ਯਿਸੂ ਬਾਰੇ ਸੱਚਾਈ ਦਾ ਪ੍ਰਚਾਰ ਕਰੋ
1 ਮਸਹ ਕੀਤੇ ਹੋਏ ਮਸੀਹੀ ਆਪਣੇ ਸਾਥੀਆਂ ਯਾਨੀ ਹੋਰ ਭੇਡਾਂ ਦੀ ਮਦਦ ਨਾਲ “ਯਿਸੂ ਦੀ ਸਾਖੀ ਭਰਦੇ ਹਨ।” (ਪਰ. 12:17) ਇਹ ਇਕ ਅਹਿਮ ਕੰਮ ਹੈ, ਕਿਉਂਕਿ ਲੋਕ ਸਿਰਫ਼ ਯਿਸੂ ਦੁਆਰਾ ਹੀ ਮੁਕਤੀ ਹਾਸਲ ਕਰ ਸਕਦੇ ਹਨ।—ਯੂਹੰ. 17:3; ਰਸੂ. 4:12.
2 ‘ਰਾਹ, ਸਚਿਆਈ ਅਤੇ ਜੀਉਣ’: ਯਿਸੂ ਨੇ ਕਿਹਾ: “ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ।” (ਯੂਹੰ. 14:6) ਯਿਸੂ “ਰਾਹ” ਹੈ ਕਿਉਂਕਿ ਸਿਰਫ਼ ਉਸੇ ਦੁਆਰਾ ਅਸੀਂ ਪ੍ਰਾਰਥਨਾ ਰਾਹੀਂ ਪਰਮੇਸ਼ੁਰ ਨਾਲ ਗੱਲ ਕਰ ਸਕਦੇ ਹਾਂ ਅਤੇ ਯਹੋਵਾਹ ਨਾਲ ਇਕ ਚੰਗਾ ਰਿਸ਼ਤਾ ਬਣਾ ਸਕਦੇ ਹਾਂ। (ਯੂਹੰ. 15:16) ਯਿਸੂ “ਸਚਿਆਈ” ਹੈ ਕਿਉਂਕਿ ਇਬਰਾਨੀ ਸ਼ਾਸਤਰ ਵਿਚ ਦਿੱਤੀਆਂ ਭਵਿੱਖਬਾਣੀਆਂ ਅਤੇ ਨਿਸ਼ਾਨੀਆਂ ਉਸ ਵਿਚ ਪੂਰੀਆਂ ਹੋਈਆਂ ਹਨ। (ਯੂਹੰ. 1:17; ਕੁਲੁ. 2:16, 17) ਸੱਚੀ ਭਵਿੱਖਬਾਣੀ ਦਾ ਮੁੱਖ ਉਦੇਸ਼ ਇਹੀ ਹੈ ਕਿ ਉਹ ਪਰਮੇਸ਼ੁਰ ਦੇ ਮਕਸਦ ਦੀ ਪੂਰਤੀ ਵਿਚ ਯਿਸੂ ਦੀ ਮੁੱਖ ਭੂਮਿਕਾ ਉੱਤੇ ਚਾਨਣ ਪਾਵੇ। (ਪਰ. 19:10) ਯਿਸੂ “ਜੀਉਣ” ਵੀ ਹੈ। ਸਦਾ ਦੀ ਜ਼ਿੰਦਗੀ ਦੀ ਬਰਕਤ ਹਾਸਲ ਕਰਨ ਲਈ ਲੋਕਾਂ ਨੂੰ ਉਸ ਦੇ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਕਰਨੀ ਪਵੇਗੀ।—ਯੂਹੰ. 3:16, 36; ਇਬ. 2:9.
3 ਸਿਰ ਅਤੇ ਰਾਜਾ: ਲੋਕਾਂ ਨੂੰ ਇਹ ਵੀ ਮੰਨਣ ਦੀ ਲੋੜ ਹੈ ਕਿ ਯਹੋਵਾਹ ਨੇ ਯਿਸੂ ਨੂੰ ਵੱਡਾ ਅਧਿਕਾਰ ਦਿੱਤਾ ਹੈ। ਯਿਸੂ ਨੂੰ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਾਇਆ ਗਿਆ ਹੈ—ਉਹ “ਲੋਕਾਂ ਦੀ ਆਗਿਆਕਾਰੀ” ਹਾਸਲ ਕਰਨ ਦਾ ਹੱਕਦਾਰ ਹੈ। (ਉਤ. 49:10) ਇਸ ਤੋਂ ਇਲਾਵਾ, ਯਹੋਵਾਹ ਨੇ ਉਸ ਨੂੰ ਕਲੀਸਿਯਾ ਦਾ ਸਿਰ ਵੀ ਠਹਿਰਾਇਆ ਹੈ। (ਅਫ਼. 1:22, 23) ਸਾਨੂੰ ਆਪਣੇ ਬਾਈਬਲ ਵਿਦਿਆਰਥੀਆਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਯਿਸੂ ਕਿੱਦਾਂ ਕਲੀਸਿਯਾ ਦੀ ਨਿਗਰਾਨੀ ਕਰਦਾ ਹੈ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ‘ਵੇਲੇ ਸਿਰ ਅਧਿਆਤਮਿਕ ਰਸਤ’ ਦਿੰਦਾ ਹੈ।—ਮੱਤੀ 24:45-47.
4 ਦਿਆਲੂ ਪ੍ਰਧਾਨ ਜਾਜਕ: ਯਿਸੂ ਨੇ ਆਪਣੀ ਮਨੁੱਖੀ ਜ਼ਿੰਦਗੀ ਦੌਰਾਨ ਕਈ ਅਜ਼ਮਾਇਸ਼ਾਂ ਅਤੇ ਦੁੱਖ ਸਹੇ ਸਨ। ਇਸ ਲਈ, “ਉਹ ਓਹਨਾਂ ਦੀ ਜਿਹੜੇ ਪਰਤਾਵੇ ਵਿੱਚ ਪੈਂਦੇ ਹਨ ਸਹਾਇਤਾ ਕਰ ਸੱਕਦਾ ਹੈ।” (ਇਬ. 2:17, 18) ਨਾਮੁਕੰਮਲ ਇਨਸਾਨਾਂ ਨੂੰ ਇਹ ਜਾਣ ਕੇ ਕਿੰਨੀ ਤਸੱਲੀ ਮਿਲਦੀ ਹੈ ਕਿ ਯਿਸੂ ਉਨ੍ਹਾਂ ਦੀਆਂ ਕਮਜ਼ੋਰੀਆਂ ਨੂੰ ਸਮਝਦਾ ਹੈ ਅਤੇ ਉਨ੍ਹਾਂ ਲਈ ਦਇਆ ਨਾਲ ਸਫ਼ਾਰਸ਼ ਕਰਦਾ ਹੈ! (ਰੋਮੀ. 8:34) ਯਿਸੂ ਦੇ ਬਲੀਦਾਨ ਦੇ ਆਧਾਰ ਉੱਤੇ ਅਤੇ ਪ੍ਰਧਾਨ ਜਾਜਕ ਦੀ ਹੈਸੀਅਤ ਵਿਚ ਉਸ ਦੀਆਂ ਸੇਵਾਵਾਂ ਦੁਆਰਾ ਅਸੀਂ “ਦਿਲੇਰੀ ਨਾਲ” ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ‘ਵੇਲੇ ਸਿਰ ਸਹਾਇਤਾ’ ਹਾਸਲ ਕਰ ਸਕਦੇ ਹਾਂ।—ਇਬ. 4:15, 16.
5 ਆਓ ਆਪਾਂ ਦੂਸਰਿਆਂ ਨੂੰ ਯਿਸੂ ਬਾਰੇ ਸੱਚਾਈ ਸਿਖਾਉਣ ਦੀ ਪੂਰੀ ਕੋਸ਼ਿਸ਼ ਕਰੀਏ ਤਾਂਕਿ ਉਹ ਵੀ ਸਾਡੇ ਨਾਲ ਮਿਲ ਕੇ ਯਿਸੂ ਦੀ ਆਗਿਆ ਮੰਨਣ ਅਤੇ ਉਸ ਦੀ ਸੇਵਾ ਕਰਨ ਲਈ ਪ੍ਰੇਰਿਤ ਹੋਣ।—ਯੂਹੰ. 14:15, 21.