ਪਰਿਵਾਰਕ ਖ਼ੁਸ਼ੀ ਅਤੇ ਯਹੋਵਾਹ ਦੇ ਨੇੜੇ ਰਹੋ ਕਿਤਾਬਾਂ ਦਾ ਅਧਿਐਨ
1 ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ 8 ਜਨਵਰੀ 2007 ਦੇ ਹਫ਼ਤੇ ਤੋਂ ਅਸੀਂ ਬੁੱਕ ਸਟੱਡੀ ਵਿਚ ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਦਾ ਅਧਿਐਨ ਕਰਾਂਗੇ। ਅਸੀਂ ਹਰ ਹਫ਼ਤੇ ਬੁੱਕ ਸਟੱਡੀ ਵਿਚ ਹਾਜ਼ਰ ਰਹਿਣਾ ਚਾਹਾਂਗੇ ਕਿਉਂਕਿ ਇਸ ਸਭਾ ਵਿਚ ਸਾਨੂੰ ਆਪਣੀ ਪਰਿਵਾਰਕ ਜ਼ਿੰਦਗੀ ਨੂੰ ਸੁਖਦ ਬਣਾਉਣ ਬਾਰੇ ਬਹੁਤ ਸਾਰੇ ਵਧੀਆ ਸੁਝਾਅ ਦਿੱਤੇ ਜਾਣਗੇ। ਅਨੁਸੂਚੀ ਮੁਤਾਬਕ ਹਰ ਹਫ਼ਤੇ ਥੋੜ੍ਹੇ ਜਿਹੇ ਪੈਰਿਆਂ ਤੇ ਵਿਚਾਰ ਕੀਤਾ ਜਾਵੇਗਾ ਤਾਂਕਿ ਅਧਿਐਨ ਦੌਰਾਨ ਹਰ ਪੈਰੇ ਅਤੇ ਬਾਈਬਲ ਦੇ ਹਰ ਹਵਾਲੇ ਉੱਤੇ ਮੁਕੰਮਲ ਤੌਰ ਤੇ ਚਰਚਾ ਕੀਤੀ ਜਾ ਸਕੇ।
2 ਪੁਸਤਕ ਅਧਿਐਨ ਨਿਗਾਹਬਾਨ ਹਰ ਅਧਿਆਇ ਦੇ ਅਖ਼ੀਰ ਵਿਚ ਦਿੱਤੀ ਸਿੱਖਿਆਦਾਇਕ ਡੱਬੀ ਉੱਤੇ ਖ਼ਾਸ ਧਿਆਨ ਦੇਵੇਗਾ। ਇਸ ਲਈ ਉਹ ਡੱਬੀ ਵਿਚ ਦਿੱਤੇ ਸਵਾਲਾਂ ਅਤੇ ਬਾਈਬਲ ਦੀਆਂ ਆਇਤਾਂ ਉੱਤੇ ਚਰਚਾ ਕਰਨ ਲਈ ਕਾਫ਼ੀ ਸਮਾਂ ਵੱਖ ਰੱਖੇਗਾ।
3 ਪੁਸਤਕ ਅਧਿਐਨ ਨਿਗਾਹਬਾਨਾਂ ਲਈ ਜ਼ਰੂਰੀ ਹੈ ਕਿ ਉਹ ਅਧਿਐਨ ਦੀ ਚੰਗੀ ਤਰ੍ਹਾਂ ਤਿਆਰੀ ਕਰਨ ਅਤੇ ਨਵੇਂ-ਪੁਰਾਣੇ ਸਾਰੇ ਭੈਣ-ਭਰਾਵਾਂ ਨੂੰ ਵੀ ਅਧਿਐਨ ਦੀ ਤਿਆਰੀ ਕਰਨ, ਸਭਾ ਵਿਚ ਆਉਣ ਅਤੇ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ।
4 ਜੂਨ ਮਹੀਨੇ ਤੋਂ ਅਸੀਂ ਬੁੱਕ ਸਟੱਡੀ ਵਿਚ ਯਹੋਵਾਹ ਦੇ ਨੇੜੇ ਰਹੋ ਕਿਤਾਬ ਸ਼ੁਰੂ ਕਰਾਂਗੇ। ਇਸ ਕਿਤਾਬ ਦੇ ਅਧਿਐਨ ਤੋਂ ਅਸੀਂ ਕਿਵੇਂ ਪੂਰਾ ਲਾਭ ਲੈ ਸਕਦੇ ਹਾਂ? ਇਸ ਦੇ ਲਈ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ। ਆਮ ਤੌਰ ਤੇ ਦੋ ਹਫ਼ਤਿਆਂ ਵਿਚ ਇਕ ਅਧਿਆਇ ਪੂਰਾ ਕੀਤਾ ਜਾਵੇਗਾ। ਹਰ ਹਫ਼ਤੇ ਲਈ ਥੋੜ੍ਹੇ-ਥੋੜ੍ਹੇ ਪੈਰੇ ਦਿੱਤੇ ਗਏ ਹਨ ਤਾਂਕਿ ਸਾਰੇ ਚੰਗੀ ਤਰ੍ਹਾਂ ਤਿਆਰੀ ਕਰ ਕੇ ਅਤੇ ਸੋਚ-ਵਿਚਾਰ ਕਰ ਕੇ ਦਿਲੋਂ ਟਿੱਪਣੀਆਂ ਦੇ ਸਕਣ। ਉਨ੍ਹਾਂ ਹਫ਼ਤਿਆਂ ਲਈ ਹੋਰ ਵੀ ਘੱਟ ਪੈਰੇ ਦਿੱਤੇ ਗਏ ਹਨ ਜਿਨ੍ਹਾਂ ਦੌਰਾਨ “ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ” ਡੱਬੀ ਤੇ ਚਰਚਾ ਕੀਤੀ ਜਾਵੇਗੀ।
5 ਅਧਿਆਇ 1 ਤੋਂ ਛੁੱਟ ਬਾਕੀ ਸਾਰੇ ਅਧਿਆਵਾਂ ਦੇ ਅਖ਼ੀਰ ਵਿਚ ਇਹ ਡੱਬੀ ਦਿੱਤੀ ਗਈ ਹੈ। ਅਧਿਆਇ ਦੇ ਆਖ਼ਰੀ ਪੈਰੇ ਤੇ ਵਿਚਾਰ ਕਰਨ ਤੋਂ ਬਾਅਦ ਪੁਸਤਕ ਅਧਿਐਨ ਨਿਗਾਹਬਾਨ ਗਰੁੱਪ ਨਾਲ ਡੱਬੀ ਉੱਤੇ ਚਰਚਾ ਕਰੇਗਾ। ਉਹ ਸਾਰਿਆਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਦੀ ਪ੍ਰੇਰਣਾ ਦੇਵੇਗਾ ਤਾਂਕਿ ਉਨ੍ਹਾਂ ਦੀਆਂ ਟਿੱਪਣੀਆਂ ਤੋਂ ਸਾਰਿਆਂ ਨੂੰ ਲਾਭ ਹੋਵੇ। (ਕਹਾ. 20:5) ਡੱਬੀ ਵਿਚ ਦਿੱਤੇ ਸਵਾਲ ਪੁੱਛਣ ਤੋਂ ਇਲਾਵਾ ਨਿਗਾਹਬਾਨ ਸ਼ਾਇਦ ਇਹੋ ਜਿਹੇ ਸਵਾਲ ਵੀ ਪੁੱਛ ਸਕਦਾ ਹੈ ਜਿਵੇਂ “ਇਸ ਗੱਲ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਦੇ ਹੋ? ਇਹ ਗੱਲ ਤੁਹਾਡੀ ਜ਼ਿੰਦਗੀ ਵਿਚ ਕਿਵੇਂ ਲਾਗੂ ਹੁੰਦੀ ਹੈ? ਦੂਸਰਿਆਂ ਦੀ ਮਦਦ ਕਰਨ ਲਈ ਤੁਸੀਂ ਇਸ ਜਾਣਕਾਰੀ ਨੂੰ ਕਿਵੇਂ ਵਰਤੋਗੇ?” ਨਿਗਾਹਬਾਨ ਦਾ ਟੀਚਾ ਹਰ ਛੋਟੀ-ਮੋਟੀ ਗੱਲ ਨੂੰ ਉਜਾਗਰ ਕਰਨਾ ਨਹੀਂ ਹੈ, ਸਗੋਂ ਉਹ ਭੈਣਾਂ-ਭਰਾਵਾਂ ਨੂੰ ਦਿਲੋਂ ਟਿੱਪਣੀ ਕਰਨ ਦੀ ਪ੍ਰੇਰਣਾ ਦੇਵੇਗਾ।
6 ਯਹੋਵਾਹ ਦੇ ਨੇੜੇ ਰਹੋ ਇਕ ਬੇਮਿਸਾਲ ਕਿਤਾਬ ਹੈ। ਹਾਲਾਂਕਿ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਛਾਪੀਆਂ ਸਾਰੀਆਂ ਕਿਤਾਬਾਂ ਯਹੋਵਾਹ ਦੀ ਮਹਿਮਾ ਕਰਦੀਆਂ ਹਨ, ਪਰ ਇਹ ਕਿਤਾਬ ਖ਼ਾਸ ਤੌਰ ਤੇ ਯਹੋਵਾਹ ਦੇ ਗੁਣਾਂ ਨੂੰ ਉਜਾਗਰ ਕਰਨ ਲਈ ਤਿਆਰ ਕੀਤੀ ਗਈ ਹੈ। (ਮੱਤੀ 24:45-47) ਸਾਡੇ ਲਈ ਇਹ ਕਿੰਨਾ ਵਧੀਆ ਮੌਕਾ ਹੈ ਕਿ ਅਸੀਂ ਯਹੋਵਾਹ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ਉੱਤੇ ਖੁੱਲ੍ਹ ਕੇ ਚਰਚਾ ਕਰੀਏ। ਇਸ ਤਰ੍ਹਾਂ ਕਰ ਕੇ ਨਾ ਕੇਵਲ ਅਸੀਂ ਆਪਣੇ ਪਿਤਾ ਯਹੋਵਾਹ ਦੇ ਹੋਰ ਨੇੜੇ ਹੋਵਾਂਗੇ, ਸਗੋਂ ਅਸੀਂ ਦੂਸਰਿਆਂ ਦੀ ਵੀ ਯਹੋਵਾਹ ਦੇ ਨੇੜੇ ਜਾਣ ਵਿਚ ਮਦਦ ਕਰ ਸਕਾਂਗੇ।