ਯਹੋਵਾਹ ਨੂੰ ਆਪਣਾ ਉੱਤਮ ਚੜ੍ਹਾਵਾ ਚੜ੍ਹਾਓ
1 ਇਸਰਾਏਲੀਆਂ ਨੂੰ ਦਿੱਤੀ ਯਹੋਵਾਹ ਦੀ ਬਿਵਸਥਾ ਵਿਚ ਇਹ ਸਾਫ਼-ਸਾਫ਼ ਦੱਸਿਆ ਗਿਆ ਸੀ ਕਿ ਯਹੋਵਾਹ ਨੂੰ ਬਲੀ ਚੜ੍ਹਾਏ ਜਾਣ ਵਾਲੇ ਜਾਨਵਰ “ਬੱਜ ਤੋਂ ਰਹਿਤ” ਯਾਨੀ ਪੂਰੀ ਤਰ੍ਹਾਂ ਤੰਦਰੁਸਤ ਹੋਣ। ਰੋਗੀ ਜਾਨਵਰ ਦੀ ਬਲੀ ਨੂੰ ਯਹੋਵਾਹ ਸਵੀਕਾਰ ਨਹੀਂ ਕਰਦਾ ਸੀ। (ਲੇਵੀ. 22:18-20; ਮਲਾ. 1:6-9) ਇਸ ਤੋਂ ਇਲਾਵਾ, ਬਲੀ ਚੜ੍ਹਾਏ ਗਏ ਜਾਨਵਰ ਦੇ ਸਰੀਰ ਦਾ ਸਭ ਤੋਂ ਵਧੀਆ ਹਿੱਸਾ ਯਾਨੀ ਚਰਬੀ ਯਹੋਵਾਹ ਦੀ ਹੁੰਦੀ ਸੀ। (ਲੇਵੀ. 3:14-16) ਇਸਰਾਏਲੀਆਂ ਦਾ ਪਿਤਾ ਅਤੇ ਸੁਆਮੀ ਹੋਣ ਦੇ ਨਾਤੇ ਯਹੋਵਾਹ ਉੱਤਮ ਚੜ੍ਹਾਵੇ ਦਾ ਹੱਕਦਾਰ ਸੀ।
2 ਪੁਰਾਣੇ ਸਮਿਆਂ ਵਾਂਗ ਪਰਮੇਸ਼ੁਰ ਅੱਜ ਵੀ ਸਾਡੇ ਤੋਂ ਉੱਤਮ ਚੜ੍ਹਾਵਿਆਂ ਦੀ ਆਸ ਰੱਖਦਾ ਹੈ। ਸਾਡੀ ਸੇਵਾ ਤੋਂ ਪਤਾ ਲੱਗਣਾ ਚਾਹੀਦਾ ਹੈ ਕਿ ਸਾਡੇ ਦਿਲ ਵਿਚ ਯਹੋਵਾਹ ਲਈ ਸ਼ਰਧਾ ਹੈ। ਇਹ ਸੱਚ ਹੈ ਕਿ ਸਾਰਿਆਂ ਦੇ ਹਾਲਾਤ ਵੱਖੋ-ਵੱਖਰੇ ਹਨ। ਪਰ ਸਾਨੂੰ ਸਾਰਿਆਂ ਨੂੰ ਆਪਣੀ ਜਾਂਚ ਕਰਨੀ ਚਾਹੀਦੀ ਹੈ ਕਿ ਅਸੀਂ ਉਸ ਨੂੰ ਉੱਤਮ ਚੜ੍ਹਾਵਾ ਚੜ੍ਹਾ ਰਹੇ ਹਾਂ ਜਾਂ ਨਹੀਂ।—ਅਫ਼. 5:10.
3 ਪੂਰੇ ਦਿਲ ਨਾਲ ਸੇਵਾ ਕਰਨੀ: ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਸੇਵਾ ਤੋਂ ਯਹੋਵਾਹ ਦੀ ਮਹਿਮਾ ਹੋਵੇ ਅਤੇ ਇਸ ਦਾ ਲੋਕਾਂ ਦੇ ਦਿਲਾਂ ਉੱਤੇ ਅਸਰ ਪਵੇ, ਤਾਂ ਅਸੀਂ ਅੱਧੇ ਮਨ ਨਾਲ ਸੇਵਾ ਨਹੀਂ ਕਰਾਂਗੇ। ਪਰਮੇਸ਼ੁਰ ਅਤੇ ਉਸ ਦੇ ਮਹਾਨ ਮਕਸਦਾਂ ਬਾਰੇ ਸਾਨੂੰ ਦਿਲੋਂ ਗੱਲ ਕਰਨੀ ਚਾਹੀਦੀ ਹੈ ਅਤੇ ਇਸ ਤੋਂ ਸਾਡੀ ਕਦਰਦਾਨੀ ਝਲਕਣੀ ਚਾਹੀਦੀ ਹੈ। (ਜ਼ਬੂ. 145:7) ਇਸ ਲਈ ਜ਼ਰੂਰੀ ਹੈ ਕਿ ਅਸੀਂ ਬਾਕਾਇਦਾ ਬਾਈਬਲ ਪੜ੍ਹੀਏ ਅਤੇ ਇਸ ਦਾ ਅਧਿਐਨ ਕਰੀਏ।—ਕਹਾ. 15:28.
4 ਯਹੋਵਾਹ ਨੂੰ ਆਪਣਾ ਉੱਤਮ ਚੜ੍ਹਾਵਾ ਚੜ੍ਹਾਉਣ ਵਿਚ ਇਹ ਵੀ ਸ਼ਾਮਲ ਹੈ ਕਿ ਅਸੀਂ ਉਸ ਵਾਂਗ ਲੋਕਾਂ ਨਾਲ ਪਿਆਰ ਕਰੀਏ। (ਅਫ਼. 5:1, 2) ਲੋਕਾਂ ਲਈ ਪਿਆਰ ਸਾਨੂੰ ਪ੍ਰੇਰਿਤ ਕਰੇਗਾ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਬਾਈਬਲ ਵਿੱਚੋਂ ਸੱਚਾਈ ਦੱਸਣ ਦੀ ਕੋਸ਼ਿਸ਼ ਕਰੀਏ ਤਾਂਕਿ ਉਨ੍ਹਾਂ ਨੂੰ ਸਦੀਪਕ ਜੀਵਨ ਮਿਲੇ। (ਮਰ. 6:34) ਅਜਿਹਾ ਪਿਆਰ ਹੋਣ ਕਰਕੇ ਅਸੀਂ ਉਨ੍ਹਾਂ ਵਿਚ ਨਿੱਜੀ ਦਿਲਚਸਪੀ ਲਵਾਂਗੇ। ਅਸੀਂ ਉਨ੍ਹਾਂ ਨੂੰ ਮਿਲਣ ਤੋਂ ਬਾਅਦ ਵੀ ਉਨ੍ਹਾਂ ਬਾਰੇ ਸੋਚਦੇ ਰਹਾਂਗੇ ਅਤੇ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਦੁਬਾਰਾ ਮਿਲਣ ਜਾਵਾਂਗੇ। ਅਸੀਂ ਅਧਿਆਤਮਿਕ ਤਰੱਕੀ ਕਰਨ ਵਿਚ ਉਨ੍ਹਾਂ ਦੀ ਪੂਰੀ-ਪੂਰੀ ਮਦਦ ਵੀ ਕਰਾਂਗੇ।—ਰਸੂ. 20:24; 26:28, 29.
5 “ਉਸਤਤ ਦਾ ਬਲੀਦਾਨ”: ਸੇਵਕਾਈ ਵਿਚ ਮਿਹਨਤ ਕਰ ਕੇ ਵੀ ਅਸੀਂ ਯਹੋਵਾਹ ਨੂੰ ਆਪਣਾ ਉੱਤਮ ਚੜ੍ਹਾਵਾ ਚੜ੍ਹਾਉਂਦੇ ਹਾਂ। ਜਦੋਂ ਅਸੀਂ ਪੂਰੀ ਤਿਆਰੀ ਕਰ ਕੇ ਚੰਗੀ ਤਰ੍ਹਾਂ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਆਪਣੇ ਸਮੇਂ ਦੀ ਚੰਗੀ ਵਰਤੋਂ ਕਰਦੇ ਹਾਂ। (1 ਤਿਮੋ. 4:10) ਚੰਗੀ ਤਿਆਰੀ ਕਰ ਕੇ ਅਸੀਂ ਪ੍ਰਚਾਰ ਦੌਰਾਨ ਸਾਫ਼ ਤਰੀਕੇ ਤੇ ਪੂਰੇ ਵਿਸ਼ਵਾਸ ਨਾਲ ਗੱਲ ਕਰ ਸਕਦੇ ਹਾਂ ਜਿਸ ਕਰਕੇ ਲੋਕ ਸਾਡੀ ਗੱਲ ਸੁਣਨਗੇ। (ਕਹਾ. 16:21) ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਦੱਸਦੇ ਹੋਏ ਅਸੀਂ ਆਪਣੇ ਦਿਲੋਂ ਜੋ ਕਹਾਂਗੇ, ਉਸ ਨੂੰ ਅਸੀਂ “ਉਸਤਤ ਦਾ ਬਲੀਦਾਨ” ਕਹਿ ਸਕਦੇ ਹਾਂ।—ਇਬ. 13:15.