ਕੀ ਤੁਸੀਂ ਰਸਾਲੇ ਵੰਡਣ ਦੇ ਕੰਮ ਵਿਚ ਹਿੱਸਾ ਲੈਂਦੇ ਹੋ?
1 ਭਾਰਤ ਵਿਚ 18 ਕਰੋੜ ਤੋਂ ਜ਼ਿਆਦਾ ਲੋਕ ਬਾਕਾਇਦਾ ਰਸਾਲੇ ਤੇ ਅਖ਼ਬਾਰਾਂ ਖ਼ਰੀਦਦੇ ਹਨ। ਅੱਗੋਂ ਹੋਰ ਕਰੋੜਾਂ ਲੋਕ ਇਨ੍ਹਾਂ ਨੂੰ ਪੜ੍ਹਦੇ ਹਨ। ਜੇ ਇਹੋ ਲੋਕ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਵੀ ਪੜ੍ਹਨ, ਤਾਂ ਉਨ੍ਹਾਂ ਨੂੰ ਕਿੰਨਾ ਲਾਭ ਹੋਵੇਗਾ! ਉਨ੍ਹਾਂ ਤਕ ਇਹ ਰਸਾਲੇ ਪਹੁੰਚਾਉਣ ਲਈ ਅਸੀਂ ਰਸਾਲੇ ਵੰਡਣ ਦੇ ਕੰਮ ਵਿਚ ਜੋਸ਼ ਨਾਲ ਹਿੱਸਾ ਲੈ ਸਕਦੇ ਹਾਂ।
2 ਸਾਲ 2004 ਦੇ ਸਾਡੇ ਕਲੰਡਰ ਉੱਤੇ ਹਰ ਸ਼ਨੀਵਾਰ ਰਸਾਲੇ ਵੰਡਣ ਲਈ ਰੱਖਿਆ ਗਿਆ ਹੈ। ਇਸ ਅਨੁਸਾਰ ਕਈ ਕਲੀਸਿਯਾਵਾਂ ਸ਼ਨੀਵਾਰ ਲੋਕਾਂ ਨੂੰ ਸਿਰਫ਼ ਰਸਾਲੇ ਵੰਡਦੀਆਂ ਹਨ। ਰਸਾਲੇ ਵੰਡਣ ਵਾਲੇ ਦਿਨ ਅਸੀਂ ਸਾਡੀ ਰਾਜ ਸੇਵਕਾਈ ਵਿਚ ਦਿੱਤੀ ਕੋਈ ਛੋਟੀ ਜਿਹੀ ਪੇਸ਼ਕਾਰੀ ਦੇ ਕੇ ਰਸਾਲੇ ਪੇਸ਼ ਕਰਦੇ ਹਾਂ। ਇਸ ਤਰ੍ਹਾਂ ਅਸੀਂ ਘੱਟ ਸਮੇਂ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਲ ਪਾਉਂਦੇ ਹਾਂ। ਹੋਰ ਦਿਨਾਂ ਤੇ ਅਸੀਂ ਦੁਨੀਆਂ ਦੇ ਵਿਗੜਦੇ ਹਾਲਾਤਾਂ ਬਾਰੇ ਲੋਕਾਂ ਨਾਲ ਜ਼ਿਆਦਾ ਗੱਲਬਾਤ ਕਰਦੇ ਹਾਂ, ਉਨ੍ਹਾਂ ਨੂੰ ਕੋਈ ਕਿਤਾਬ ਦਿੰਦੇ ਹਾਂ ਜਾਂ ਮੰਗ ਬਰੋਸ਼ਰ ਵਿੱਚੋਂ ਬਾਈਬਲ ਸਟੱਡੀ ਕਰਾਉਣ ਦੀ ਪੇਸ਼ਕਸ਼ ਕਰਦੇ ਹਾਂ।
3 ਕਲੀਸਿਯਾ ਦੀਆਂ ਰਸਾਲੇ ਵੰਡਣ ਸੰਬੰਧੀ ਯੋਜਨਾਵਾਂ ਨੂੰ ਸਫ਼ਲ ਬਣਾਉਣ ਲਈ ਤੁਸੀਂ ਕੀ ਕਰ ਸਕਦੇ ਹੋ?
◼ ਰਸਾਲੇ ਪੜ੍ਹੋ: ਇਕ ਸਫ਼ਰੀ ਨਿਗਾਹਬਾਨ ਨੇ ਆਪਣੀ ਰਿਪੋਰਟ ਵਿਚ ਲਿਖਿਆ ਕਿ ਉਸ ਦੇ ਸਰਕਟ ਵਿਚ ਔਸਤਨ 20 ਪ੍ਰਕਾਸ਼ਕਾਂ ਵਿੱਚੋਂ ਸਿਰਫ਼ 1 ਜਣਾ ਪਹਿਰਾਬੁਰਜ ਤੇ ਜਾਗਰੂਕ ਬਣੋ! ਦੇ ਹਰ ਅੰਕ ਨੂੰ ਸ਼ੁਰੂ ਤੋਂ ਅੰਤ ਤਕ ਪੜ੍ਹਦਾ ਹੈ। ਕੀ ਤੁਸੀਂ ਸਾਰੇ ਅੰਕ ਪੜ੍ਹਦੇ ਹੋ? ਹਰ ਲੇਖ ਪੜ੍ਹਦੇ ਵੇਲੇ ਆਪਣੇ ਆਪ ਨੂੰ ਪੁੱਛੋ, ‘ਇਹ ਜਾਣਕਾਰੀ ਕਿਨ੍ਹਾਂ ਲਈ ਲਾਹੇਵੰਦ ਹੋਵੇਗੀ—ਮਾਵਾਂ ਲਈ, ਹਿੰਦੂ ਵਪਾਰੀਆਂ ਲਈ ਜਾਂ ਮੁਸਲਿਮ ਨੌਜਵਾਨਾਂ ਲਈ?’ ਰਸਾਲੇ ਦੀ ਆਪਣੀ ਕਾਪੀ ਵਿਚ ਇਕ-ਦੋ ਗੱਲਾਂ ਥੱਲੇ ਲਾਈਨਾਂ ਲਗਾਓ ਜੋ ਤੁਸੀਂ ਘਰ-ਸੁਆਮੀ ਨੂੰ ਰਸਾਲਾ ਪੇਸ਼ ਕਰਨ ਵੇਲੇ ਦਿਖਾਉਣੀਆਂ ਚਾਹੋਗੇ। ਫਿਰ ਸੋਚੋ ਕਿ ਤੁਸੀਂ ਇਕ-ਦੋ ਵਾਕਾਂ ਨਾਲ ਘਰ-ਸੁਆਮੀ ਦੀ ਇਸ ਵਿਸ਼ੇ ਵਿਚ ਦਿਲਚਸਪੀ ਕਿਵੇਂ ਜਗਾਓਗੇ।
◼ ਢੁਕਵੀਂ ਗਿਣਤੀ ਵਿਚ ਰਸਾਲੇ ਮੰਗਵਾਓ: ਰਸਾਲੇ ਸੰਭਾਲਣ ਵਾਲੇ ਭਰਾ ਨੂੰ ਆਪਣਾ ਪੱਕਾ ਆਰਡਰ ਦਿਓ ਕਿ ਤੁਹਾਨੂੰ ਹਰ ਅੰਕ ਦੀਆਂ ਕਿੰਨੀਆਂ ਕਾਪੀਆਂ ਚਾਹੀਦੀਆਂ ਹਨ। ਉੱਨੇ ਹੀ ਰਸਾਲੇ ਮੰਗਵਾਓ ਜਿੰਨੇ ਤੁਸੀਂ ਵੰਡ ਸਕੋਗੇ। ਇਸ ਤਰ੍ਹਾਂ ਹਰ ਮਹੀਨੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਰਸਾਲਿਆਂ ਦੀ ਕਮੀ ਨਹੀਂ ਹੋਵੇਗੀ।
◼ ਰਸਾਲੇ ਵੰਡਣ ਲਈ ਕੋਈ ਪੱਕਾ ਦਿਨ ਨਿਰਧਾਰਿਤ ਕਰੋ: ਇਕ ਜਾਂ ਇਕ ਤੋਂ ਜ਼ਿਆਦਾ ਦਿਨ ਚੁਣੋ ਤਾਂਕਿ ਤੁਸੀਂ ਕਲੀਸਿਯਾ ਨਾਲ ਬਾਕਾਇਦਾ ਮਿਲ ਕੇ ਰਸਾਲੇ ਵੰਡ ਸਕੋ। ਜੇ ਇੱਦਾਂ ਕਰਨਾ ਸੰਭਵ ਨਹੀਂ ਹੈ, ਤਾਂ ਸੇਵਕਾਈ ਲਈ ਰੱਖੇ ਗਏ ਸਮੇਂ ਵਿੱਚੋਂ ਕੁਝ ਸਮਾਂ ਤੁਸੀਂ ਰਸਾਲੇ ਵੰਡਣ ਲਈ ਇਸਤੇਮਾਲ ਕਰ ਸਕਦੇ ਹੋ। ਤੁਸੀਂ ਸੜਕਾਂ ਤੇ ਗਵਾਹੀ ਦਿੰਦੇ ਸਮੇਂ, ਘਰ-ਘਰ ਪ੍ਰਚਾਰ ਕਰਦੇ ਹੋਏ ਜਾਂ ਮੈਗਜ਼ੀਨ ਰੂਟ ਤੇ ਰਸਾਲੇ ਵੰਡਣ ਦੀ ਕੋਸ਼ਿਸ਼ ਕਰੋ।
◼ ਰਸਾਲੇ ਪੇਸ਼ ਕਰਨ ਲਈ ਛੋਟੀ ਜਿਹੀ ਪੇਸ਼ਕਾਰੀ ਤਿਆਰ ਕਰੋ: ਹਰ ਮਹੀਨੇ “ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ” ਨਾਮਕ ਡੱਬੀ ਵਿਚ ਪੇਸ਼ਕਾਰੀਆਂ ਛਪਦੀਆਂ ਹਨ। ਤੁਹਾਡੇ ਕੋਲ ਪੁਰਾਣੇ ਰਸਾਲੇ ਜਾਂ ਹੋਰ ਭਾਸ਼ਾਵਾਂ ਵਿਚ ਵੱਖਰੇ ਵਿਸ਼ਿਆਂ ਵਾਲੇ ਅੰਕ ਹੋ ਸਕਦੇ ਹਨ, ਪਰ ਫਿਰ ਵੀ ਨਵੇਂ ਰਸਾਲੇ ਵੰਡਣ ਦੀ ਯੋਜਨਾ ਬਣਾਓ ਅਤੇ ਸੁਝਾਈਆਂ ਗਈਆਂ ਪੇਸ਼ਕਾਰੀਆਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ।
◼ “ਪਹਿਰਾਬੁਰਜ” ਅਤੇ “ਜਾਗਰੂਕ ਬਣੋ!” ਰਸਾਲੇ ਦੇਣ ਲਈ ਹਮੇਸ਼ਾ ਤਿਆਰ ਰਹੋ: ਸਫ਼ਰ ਤੇ ਜਾਂ ਸ਼ਾਪਿੰਗ ਕਰਨ ਜਾਣ ਸਮੇਂ ਰਸਾਲੇ ਨਾਲ ਲੈ ਕੇ ਜਾਓ। ਸਹਿਕਰਮੀਆਂ, ਗੁਆਂਢੀਆਂ, ਸਹਿਪਾਠੀਆਂ ਜਾਂ ਅਧਿਆਪਕਾਂ ਨਾਲ ਗੱਲ ਕਰਨ ਵੇਲੇ ਉਨ੍ਹਾਂ ਨੂੰ ਰਸਾਲੇ ਪੇਸ਼ ਕਰੋ।
4 ਕਲੀਸਿਯਾ ਦੇ ਬਜ਼ੁਰਗ ਕਿਵੇਂ ਮਦਦ ਕਰ ਸਕਦੇ ਹਨ?
◼ ਰਸਾਲੇ ਵੰਡਣ ਲਈ ਖ਼ਾਸ ਸਮਾਂ ਰੱਖੋ: ਕਲੀਸਿਯਾ ਦੇ ਵੱਖ-ਵੱਖ ਇਲਾਕਿਆਂ ਵਿਚ ਰਸਾਲੇ ਵੰਡਣ ਦੀ ਯੋਜਨਾ ਬਣਾਉਣ ਨਾਲ ਸਾਰਿਆਂ ਨੂੰ ਇਸ ਕੰਮ ਵਿਚ ਹਿੱਸਾ ਲੈਣ ਦੀ ਪ੍ਰੇਰਣਾ ਮਿਲੇਗੀ।
◼ ਪ੍ਰਕਾਸ਼ਕਾਂ ਨੂੰ ਮਿਲੋ ਤੇ ਉਨ੍ਹਾਂ ਦੀ ਮਦਦ ਕਰੋ: ਜਦੋਂ ਬੁੱਕ ਸਟੱਡੀ ਨਿਗਾਹਬਾਨ ਪ੍ਰਕਾਸ਼ਕਾਂ ਨੂੰ ਮਿਲਣ ਜਾਂਦਾ ਹੈ, ਤਾਂ ਉਹ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਖੀਆਂ ਪੇਸ਼ਕਾਰੀਆਂ ਤਿਆਰ ਕਰਨੀਆਂ ਸਿਖਾ ਸਕਦਾ ਹੈ। ਉਹ ਮਿਲ ਕੇ ਰੀਹਰਸਲ ਵੀ ਕਰ ਸਕਦੇ ਹਨ। ਬਹੁਤ ਸਾਰੇ ਪ੍ਰਕਾਸ਼ਕਾਂ ਨੇ ਪਹਿਲੀ ਵਾਰ ਘਰ-ਘਰ ਪ੍ਰਚਾਰ ਕਰਦੇ ਸਮੇਂ ਛੋਟੀ ਜਿਹੀ ਪੇਸ਼ਕਾਰੀ ਯਾਦ ਕਰ ਕੇ ਰਸਾਲੇ ਪੇਸ਼ ਕੀਤੇ ਸਨ।
◼ ਖੇਤਰ ਸੇਵਾ ਲਈ ਰੱਖੀਆਂ ਸਭਾਵਾਂ: ਰਸਾਲੇ ਵੰਡਣ ਦੇ ਦਿਨ ਤੇ ਖੇਤਰ ਸੇਵਕਾਈ ਸ਼ੁਰੂ ਕਰਨ ਤੋਂ ਪਹਿਲਾਂ 10-15 ਮਿੰਟਾਂ ਲਈ ਭੈਣ-ਭਰਾਵਾਂ ਨਾਲ ਨਵੀਆਂ ਪੇਸ਼ਕਾਰੀਆਂ ਬਾਰੇ ਚਰਚਾ ਕਰੋ।
◼ ਖੇਤਰ ਸੇਵਾ ਵਿਚ ਪ੍ਰਕਾਸ਼ਕਾਂ ਨਾਲ ਕੰਮ ਕਰੋ: ਇਸ ਤਰ੍ਹਾਂ ਪ੍ਰਕਾਸ਼ਕ ਤੁਹਾਡੀ ਮਿਸਾਲ ਤੋਂ ਸਿੱਖ ਸਕਣਗੇ ਕਿ ਵਧੀਆ ਢੰਗ ਨਾਲ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ। ਤੁਸੀਂ ਨਵੇਂ ਪ੍ਰਕਾਸ਼ਕਾਂ ਨੂੰ ਚੰਗੀ ਸਿਖਲਾਈ ਵੀ ਦੇ ਸਕੋਗੇ।
5 ਅੱਜ ਕਰੋੜਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਨ ਦਾ ਅਜੇ ਮੌਕਾ ਨਹੀਂ ਮਿਲਿਆ ਹੈ। ਹੋ ਸਕਦਾ ਹੈ ਕਿ ਕਿਸੇ ਰਸਾਲੇ ਵਿਚ ਛਪੀ ਜਾਣਕਾਰੀ ਉਨ੍ਹਾਂ ਨੂੰ ਸੱਚਾਈ ਵੱਲ ਖਿੱਚ ਲਿਆਵੇ! ਯਹੋਵਾਹ ਨੇ ਸਾਨੂੰ ਖ਼ੁਸ਼ੀ ਦੀ ਖ਼ਬਰ ਦਿੱਤੀ ਹੈ ਜੋ ਅਸੀਂ ਦੂਸਰਿਆਂ ਨੂੰ ਵੀ ਸੁਣਾਉਣੀ ਹੈ। ਇਸ ਖ਼ੁਸ਼ ਖ਼ਬਰੀ ਨੂੰ ਫੈਲਾਉਣ ਵਿਚ ਸਾਡੇ ਰਸਾਲੇ ਅਹਿਮ ਭੂਮਿਕਾ ਨਿਭਾਉਂਦੇ ਹਨ। ਕੀ ਤੁਸੀਂ ਅੱਗੋਂ ਹਰ ਵੇਲੇ ਰਸਾਲੇ ਵੰਡਣ ਲਈ ਤਿਆਰ-ਬਰ-ਤਿਆਰ ਹੋਵੋਗੇ? ਕੀ ਤੁਸੀਂ ਇਸ ਲੇਖ ਵਿਚ ਦਿੱਤੇ ਕੁਝ ਸੁਝਾਵਾਂ ਨੂੰ ਇਸ ਸ਼ਨੀਵਾਰ ਤੇ ਐਤਵਾਰ ਅਜ਼ਮਾ ਕੇ ਦੇਖੋਗੇ? ਜੇ ਤੁਸੀਂ ਇੱਦਾਂ ਕਰੋਗੇ, ਤਾਂ ਤੁਹਾਨੂੰ ਜ਼ਰੂਰ ਬਰਕਤਾਂ ਮਿਲਣਗੀਆਂ।