ਪਰਮੇਸ਼ੁਰ ਦੀ ਦਇਆ ਲਈ ਸ਼ੁਕਰਗੁਜ਼ਾਰੀ ਦਿਖਾਓ
1 ਮਸੀਹੀ ਬਣਨ ਤੋਂ ਪਹਿਲਾਂ, ਪੌਲੁਸ ਰਸੂਲ ਨੇ ਮਸੀਹੀ ਧਰਮ ਨੂੰ ਫੈਲਣ ਤੋਂ ਰੋਕਣ ਦੀ ਸਖ਼ਤ ਕੋਸ਼ਿਸ਼ ਕੀਤੀ ਸੀ। ਪਰ ਉਸ ਨੇ ਅਣਜਾਣੇ ਵਿਚ ਇਸ ਤਰ੍ਹਾਂ ਕੀਤਾ ਸੀ, ਇਸ ਲਈ ਉਸ ਉੱਤੇ ਦਇਆ ਕੀਤੀ ਗਈ। ਯਹੋਵਾਹ ਨੇ ਪੌਲੁਸ ਉੱਤੇ ਦਇਆ ਕਰਦੇ ਹੋਏ ਉਸ ਨੂੰ ਪ੍ਰਚਾਰ ਕਰਨ ਦਾ ਸਨਮਾਨ ਦਿੱਤਾ ਅਤੇ ਪੌਲੁਸ ਨੇ ਪੂਰੇ ਦਿਲ ਨਾਲ ਇਸ ਕੰਮ ਨੂੰ ਪੂਰਾ ਕੀਤਾ। (ਰਸੂ. 26:9-18; 1 ਤਿਮੋ. 1:12-14) ਯਹੋਵਾਹ ਦੀ ਦਇਆ ਲਈ ਆਪਣੀ ਸ਼ੁਕਰਗੁਜ਼ਾਰੀ ਦਿਖਾਉਣ ਵਾਸਤੇ ਪੌਲੁਸ ਨੇ ਆਪਣੀ ਸੇਵਕਾਈ ਵਿਚ ਸਖ਼ਤ ਮਿਹਨਤ ਕੀਤੀ।—2 ਕੁਰਿੰ. 12:15.
2 ਪਰਮੇਸ਼ੁਰ ਨੇ ਸਾਨੂੰ ਵੀ ਸੇਵਕਾਈ ਕਰਨ ਦਾ ਮੌਕਾ ਦੇ ਕੇ ਸਾਡੇ ਉੱਤੇ ਦਇਆ ਕੀਤੀ ਹੈ। (2 ਕੁਰਿੰ. 4:1) ਪੌਲੁਸ ਵਾਂਗ ਅਸੀਂ ਵੀ ਪੂਰੇ ਜੋਸ਼ ਨਾਲ ਦੂਸਰਿਆਂ ਦੀ ਅਧਿਆਤਮਿਕ ਤਰੱਕੀ ਕਰਨ ਵਿਚ ਮਦਦ ਕਰ ਕੇ ਪਰਮੇਸ਼ੁਰ ਦੀ ਦਇਆ ਲਈ ਆਪਣੀ ਸ਼ੁਕਰਗੁਜ਼ਾਰੀ ਦਿਖਾ ਸਕਦੇ ਹਾਂ। ਦੂਸਰਿਆਂ ਦੀ ਅਧਿਆਤਮਿਕ ਤੌਰ ਤੇ ਮਦਦ ਕਰਨ ਦਾ ਇਕ ਤਰੀਕਾ ਹੈ ਉਨ੍ਹਾਂ ਨਾਲ ਬਾਈਬਲ ਸਟੱਡੀਆਂ ਕਰਨੀਆਂ।
3 ਬਾਈਬਲ ਸਟੱਡੀਆਂ ਸ਼ੁਰੂ ਕਰਨੀਆਂ: ਜਦੋਂ ਅਸੀਂ ਲੋਕਾਂ ਨੂੰ ਬਾਕਾਇਦਾ ਰਸਾਲਿਆਂ ਦਾ ਹਰ ਅੰਕ ਦੇਣ ਲਈ ਉਨ੍ਹਾਂ ਦੇ ਘਰ ਜਾਂਦੇ ਹਾਂ, ਤਾਂ ਇਹ ਬਾਈਬਲ ਸਟੱਡੀ ਸ਼ੁਰੂ ਕਰਨ ਦਾ ਇਕ ਵਧੀਆ ਜ਼ਰੀਆ ਸਾਬਤ ਹੋ ਸਕਦਾ ਹੈ। ਅਸੀਂ ਉਨ੍ਹਾਂ ਨੂੰ ਵਾਰ-ਵਾਰ ਮਿਲਣ ਤੇ ਉਨ੍ਹਾਂ ਦੀਆਂ ਚਿੰਤਾਵਾਂ ਤੋਂ ਵਾਕਫ਼ ਹੋ ਜਾਂਦੇ ਹਾਂ। ਫਿਰ ਜਦੋਂ ਕਿਸੇ ਅੰਕ ਵਿਚ ਉਨ੍ਹਾਂ ਦੀ ਖ਼ਾਸ ਦਿਲਚਸਪੀ ਦਾ ਲੇਖ ਛਪਦਾ ਹੈ, ਤਾਂ ਅਸੀਂ ਇਸ ਉੱਤੇ ਚਰਚਾ ਕਰਨ ਮਗਰੋਂ ਉਨ੍ਹਾਂ ਨੂੰ ਮੰਗ ਬਰੋਸ਼ਰ ਵਿੱਚੋਂ ਬਾਈਬਲ ਸਟੱਡੀ ਪੇਸ਼ ਕਰ ਸਕਦੇ ਹਾਂ। ਇਸ ਮਗਰੋਂ ਤੁਸੀਂ ਜਦੋਂ ਵੀ ਉਸ ਨੂੰ ਰਸਾਲੇ ਦੇਣ ਜਾਂਦੇ ਹੋ, ਤਾਂ ਤੁਸੀਂ ਉਸ ਨਾਲ ਮੰਗ ਬਰੋਸ਼ਰ ਵਿੱਚੋਂ ਇਕ ਪਾਠ ਦੀ ਚਰਚਾ ਕਰ ਸਕਦੇ ਹੋ।
4 ਪ੍ਰਾਰਥਨਾ ਕਰਨ ਦੇ ਨਾਲ-ਨਾਲ ਕੋਸ਼ਿਸ਼ ਵੀ ਕਰੋ: ਜਦੋਂ ਅਸੀਂ ਬਾਈਬਲ ਸਟੱਡੀਆਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ ਯਹੋਵਾਹ ਤੋਂ ਮਦਦ ਮੰਗਦੇ ਹਾਂ, ਤਾਂ ਸਾਨੂੰ ਜ਼ਿਆਦਾ ਸਫ਼ਲਤਾ ਮਿਲੇਗੀ। ਇਕ ਪਾਇਨੀਅਰ ਭੈਣ ਕੋਲ ਇਕ ਸਟੱਡੀ ਸੀ ਅਤੇ ਉਸ ਨੇ ਹੋਰ ਸਟੱਡੀਆਂ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਉਸ ਨੇ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਮਿਹਨਤ ਵੀ ਕੀਤੀ। ਆਪਣੀ ਸੇਵਕਾਈ ਦੀ ਮੁੜ ਜਾਂਚ ਕਰਨ ਤੇ ਉਸ ਨੂੰ ਅਹਿਸਾਸ ਹੋਇਆ ਕਿ ਉਹ ਕੁਝ ਸਮੇਂ ਤੋਂ ਲੋਕਾਂ ਨਾਲ ਪੁਨਰ-ਮੁਲਾਕਾਤਾਂ ਕਰਨ ਵੇਲੇ ਉਨ੍ਹਾਂ ਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਨਹੀਂ ਕਰ ਰਹੀ ਸੀ। ਉਸ ਨੇ ਲੋਕਾਂ ਨੂੰ ਸਟੱਡੀ ਪੇਸ਼ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਲਦੀ ਹੀ ਉਸ ਨੂੰ ਹੋਰ ਦੋ ਸਟੱਡੀਆਂ ਮਿਲ ਗਈਆਂ।
5 ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ “ਪਰਮੇਸ਼ੁਰ ਦੀ ਕਿਰਪਾ ਦੀ ਖੁਸ਼ ਖਬਰੀ” ਸੁਣਾਉਣ ਦਾ ਮਾਣ ਮਿਲਿਆ ਹੈ! (ਰਸੂ. 20:24) ਆਓ ਆਪਾਂ ਪਰਮੇਸ਼ੁਰ ਦੀ ਦਇਆ ਲਈ ਸ਼ੁਕਰਗੁਜ਼ਾਰੀ ਦਿਖਾਉਂਦੇ ਹੋਏ ਦੂਸਰਿਆਂ ਦੀ ਮਦਦ ਕਰੀਏ ਤਾਂਕਿ ਉਨ੍ਹਾਂ ਉੱਤੇ ਵੀ ਯਹੋਵਾਹ ਦੀ ਕਿਰਪਾ ਹੋਵੇ।