ਕੀ ਤੁਸੀਂ ਆਪਣੇ ਸਾਹਿੱਤ ਦੀ ਕਦਰ ਕਰਦੇ ਹੋ?
1 ਹੀਰੇ ਅਤੇ ਹੋਰ ਕੀਮਤੀ ਪੱਥਰ ਨਾ ਸਿਰਫ਼ ਆਪਣੀ ਸੁੰਦਰਤਾ ਕਾਰਨ ਬਹੁਮੁੱਲੇ ਹੁੰਦੇ ਹਨ, ਸਗੋਂ ਉਨ੍ਹਾਂ ਨੂੰ ਲੱਭਣ ਤੇ ਖੋਦਣ ਉੱਤੇ ਆਉਂਦੇ ਭਾਰੀ ਖ਼ਰਚ ਕਰਕੇ ਵੀ ਉਹ ਬਹੁਮੁੱਲੇ ਹੁੰਦੇ ਹਨ। ਯਹੋਵਾਹ ਅਤੇ ਯਿਸੂ ਮਸੀਹ ਦਾ ਗਿਆਨ ਇਸ ਤੋਂ ਵੀ ਜ਼ਿਆਦਾ ਬਹੁਮੁੱਲਾ ਹੈ। ਦੁਨੀਆਂ ਵਿਚ ਸਿਰਫ਼ ਸਾਡੇ ਪ੍ਰਕਾਸ਼ਨ ਹੀ ਇਸ ਅਧਿਆਤਮਿਕ ਖ਼ਜ਼ਾਨੇ ਨੂੰ ਗਹਿਰਾਈ ਨਾਲ ਤੇ ਪਰਮੇਸ਼ੁਰੀ ਬੁੱਧ ਨਾਲ ਸਮਝਾਉਂਦੇ ਹਨ। (ਰੋਮੀ. 11:33; ਫ਼ਿਲਿ. 3:8) ਅਸੀਂ ਆਪਣੇ ਸਾਹਿੱਤ ਲਈ ਸੱਚੀ ਕਦਰ ਕਿਵੇਂ ਦਿਖਾ ਸਕਦੇ ਹਾਂ?
2 ਬਹੁਤ ਸਾਰੇ ਭੈਣ-ਭਰਾ ਨਿੱਜੀ ਤੌਰ ਤੇ ਜਾਂ ਪਰਿਵਾਰ ਦੇ ਤੌਰ ਤੇ ਬਾਕਾਇਦਾ ਚੰਦਾ ਦੇਣ ਲਈ ਪੈਸੇ ਅਲੱਗ ਰੱਖਦੇ ਹਨ ਅਤੇ ਕਿੰਗਡਮ ਹਾਲ ਵਿਚ ਪਏ ਇਕ ਡੱਬੇ ਵਿਚ ਪਾਉਂਦੇ ਹਨ ਜਿਸ ਉੱਤੇ “ਸੰਸਥਾ ਦੇ ਵਿਸ਼ਵ-ਵਿਆਪੀ ਕਾਰਜ ਲਈ ਚੰਦਾ—ਮੱਤੀ 24:14” ਲਿਖਿਆ ਹੁੰਦਾ ਹੈ। ਨਾਲੇ ਭੈਣ-ਭਰਾ ਵਿਸ਼ਵ-ਵਿਆਪੀ ਕੰਮ ਲਈ ਉਦੋਂ ਵੀ ਦਾਨ ਕਰਦੇ ਹਨ ਜਦੋਂ ਉਹ ਸਾਹਿੱਤ ਜਾਂ ਰਸਾਲੇ ਲੈਂਦੇ ਹਨ। ਇਸ ਤੋਂ ਇਲਾਵਾ, ਉਹ ਖੇਤਰ ਸੇਵਕਾਈ ਵਿਚ ਮਿਲੇ ਦਾਨ ਨੂੰ ਵੀ ਇਸ ਡੱਬੇ ਵਿਚ ਪਾ ਦਿੰਦੇ ਹਨ।
3 ਆਪਣੇ ਸਾਹਿੱਤ ਲਈ ਕਦਰਦਾਨੀ ਦਿਖਾਉਣ ਦਾ ਇਕ ਹੋਰ ਤਰੀਕਾ ਹੈ ਖੇਤਰ ਸੇਵਕਾਈ ਵਿਚ ਸੋਚ-ਸਮਝ ਕੇ ਲੋਕਾਂ ਨੂੰ ਸਾਹਿੱਤ ਦੇਣਾ। ਅਸੀਂ ਇਕ ਬੱਚੇ ਨੂੰ ਕੀਮਤੀ ਹੀਰਾ ਦੇਣ ਬਾਰੇ ਸੋਚ ਵੀ ਨਹੀਂ ਸਕਦੇ ਜੋ ਇਸ ਦੀ ਕੀਮਤ ਨੂੰ ਨਹੀਂ ਸਮਝ ਸਕਦਾ। ਨਾ ਹੀ ਅਸੀਂ ਆਪਣਾ ਬਹੁਮੁੱਲਾ ਸਾਹਿੱਤ ਉਨ੍ਹਾਂ ਲੋਕਾਂ ਨੂੰ ਦੇਵਾਂਗੇ ਜਿਹੜੇ ਅਧਿਆਤਮਿਕ ਚੀਜ਼ਾਂ ਦੀ ਕੋਈ ਕਦਰ ਨਹੀਂ ਕਰਦੇ। (ਇਬਰਾਨੀਆਂ 12:16 ਨਾਲ ਤੁਲਨਾ ਕਰੋ।) ਕਿਸੇ ਨੂੰ ਆਪਣਾ ਕੀਮਤੀ ਸਮਾਂ ਤੇ ਸਾਹਿੱਤ ਦੇਣ ਵਿਚ ਸਾਨੂੰ ਸਮਝਦਾਰੀ ਦਿਖਾਉਣੀ ਚਾਹੀਦੀ ਹੈ। ਕੀ ਘਰ-ਸੁਆਮੀ ਗੱਲ ਕਰਨ ਲਈ ਤਿਆਰ ਹੈ? ਕੀ ਉਹ ਸਾਡੀ ਗੱਲ ਧਿਆਨ ਨਾਲ ਸੁਣਦਾ ਹੈ, ਸਾਡੇ ਪੁੱਛੇ ਸਵਾਲਾਂ ਦਾ ਜਵਾਬ ਦਿੰਦਾ ਹੈ ਤੇ ਬਾਈਬਲ ਵਿੱਚੋਂ ਹਵਾਲਾ ਪੜ੍ਹਦੇ ਸਮੇਂ ਕੀ ਉਹ ਧਿਆਨ ਦਿੰਦਾ ਹੈ? ਜੇ ਉਹ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨੂੰ ਢੁਕਵਾਂ ਪ੍ਰਕਾਸ਼ਨ ਦੇਣ ਵਿਚ ਸਾਨੂੰ ਖ਼ੁਸ਼ੀ ਹੋਵੇਗੀ। ਜਦੋਂ ਅਸੀਂ ਆਪਣੇ ਪ੍ਰਕਾਸ਼ਨਾਂ ਦੀ ਮਦਦ ਨਾਲ ਸਟੱਡੀਆਂ ਕਰਾਉਂਦੇ ਹਾਂ, ਤਾਂ ਅਸੀਂ ਲੋਕਾਂ ਦੀ ਬਾਈਬਲ ਦੀ ਸਿੱਖਿਆ ਲੈਣ ਅਤੇ ਯਹੋਵਾਹ ਨਾਲ ਰਿਸ਼ਤਾ ਕਾਇਮ ਕਰਨ ਵਿਚ ਮਦਦ ਕਰਦੇ ਹਾਂ। ਆਪਣੇ ਸਾਹਿੱਤ ਤੋਂ ਪੂਰਾ ਫ਼ਾਇਦਾ ਲੈਣ ਲਈ ਜ਼ਰੂਰੀ ਹੈ ਕਿ ਅਸੀਂ ਇਸ ਨੂੰ ਸਹੀ ਤਰੀਕੇ ਨਾਲ ਵਰਤੀਏ।
4 ਜੇ ਸਾਹਿੱਤ ਕਿੰਗਡਮ ਹਾਲ ਵਿਚ ਜਾਂ ਸਾਡੇ ਘਰ ਵਿਚ ਪਿਆ ਰਹਿੰਦਾ ਹੈ, ਤਾਂ ਇਸ ਦਾ ਕਿਸੇ ਨੂੰ ਫ਼ਾਇਦਾ ਨਹੀਂ ਹੁੰਦਾ ਤੇ ਨਾ ਹੀ ਦੂਸਰੇ ਲੋਕਾਂ ਨੂੰ ਇਸ ਦੀ ਅਹਿਮੀਅਤ ਜਾਣਨ ਦਾ ਮੌਕਾ ਮਿਲਦਾ ਹੈ। ਰਸਾਲਿਆਂ ਦੇ ਪੁਰਾਣੇ ਅੰਕਾਂ, ਬਰੋਸ਼ਰਾਂ, ਕਿਤਾਬਾਂ ਤੇ ਟ੍ਰੈਕਟਾਂ ਦੀ ਵੀ ਚੰਗੀ ਵਰਤੋ ਕਰਨੀ ਚਾਹੀਦੀ ਹੈ। ਸਾਡੇ ਕੋਲ ਪਏ ਸਾਹਿੱਤ ਦੀ ਸੂਚੀ ਅਸੀਂ ਪਿਛਲੀ ਵਾਰ ਕਦੋਂ ਬਣਾਈ ਸੀ? ਇਹ ਦੇਖ ਕੇ ਅਸੀਂ ਸ਼ਾਇਦ ਹੈਰਾਨ ਹੋਈਏ ਕਿ ਸਾਡੇ ਕੋਲ ਕਿੰਨਾ ਸਾਹਿੱਤ ਇਕੱਠਾ ਹੋ ਗਿਆ ਹੈ। ਕੀ ਇਹ ਸਾਹਿੱਤ ਅਜੇ ਵੀ ਚੰਗੀ ਹਾਲਤ ਵਿਚ ਹੈ—ਪੀਲਾ ਤਾਂ ਨਹੀਂ ਪੈ ਗਿਆ, ਫਟਿਆ ਜਾਂ ਗੰਦਾ ਤਾਂ ਨਹੀਂ ਹੈ? ਜੇ ਚੰਗੀ ਹਾਲਤ ਵਿਚ ਹੈ, ਤਾਂ ਖੇਤਰ ਸੇਵਕਾਈ ਵਿਚ ਇਸ ਨੂੰ ਵੰਡਣ ਦਾ ਸਾਨੂੰ ਪੂਰਾ ਜਤਨ ਕਰਨਾ ਚਾਹੀਦਾ ਹੈ। ਖ਼ਰਾਬ ਸਾਹਿੱਤ ਨੂੰ ਨਿੱਜੀ ਵਰਤੋ ਲਈ ਰੱਖਿਆ ਜਾ ਸਕਦਾ ਹੈ ਜਾਂ ਸੁੱਟਿਆ ਜਾ ਸਕਦਾ ਹੈ। ਮਹੀਨੇ ਦੀ ਖ਼ਾਸ ਸਾਹਿੱਤ ਪੇਸ਼ਕਸ਼ ਕਰਦੇ ਸਮੇਂ ਵੀ ਅਸੀਂ ਕਦੇ-ਕਦਾਈਂ ਕੋਈ ਦੂਸਰਾ ਪ੍ਰਕਾਸ਼ਨ ਦੇ ਸਕਦੇ ਹਾਂ।
5 ਹਮੇਸ਼ਾ ਧਿਆਨ ਨਾਲ ਵਿਚਾਰ ਕਰੋ ਕਿ ਸੇਵਕਾਈ ਵਿਚ ਵੰਡਣ ਲਈ ਤੁਹਾਨੂੰ ਦਰਅਸਲ ਕਿੰਨੇ ਕੁ ਸਾਹਿੱਤ ਦੀ ਲੋੜ ਹੈ। ਇਸ ਸੰਬੰਧੀ ਸਮਝਦਾਰੀ ਦਿਖਾਉਣੀ ਜ਼ਰੂਰੀ ਹੈ। ਹਾਲਾਂਕਿ ਤੁਹਾਨੂੰ ਕਾਫ਼ੀ ਮਾਤਰਾ ਵਿਚ ਸਾਹਿੱਤ ਚਾਹੀਦਾ ਹੈ, ਖ਼ਾਸ ਕਰਕੇ ਪਾਇਨੀਅਰੀ ਕਰਦੇ ਸਮੇਂ, ਪਰ ਹਰ ਵੇਲੇ ਆਪਣੇ ਕੋਲ ਵੱਡੀ ਮਾਤਰਾ ਵਿਚ ਸਾਹਿੱਤ ਰੱਖਣਾ ਜ਼ਰੂਰੀ ਨਹੀਂ ਹੈ ਕਿਉਂਕਿ ਲੋੜ ਪੈਣ ਤੇ ਤੁਸੀਂ ਕਿੰਗਡਮ ਹਾਲ ਵਿਚ ਸਭਾਵਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਹੋਰ ਸਾਹਿੱਤ ਲੈ ਸਕਦੇ ਹੋ। ਮਹੀਨੇ ਦੇ ਸ਼ੁਰੂ ਵਿਚ ਆਪਣੇ ਕੋਲ ਕਾਫ਼ੀ ਸਾਹਿੱਤ ਰੱਖੋ ਅਤੇ ਜਿਵੇਂ-ਜਿਵੇਂ ਇਹ ਖ਼ਤਮ ਹੁੰਦਾ ਜਾਂਦਾ ਹੈ, ਤੁਸੀਂ ਹੋਰ ਸਾਹਿੱਤ ਲੈ ਸਕਦੇ ਹੋ।
6 ਸਾਡੇ ਪ੍ਰਕਾਸ਼ਨ ਜਦੋਂ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਜਾਂਦੇ ਹਨ ਜੋ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਦੀ ਕਦਰ ਕਰਦੇ ਹਨ, ਤਾਂ ਇਹ ਬਹੁਮੁੱਲੇ ਸਾਬਤ ਹੁੰਦੇ ਹਨ। ਆਓ ਆਪਾਂ ਬੁੱਧੀ ਅਤੇ ਸਮਝਦਾਰੀ ਨਾਲ ਆਪਣੇ ਸਾਹਿੱਤ ਦੀ ਵਰਤੋ ਕਰੀਏ ਅਤੇ ਦਿਖਾਈਏ ਕਿ ਅਸੀਂ ਆਪਣੇ ਸਾਹਿੱਤ ਦੀ ਕਿੰਨੀ ਜ਼ਿਆਦਾ ਕਦਰ ਕਰਦੇ ਹਾਂ।