ਬਿਪਤਾਵਾਂ ਦੇ ਬਾਵਜੂਦ ਖ਼ੁਸ਼
1 ਸਾਡੇ ਪ੍ਰਭੂ ਯਿਸੂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਸ ਦੇ ਚੇਲਿਆਂ ਉੱਤੇ ਬਿਪਤਾਵਾਂ ਆਉਣਗੀਆਂ। (ਮੱਤੀ 24:9) ਇਨ੍ਹਾਂ ਬਿਪਤਾਵਾਂ ਤੇ ਅਜ਼ਮਾਇਸ਼ਾਂ ਪ੍ਰਤੀ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ? ਇਨ੍ਹਾਂ ਨੂੰ ਧੀਰਜ ਨਾਲ ਸਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ? 2004 ਸੇਵਾ ਸਾਲ ਦੇ ਸਰਕਟ ਸੰਮੇਲਨ ਪ੍ਰੋਗ੍ਰਾਮ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਗਏ ਸਨ। ਸੰਮੇਲਨ ਦਾ ਵਿਸ਼ਾ ਸੀ: “ਆਸਾ ਵਿਚ ਆਨੰਦ ਕਰੋ। ਬਿਪਤਾ ਵਿਚ ਧੀਰਜ ਕਰੋ।”—ਰੋਮੀ 12:12.
2 ਦੋ ਭਾਸ਼ਣ-ਲੜੀਆਂ: ਪਹਿਲੀ ਭਾਸ਼ਣ-ਲੜੀ ਦਾ ਵਿਸ਼ਾ ਸੀ “ਧੀਰਜ ਨਾਲ ਫਲ ਦਿੰਦੇ ਰਹੋ।” ਇਸ ਵਿਚ ਦੱਸਿਆ ਗਿਆ ਸੀ ਕਿ ਯਹੋਵਾਹ ਦੇ ਸੇਵਕ ਸਤਾਹਟਾਂ, ਕੁਦਰਤੀ ਆਫ਼ਤਾਂ ਜਾਂ ਨਿੱਜੀ ਸਮੱਸਿਆਵਾਂ ਦੇ ਬਾਵਜੂਦ ਕਿਨ੍ਹਾਂ ਤਰੀਕਿਆਂ ਨਾਲ ਫਲ ਪੈਦਾ ਕਰਦੇ ਹਨ। ਆਪਣੀਆਂ ਚਿੰਤਾਵਾਂ ਬਾਰੇ ਅਤੇ ਅਜ਼ਮਾਇਸ਼ਾਂ ਸਹਿ ਰਹੇ ਭਰਾਵਾਂ ਲਈ ਨਿੱਤ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ। (1 ਥੱਸ. 5:17) ਕਈ ਪ੍ਰਕਾਸ਼ਕਾਂ ਦੀਆਂ ਇੰਟਰਵਿਊਆਂ ਲਈਆਂ ਗਈਆਂ ਜਿਨ੍ਹਾਂ ਵਿਚ ਉਨ੍ਹਾਂ ਨੇ ਦੱਸਿਆ ਕਿ ਉਹ ਇਸ ਲਈ ਜੋਸ਼ ਨਾਲ ਪ੍ਰਚਾਰ ਕਰਦੇ ਤੇ ਲੋਕਾਂ ਨੂੰ ਪਰਮੇਸ਼ੁਰ ਬਾਰੇ ਸਿਖਾਉਂਦੇ ਹਨ ਕਿਉਂਕਿ ਲੋਕਾਂ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ। ਮਾਤਾ-ਪਿਤਾਵਾਂ ਨੇ ਖ਼ਾਸ ਕਰਕੇ ਭਾਸ਼ਣ “ਜਦੋਂ ਯਹੋਵਾਹ ਵੱਲੋਂ ਤਾੜਨਾ ਮਿਲਦੀ ਹੈ” ਤੋਂ ਬਹੁਤ ਲਾਭ ਪ੍ਰਾਪਤ ਕੀਤਾ। ਇਸ ਵਿਚ ਦੱਸਿਆ ਗਿਆ ਸੀ ਕਿ ਮਾਪੇ ਆਪਣੇ ਬੱਚਿਆਂ ਨੂੰ ਕਿਵੇਂ ਪਿਆਰ ਨਾਲ ਸਮਝਾ ਸਕਦੇ ਹਨ ਕਿ ਬੱਚੇ ਆਪਣੇ ਕੰਮਾਂ ਲਈ ਯਹੋਵਾਹ ਅੱਗੇ ਜਵਾਬਦੇਹ ਹਨ। (ਉਪ. 11:9) ਭਾਸ਼ਣ-ਲੜੀ ਦੇ ਆਖ਼ਰੀ ਭਾਸ਼ਣਕਾਰ ਨੇ ਦੱਸਿਆ ਕਿ ਅਸੀਂ ਦੁਨੀਆਂ ਦੇ ਬੁਰੇ ਪ੍ਰਭਾਵਾਂ ਤੋਂ ਬਚਣ ਲਈ ਕੀ-ਕੀ ਕਰ ਸਕਦੇ ਹਾਂ ਤਾਂਕਿ ਅਸੀਂ ਚਿੰਤਾਵਾਂ ਕਰਕੇ ਜਾਂ ਧਨ ਦੇ ਧੋਖੇ ਵਿਚ ਆ ਕੇ ਪਰਮੇਸ਼ੁਰ ਦੀ ਸੇਵਾ ਵਿਚ ਨਿਸਫਲ ਨਾ ਹੋ ਜਾਈਏ।—ਮਰ. 4:19; ਮੱਤੀ 6:22.
3 ਦੂਸਰੀ ਭਾਸ਼ਣ-ਲੜੀ ਦਾ ਵਿਸ਼ਾ ਸੀ, “ਸਬਰ ਨਾਲ ਦੌੜੋ।” ਭਾਸ਼ਣਕਾਰ ਨੇ ਸਾਫ਼-ਸਾਫ਼ ਸਮਝਾਇਆ ਕਿ ਸਾਡੀ ਸਮਰਪਿਤ ਜ਼ਿੰਦਗੀ ਇਕ ਬਹੁਤ ਹੀ ਅਹਿਮ ਦੌੜ ਹੈ—ਅਨੰਤ ਜ਼ਿੰਦਗੀ ਲਈ ਦੌੜ। ਸਾਨੂੰ ਨਿਯਮਾਂ ਅਨੁਸਾਰ ਕਿਉਂ ਦੌੜਨਾ ਚਾਹੀਦਾ ਹੈ? (2 ਤਿਮੋ. 1:13; 2 ਕੁਰਿੰ. 13:5) ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਹਰ ਭਾਰ ਨੂੰ ਲਾਹ ਕੇ ਜ਼ਿੰਦਗੀ ਦੀ ਦੌੜ ਵਿਚ ਬਿਨਾਂ ਥੱਕੇ ਦੌੜਦੇ ਰਹੀਏ? (ਲੂਕਾ 12:16-21; 10:40-42; 2 ਕੁਰਿੰ. 6:14, 15) ਭਾਸ਼ਣਕਾਰ ਨੇ ਬਾਈਬਲ ਵਿੱਚੋਂ ਵਧੀਆ ਸਲਾਹਾਂ ਦਿੱਤੀਆਂ ਸਨ ਜਿਨ੍ਹਾਂ ਨੂੰ ਲਾਗੂ ਕਰ ਕੇ ਅਸੀਂ ਸਾਰੇ ਸਬਰ ਨਾਲ ਲਗਾਤਾਰ ਦੌੜ ਸਕਦੇ ਹਾਂ।—ਇਬ. 12:1.
4 ਸਾਡਾ ਧੀਰਜ ਧਰਨਾ ਪਰਮੇਸ਼ੁਰ ਨੂੰ ਮਨਜ਼ੂਰ ਹੈ: ਸਫ਼ਰੀ ਨਿਗਾਹਬਾਨਾਂ ਦੁਆਰਾ ਦਿੱਤੇ ਭਾਸ਼ਣਾਂ ਤੋਂ ਸਾਰਿਆਂ ਨੂੰ ਬਹੁਤ ਹੌਸਲਾ ਮਿਲਿਆ। ਜ਼ਿਲ੍ਹਾ ਨਿਗਾਹਬਾਨ ਨੇ “ਧੀਰਜ ਰੱਖਣ ਨਾਲ ਪਰਮੇਸ਼ੁਰ ਦੀ ਮਨਜ਼ੂਰੀ ਹਾਸਲ ਕਰੋ” ਵਿਸ਼ੇ ਤੇ ਗੱਲ ਕੀਤੀ। ਉਸ ਨੇ ਸਮਝਾਇਆ ਕਿ ਧੀਰਜ ਸਾਡੀ ਅਧਿਆਤਮਿਕ ਤੌਰ ਤੇ ‘ਸਿੱਧ ਅਤੇ ਸੰਪੂਰਨ ਹੋਣ’ ਵਿਚ ਮਦਦ ਕਰਦਾ ਹੈ। (ਯਾਕੂ. 1:4) ਧੀਰਜ ਦੀ ਸਭ ਤੋਂ ਬਿਹਤਰੀਨ ਮਿਸਾਲ ਯਹੋਵਾਹ ਪਰਮੇਸ਼ੁਰ ਹੈ ਜਿਸ ਨੇ ਆਪਣੇ ਰਾਜ ਦੇ ਖ਼ਿਲਾਫ਼ ਹੋਈ ਬਗਾਵਤ ਨੂੰ ਇੰਨੇ ਲੰਬੇ ਸਮੇਂ ਤਕ ਬਰਦਾਸ਼ਤ ਕੀਤਾ। ਪਬਲਿਕ ਭਾਸ਼ਣ ਵਿਚ ਇਨ੍ਹਾਂ ਸਵਾਲਾਂ ਦਾ ਜਵਾਬ ਦਿੱਤਾ ਗਿਆ ਸੀ: ਲੋਕਾਂ ਨੂੰ ਕਿਸ ਦੇ ਨਾਂ ਉੱਤੇ ਆਸ ਰੱਖਣੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਕਰਨ ਦਾ ਕੀ ਮਤਲਬ ਹੈ? “ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਕਮਾਓਗੇ” ਨਾਮਕ ਆਖ਼ਰੀ ਭਾਸ਼ਣ ਵਿਚ ਦੱਸਿਆ ਗਿਆ ਸੀ ਕਿ ਯਿਸੂ ਕਿਵੇਂ ਅਨਿਆਂ ਨੂੰ ਝੱਲਣ ਦੇ ਬਾਵਜੂਦ ਕੌੜੇ ਸੁਭਾਅ ਦਾ ਨਹੀਂ ਬਣਿਆ।—1 ਪਤ. 2:21-23.
5 ਯਹੋਵਾਹ ਨੇ ਸਾਡੇ ਲਈ ਅਧਿਆਤਮਿਕ ਭੋਜਨ ਦੀ ਇਹ ਦਾਅਵਤ ਤਿਆਰ ਕੀਤੀ ਹੈ। ਇਸ ਲਈ ਆਓ ਆਪਾਂ ਸਾਰੇ ਇਸ ਸੰਮੇਲਨ ਵਿਚ ਮਿਲੀਆਂ ਚੰਗੀਆਂ ਸਲਾਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੀਏ ਅਤੇ ਆਪਣਾ ਹੌਸਲਾ ਬੁਲੰਦ ਰੱਖੀਏ।