹੋਵਾਹ ਜ਼ਰੂਰ ਸਾਡੀ ਮਦਦ ਕਰੇਗਾ।—1 ਯੂਹੰ. 3:22.