ਪਿਆਰ ਸਾਨੂੰ ਪ੍ਰਚਾਰ ਕਰਨ ਲਈ ਪ੍ਰੇਰਦਾ ਹੈ
1 ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਸਾਡੀ ਸਭ ਤੋਂ ਵੱਡੀ ਪਛਾਣ ਹੈ ਰਾਜ ਦੇ ਸੰਦੇਸ਼ ਦਾ ਜੋਸ਼ ਨਾਲ ਪ੍ਰਚਾਰ ਕਰਨਾ। (ਮੱਤੀ 24:14) ਪੂਰੀ ਦੁਨੀਆਂ ਵਿਚ 60 ਲੱਖ ਤੋਂ ਜ਼ਿਆਦਾ ਗਵਾਹ ਪ੍ਰਚਾਰ ਕਰਦੇ ਹਨ ਅਤੇ ਇਸ ਗਿਣਤੀ ਵਿਚ ਹੋਰ ਨਵੇਂ ਲੋਕ ਵੀ ਸ਼ਾਮਲ ਹੁੰਦੇ ਹਨ ਜਦੋਂ ਉਹ ਸਾਡੇ ਨਾਲ ਮਿਲ ਕੇ ਪ੍ਰਚਾਰ ਕਰਨਾ ਸ਼ੁਰੂ ਕਰਦੇ ਹਨ। ਇਹ ਗਿਣਤੀ ਉਨ੍ਹਾਂ ਦੀ ਹੈ ਜੋ ਪ੍ਰਚਾਰ ਕੰਮ ਵਿਚ ਹਿੱਸਾ ਲੈਂਦੇ ਹਨ।
2 ਕਿਹੜੀ ਚੀਜ਼ ਇੰਨਾ ਮੁਸ਼ਕਲ ਕੰਮ ਕਰਨ ਵਾਸਤੇ ਖ਼ੁਦ ਨੂੰ ਪੇਸ਼ ਕਰਨ ਲਈ ਸਾਨੂੰ ਪ੍ਰੇਰਦੀ ਹੈ? ਸਾਡੇ ਨਾਲ ਜ਼ੋਰ-ਜ਼ਬਰਦਸਤੀ ਨਹੀਂ ਕੀਤੀ ਜਾਂਦੀ, ਨਾ ਸਾਨੂੰ ਰੁਪਏ-ਪੈਸੇ ਦਾ ਲਾਲਚ ਦਿੱਤਾ ਜਾਂਦਾ ਹੈ ਅਤੇ ਨਾ ਹੀ ਸਾਨੂੰ ਕੋਈ ਉੱਚਾ ਰੁਤਬਾ ਮਿਲਦਾ ਹੈ। ਸਾਡੇ ਵਿੱਚੋਂ ਕਈ ਤਾਂ ਸ਼ੁਰੂ-ਸ਼ੁਰੂ ਵਿਚ ਬੜਾ ਡਰਦੇ ਸਨ ਕਿਉਂਕਿ ਅਸੀਂ ਖ਼ੁਦ ਨੂੰ ਇਸ ਕੰਮ ਲਈ ਯੋਗ ਨਹੀਂ ਸਮਝਦੇ ਸੀ। ਅਤੇ ਅਕਸਰ ਲੋਕ ਸਾਡੇ ਸੰਦੇਸ਼ ਨੂੰ ਸੁਣਨ ਲਈ ਤਿਆਰ ਨਹੀਂ ਹੁੰਦੇ ਸਨ। (ਮੱਤੀ 24:9) ਜ਼ਿਆਦਾਤਰ ਲੋਕ ਹੈਰਾਨ ਹੁੰਦੇ ਹਨ ਕਿ ਕਿਹੜੀ ਗੱਲ ਸਾਨੂੰ ਪ੍ਰਚਾਰ ਕਰਦੇ ਰਹਿਣ ਦੀ ਪ੍ਰੇਰਣਾ ਦਿੰਦੀ ਹੈ।
3 ਪਿਆਰ ਦੀ ਤਾਕਤ: ਯਿਸੂ ਨੇ ਸਭ ਤੋਂ ਵੱਡੇ ਹੁਕਮ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਾਨੂੰ ‘ਯਹੋਵਾਹ ਨੂੰ ਆਪਣੇ ਸਾਰੇ ਦਿਲ, ਜਾਨ, ਬੁੱਧ ਅਤੇ ਸ਼ਕਤੀ ਨਾਲ ਪਿਆਰ ਕਰਨਾ’ ਚਾਹੀਦਾ ਹੈ। (ਮਰ. 12:30) ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹ ਕੌਣ ਹੈ ਤੇ ਕੀ ਹੈ। ਉਹ ਸਰਬਸ਼ਕਤੀਮਾਨ ਪਾਤਸ਼ਾਹ ਤੇ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ ਅਤੇ “ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ” ਹੈ। (ਪਰ. 4:11) ਉਸ ਦੇ ਮਹਾਨ ਗੁਣ ਬੇਮਿਸਾਲ ਹਨ।—ਕੂਚ 34:6, 7.
4 ਕਿਉਂ ਜੋ ਅਸੀਂ ਯਹੋਵਾਹ ਨੂੰ ਜਾਣਿਆ ਹੈ ਤੇ ਉਸ ਨੂੰ ਪਿਆਰ ਕਰਦੇ ਹਾਂ, ਇਸ ਲਈ ਅਸੀਂ ਆਪਣਾ ਚਾਨਣ ਮਨੁੱਖਾਂ ਅੱਗੇ ਚਮਕਾਉਣ ਲਈ ਪ੍ਰੇਰਿਤ ਹੁੰਦੇ ਹਾਂ। (ਮੱਤੀ 5:16) ਜਦੋਂ ਅਸੀਂ ਸਾਰਿਆਂ ਸਾਮ੍ਹਣੇ ਉਸ ਦੇ ਗੁਣ ਗਾਉਂਦੇ ਹਾਂ, ਉਸ ਦੇ ਅਸਚਰਜ ਕੰਮਾਂ ਬਾਰੇ ਦੱਸਦੇ ਹਾਂ ਅਤੇ ਉਸ ਦੇ ਰਾਜ ਦਾ ਸੰਦੇਸ਼ ਫੈਲਾਉਂਦੇ ਹਾਂ, ਤਾਂ ਅਸੀਂ ਆਪਣਾ ਚਾਨਣ ਚਮਕਾਉਂਦੇ ਹਾਂ। ਆਕਾਸ਼ ਵਿਚ ਉੱਡਦੇ ਦੂਤ ਵਾਂਗ, ਅਸੀਂ “ਸਦੀਪਕਾਲ ਦੀ ਇੰਜੀਲ” ਰਾਹੀਂ ‘ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉੱਮਤ ਨੂੰ ਖੁਸ਼ ਖਬਰੀ ਸੁਣਾਉਂਦੇ ਹਾਂ।’ (ਪਰ. 14:6) ਪਿਆਰ ਹੀ ਸੰਸਾਰ ਭਰ ਵਿਚ ਕੀਤੇ ਜਾਂਦੇ ਸਾਡੇ ਪ੍ਰਚਾਰ ਕੰਮ ਦੀ ਪ੍ਰੇਰਣਾ-ਸ਼ਕਤੀ ਹੈ।
5 ਸੰਸਾਰ ਸਾਡੇ ਪ੍ਰਚਾਰ ਕੰਮ ਨੂੰ “ਮੂਰਖਤਾਈ” ਸਮਝ ਕੇ ਅਣਗੌਲਿਆਂ ਕਰਦਾ ਹੈ। (1 ਕੁਰਿੰ. 1:18) ਹਰ ਜਗ੍ਹਾ ਸਾਡੇ ਕੰਮ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਇਹ ਸਾਡਾ ਸੱਚਾ ਪਿਆਰ ਹੀ ਹੈ ਜਿਸ ਨੇ ਸਾਨੂੰ ਇਹ ਕਹਿਣ ਦੀ ਹਿੰਮਤ ਦਿੱਤੀ ਜਿਵੇਂ ਰਸੂਲਾਂ ਨੇ ਕਿਹਾ ਸੀ: “ਇਹ ਸਾਥੋਂ ਹੋ ਨਹੀਂ ਸੱਕਦਾ ਕਿ ਜਿਹੜੀਆਂ ਗੱਲਾਂ ਅਸਾਂ ਵੇਖੀਆਂ ਅਤੇ ਸੁਣੀਆਂ ਓਹ ਨਾ ਆਖੀਏ। . . . ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।” (ਰਸੂ. 4:20; 5:29) ਵਿਰੋਧ ਦੇ ਬਾਵਜੂਦ ਪ੍ਰਚਾਰ ਦਾ ਕੰਮ ਪੂਰੀ ਧਰਤੀ ਉੱਤੇ ਤਰੱਕੀ ਕਰ ਰਿਹਾ ਹੈ।
6 ਯਹੋਵਾਹ ਪ੍ਰਤੀ ਸਾਡਾ ਪਿਆਰ ਇਕ ਅਜਿਹੀ ਬਲਦੀ ਅੱਗ ਵਾਂਗ ਹੈ ਜੋ ਸਾਨੂੰ ਉਸ ਦੇ ਗੁਣਾਂ ਦਾ ਪ੍ਰਚਾਰ ਕਰਨ ਲਈ ਪ੍ਰੇਰਦੀ ਹੈ। (ਯਿਰ. 20:9; 1 ਪਤ. 2:9) ਅਸੀਂ ‘ਲੋਕਾਂ ਵਿੱਚ ਉਹ ਦੀਆਂ ਕਰਨੀਆਂ ਦੱਸਦੇ’ ਰਹਾਂਗੇ ਕਿਉਂਕਿ “ਉਸ ਨੇ ਸ਼ਾਨਦਾਰ ਕੰਮ ਜੋ ਕੀਤੇ” ਹਨ!—ਯਸਾ. 12:4, 5.